ਬਾਲ ਦਿਵਸ ‘ਤੇ ਨੰਨੇ ਬੱਚਿਆਂ ਦੇ ਮੂੰਹੋਂ ਨਿਕਲੇ ਕੈਪਟਨ ਸਰਕਾਰ ਮੁਰਦਾਬਾਦ ਦੇ ਨਾਅਰੇ
ਤੋਤਲੀ ਅਵਾਜ਼ ‘ਚ ਗੂੰਜੇ ਬੱਚਿਆਂ ਦੇ ਨਾਅਰਿਆਂ ਨੇ ਮੋਤੀਆਂ ਵਾਲੀ ਸਰਕਾਰ ਨੂੰ ਹਲੂਨਣ ਦਾ ਕੀਤਾ ਯਤਨ
ਬਾਲ ਦਿਵਸ ਸਾਡੇ ਬੱਚਿਆਂ ਲਈ ਬਣਿਆ ਉਜਾੜ ਦਿਵਸ : ਅਧਿਆਪਕ
ਖੁਸ਼ਵੀਰ ਸਿੰਘ ਤੂਰ, ਪਟਿਆਲਾ
”ਸਾਡੇ ਮੰਮੀ-ਪਾਪਾ ਨੂੰ ਪੱਕੇ ਕਰੋ, ਕੈਪਟਨ-ਕੁਪਟਨ ਚੱਕ ਦਿਆਂਗੇ, ਪੰਜਾਬ ਸਰਕਾਰ ਮੁਰਦਾਬਾਦ।” ਇਹ ਨਾਅਰੇ ਅੱਜ ਬਾਲ ਦਿਵਸ ਮੌਕੇ ਅਧਿਆਪਕਾਂ ਦੇ ਨੰਨ੍ਹੇ ਬੱਚਿਆਂ ਦੇ ਮੂੰਹੋਂ ਮੁੱਖ ਮੰਤਰੀ ਦੇ ਸ਼ਹਿਰ ਦੀਆਂ ਸੜਕਾਂ ਤੇ ਆਪ-ਮੁਹਾਰੇ ਗੂੰਜ ਰਹੇ ਸਨ। ਚਾਰ ਸਾਲਾਂ ਦਾ ਗੁਰਬੀਰ ਤੁਤਲੀ ਅਵਾਜ਼ ਵਿੱਚ ਕਾਂਗਰਸ ਸਰਕਾਰ ਖਿਲਾਫ਼ ਅਜਿਹੇ ਨਾਅਰੇ ਲਾ ਰਿਹਾ ਸੀ, ਜਿਸ ਨੂੰ ਇਨ੍ਹਾਂ ਨਾਅਰਿਆਂ ਦਾ ਸ਼ਾਇਦ ਅਰਥ ਵੀ ਪਤਾ ਨਾ ਹੋਵੇ। ਗੁਰਬੀਰ ਦੇ ਸਰਕਾਰ ਖਿਲਾਫ਼ ਜੋਸ਼ੀਲੇ ਨਾਅਰਿਆਂ ਨੂੰ ਦੇਖ ਕੇ ਪੁਲਿਸ ਮੁਲਾਜ਼ਮ ਵੀ ਖੜ੍ਹ-ਖੜ੍ਹ ਤੱਕ ਰਹੇ ਸਨ। ਉਹ ਆਪਣੇ ਪਿਤਾ ਅਧਿਆਪਕ ਦੇ ਸੰਘਰਸ਼ ‘ਚ ਮੋਤੀਆਂ ਵਾਲੀ ਸਰਕਾਰ ਨੂੰ ਜਗਾਉਣ ਲਈ ਕਾਲੇ ਝੰਡੇ ਲੈ ਕੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼ ਰੋਸ ਪ੍ਰਗਟ ਕਰ ਰਿਹਾ ਸੀ। ਇਸੇ ਤਰ੍ਹਾਂ ਹੀ ਚੌਥੀ ਜਮਾਤ ‘ਚ ਪੜ੍ਹਦਾ ਅਕਸ਼ਿਤ ਵੀ ਰਾਜੇ ਦੇ ਸ਼ਹਿਰ ਅੰਦਰ ਆਪਣੇ ਮਾਤਾ-ਪਿਤਾ ਦੇ ਹੱਕ ਲਈ ਉੱਚੀ ਅਵਾਜ ਵਿੱਚ ਨਾਅਰੇ ਮਾਰਦਾ ਹੋਇਆ ਲੰਘਣ ਵਾਲੇ ਰਾਹਗੀਰਾਂ ਨੂੰ ਸਰਕਾਰ ਦੀ ਧੱਕੇਸ਼ਾਹੀ ਵਿਅਕਤ ਕਰ ਰਿਹਾ ਸੀ।
ਅੰਕਸ਼ਿਤ ਕਹਿ ਰਿਹਾ ਸੀ ਕਿ ਮੇਰੇ ਮੰਮੀ-ਪਾਪਾ ਨੂੰ ਪੱਕੇ ਕਰੋ-ਪੱਕੇ ਕਰੋ। ਇਸ ਮੌਕੇ ਅਕਸਿਤ ਦਾ ਕਹਿਣਾ ਸੀ ਕਿ ਉਸਦੇ ਮੰਮੀ ਮਾਪਾ ਪਿਛਲੇ ਲਗਭਗ ਢੇਡ ਮਹੀਨੇ ਤੋਂ ਇਸ ਸੰਘਰਸ਼ ਵਿੱਚ ਡਟੇ ਹੋਏ ਹਨ, ਉਹ ਅੱਜ ਬਾਲ ਦਿਵਸ ਮੌਕੇ ਆਪਣੇ ਮੰੰਮੀ ਪਾਪਾ ਦੇ ਹੱਕ ਵਿੱਚ ਸਰਕਾਰ ਨੂੰ ਹਿਲੂਣਾ ਦੇਣ ਲਈ ਪੁੱਜਿਆ ਹੈ, ਕਿਉਂਕਿ ਉਸ ਦਾ ਬਾਲ ਦਿਵਸ ਤਾ ਫੇਰ ਚੰਗਾ ਹੋਵੇਗਾ ਜਦੋਂ ਉਸ ਦੇ ਮਾਪੇ ਉਸ ਦੇ ਚਾਅ ਪੂਰੇ ਕਰ ਸਕਣਗੇ।
ਤਿੰਨ ਸਾਲਾ ਦੀ ਧੀ ਅਨਹਦ ਰਾਣੂ ਵੀ ਆਪਣੇ ਮਾਤਾ-ਪਿਤਾ ਦੀ ਤਨਖਾਹ ਕਟੌਤੀ ਨੂੰ ਲੈ ਕੇ ਇਸ ਰੋਸ ਮਾਰਚ ਵਿੱਚ ਸਕੂਲੋਂ ਆ ਕੇ ਕਾਲੇ ਝੰਡੇ ਚੁੱਕੀ ਸੜਕਾਂ ‘ਤੇ ਮੁਰਦਾਬਾਦ ਕਰ ਰਹੀ ਸੀ। ਬੱਚਿਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਵਾਲੇ ਅਧਿਆਪਕਾਂ ਦੇ ਬੱਚੇ ਹੀ ਜਦੋਂ ਸੰਘਰਸਾਂ ‘ਚ ਜੁੱਟ ਪੈਣ ਤਾ ਇਸਤੋਂ ਵੱਡੀ ਤਰਾਸਦੀ ਕੀ ਹੋਵੇਗੀ। ਅੱਜ ਸਾਂਝਾ ਅਧਿਆਪਕ ਮੋਰਚਾ ਵੱਲੋਂ ਸ਼ਾਮ ਨੂੰ ਰੋਸ ਮਾਰਚ ਕੱਢਿਆ ਗਿਆ, ਜਿੱਥੇ ਇਨ੍ਹਾਂ ਅਧਿਆਪਕਾਂ ਦੇ ਬੱਚੇ ਬਾਲ ਦਿਵਸ ਮੌਕੇ ਅੱਗੇ ਹੋਕੇ ਆਪਣੇ ਮਾਤਾ-ਪਿਤਾ ਲਈ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।