ਅੱਧੇ ਕਰੋੜ ਦੇ ਘੋਟਾਲੇ ’ਚ ਵਿਜੀਲੈਸ ਬਿਊਰੋ ਵੱਲੋਂ ਵਣ ਰੇਂਜ ਅਫਸਰ ਬੁਢਲਾਡਾ ਗ੍ਰਿਫ਼ਤਾਰ

Vigilance Bureau

ਰੁੱਖ ਗਾਰਡ ਬਣਾਉਣ ਦੇ ਕੰਮ ’ਚ ਕੀਤਾ ਘਪਲਾ (Vigilance Bureau)

(ਸੁਖਜੀਤ ਮਾਨ) ਮਾਨਸਾ। ਪੰਜਾਬ ਵਿਜੀਲੈਸ ਬਿਊਰੋ (Vigilance Bureau) ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਵਣ ਰੇਂਜ ਅਫਸਰ ਬੁਢਲਾਡਾ ਸੁਖਵਿੰਦਰ ਸਿੰਘ ਨੂੰ ਉਸ ਸਮੇਂ ਦੇ ਵਣ ਮੰਡਲ ਅਫਸਰ ਮਾਨਸਾ ਅਮਿਤ ਚੌਹਾਨ ਅਤੇ ਹੋਰਨਾਂ ਨਾਲ ਮਿਲੀਭੁਗਤ ਰਾਹੀਂ ਫਰਜੀ ਫਰਮਾਂ ਦੇ ਜਾਅਲੀ ਬਿੱਲ ਤਿਆਰ ਕਰਕੇ ਸਰਕਾਰੀ ਰਕਮ ਨੂੰ ਹੋਰ ਵੱਖਰੇ ਬੈਂਕ ਖਾਤੇ ਵਿੱਚ ਤਬਦੀਲ ਕਰਨ ਪਿੱਛੋਂ ਲੱਖਾਂ ਰੁਪਏ ਦਾ ਘਪਲਾ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ, ਵਿਜੀਲੈਂਸ ਵੱਲੋਂ ਇਸ ਮਾਮਲੇ ’ਚ ਹੋਰ ਵੀ ਪਰਤਾ ਫਰੋਲੀਆਂ ਜਾਣਗੀਆਂ ਤਾਂ ਜੋ ਘਪਲੇ ਨਾਲ ਜੁੜੇ ਹੋਰ ਲੋਕਾਂ ਦੀ ਸ਼ਮੂਲੀਅਤ ਸਾਹਮਣੇ ਆ ਸਕੇ ਸੁਖਵਿੰਦਰ ਸਿੰਘ ਨੇ ਸੀਮਿੰਟ ਦੇ ਰੁੱਖ ਗਾਰਡ ਬਣਾਉਣ ਲਈ ਜਾਰੀ ਬੱਜਟ 45,69,000 ਰੁਪਏ ਅਤੇ ਬਾਂਸ ਦੇ ਰੁੱਖ ਗਾਰਡ ਬਣਾਉਣ ਸਬੰਧੀ 7,00,000 ਰੁਪਏ ਦੇ ਫੰਡਾਂ ਦੇ ਗਬਨ ਰਾਹੀਂ ਸਰਕਾਰ ਨੂੰ 52,69,000 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਸ ਬਿਊਰੋ (Vigilance Bureau) ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬਿਉਰੋ ਵੱਲੋਂ ਇਸ ਬਾਰੇ 6 ਜੂਨ 2022 ਨੂੰ ਮੁੱਕਦਮਾ ਨੰਬਰ 7 ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ, 13(1) (ਏ) (2) ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ 120-ਬੀ, 409, 420, 465, 467, 468, 471 ਤਹਿਤ ਵਿਜੀਲੈਸ ਬਿਉਰੋ ਦੇ ਉਡਣ ਦਸਤਾ ਪੰਜਾਬ ਦੇ ਥਾਣਾ ਮੋਹਾਲੀ ਵਿਖੇ ਪਹਿਲਾਂ ਹੀ ਦਰਜ ਕੀਤਾ ਹੋਇਆ ਹੈ। ਇਸ ਮੁਕੱਦਮੇ ਦੀ ਤਫਤੀਸ਼ ਦੌਰਾਨ ਪਾਇਆ ਗਿਆ ਕਿ ਸੁਖਵਿੰਦਰ ਸਿੰਘ ਨਵੰਬਰ 2021 ਤੋਂ ਵਣ ਰੇਂਜ ਅਫਸਰ ਬੁਢਲਾਡਾ ਤਾਇਨਾਤ ਰਿਹਾ ਅਤੇ ਉਸ ਸਮੇਂ ਅਮਿਤ ਚੌਹਾਨ ਆਈ.ਐਫ.ਐਸ. ਵਣ ਮੰਡਲ ਅਫਸਰ ਮਾਨਸਾ ਤਾਇਨਾਤ ਸੀ।

ਸਾਲ 2021 ਵਿੱਚ ਰੁੱਖ ਕੱਟਣ ਬਦਲੇ ਰੁੱਖ ਲਗਾਉਣ ਸਕੀਮ ਅਧੀਨ ਪ੍ਰਧਾਨ ਮੁੱਖ ਵਣ ਪਾਲ ਵੱਲੋਂ 5872 ਆਰ.ਸੀ.ਸੀ. ਰੁੱਖ ਗਾਰਡ ਖਰੀਦਣ ਲਈ ਮਾਨਸਾ ਮੰਡਲ ਨੂੰ ਪ੍ਰਵਾਨਗੀ ਦਿੱਤੀ ਸੀ ਜਿਸ ਵਿੱਚੋਂ 2537 ਰੁੱਖ ਗਾਰਡ ਵਣ ਮੰਡਲ ਅਫਸਰ ਮਾਨਸਾ ਵੱਲੋਂ ਰੇਂਜ ਬੁਢਲਾਡਾ ਨੂੰ ਤਿਆਰ ਕਰਵਾਏ ਜਾਣ ਲਈ 45,69,000 ਰੁਪਏ ਦਾ ਬਜਟ ਜਾਰੀ ਕੀਤਾ ਗਿਆ ਸੀ।

ਕੁੱਲ ਸਰਕਾਰੀ ਬਜਟ 52 ਲੱਖ 69 ਹਜ਼ਾਰ ਰੁਪਏ ਦਾ ਗਬਨ

ਬੱਜਟ ਦੀ ਰਕਮ ਸੁਖਵਿੰਦਰ ਸਿੰਘ ਦੇ ਕਹਿਣ ਉਤੇ ਨਗਦ ਕਢਵਾ ਕੇ ਦਿੱਤੀ ਗਈ ਸੀ। ਵਿਜੀਲੈਂਸ ਨੇ ਸਾਰੇ ਤੱਥਾਂ ਅਤੇ ਤਫਤੀਸ਼ ਦੇ ਅਧਾਰ ਉਤੇ ਸੁਖਵਿੰਦਰ ਸਿੰਘ ਵੱਲੋਂ ਅਮਿਤ ਚੌਹਾਨ ਅਤੇ ਹੋਰਨਾਂ ਨਾਲ ਮਿਲੀਭੁਗਤ ਕਰਕੇ ਫਰਜ਼ੀ ਫਰਮਾਂ ਦੇ ਬਿੱਲ ਤਿਆਰ ਕਰਕੇ ਫਰਜ਼ੀ ਦਸਤਖਤ ਕਰਨ ਉਪਰੰਤ ਸਰਕਾਰੀ ਰਕਮ ਨੂੰ ਹੋਰ ਵੱਖਰੇ ਬੈਂਕ ਖਾਤੇ ਵਿੱਚ ਤਬਦੀਲ ਕਰਕੇ ਨਗਦ ਕਢਵਾ ਲਿਆ ਗਿਆ ਅਤੇ ਵੱਖ-ਵੱਖ ਤਰ੍ਹਾਂ ਦੇ ਰੁੱਖ ਗਾਰਡ ਤਿਆਰ ਕਰਵਾਉਣ ਦੇ ਇਵਜ਼ ਵਿੱਚ ਜਾਰੀ ਹੋਏ ਕੁੱਲ ਸਰਕਾਰੀ ਬਜਟ 52 ਲੱਖ 69 ਹਜ਼ਾਰ ਰੁਪਏ ਦਾ ਗਬਨ ਕਰਕੇ ਸਰਕਾਰੀ ਖਜ਼ਾਨੇ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਗਿਆ ਹੈ ਜਿਸ ਕਰਕੇ ਸੁਖਵਿੰਦਰ ਸਿੰਘ ਵਣ ਰੇਂਜ ਅਫਸਰ ਬੁਢਲਾਡਾ ਨੂੰ ਗਿ੍ਰਫਤਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਜਾਅਲੀ ਬਿੱਲ ਬਣਾ ਕੇ ਕੀਤਾ ਗਬਨ

ਵਣ ਰੇਂਜ ਅਫਸਰ ਬੁਢਲਾਡਾ ਵੱਲੋਂ ਸੀਮਿੰਟ ਦੇ 2537 ਰੁੱਖ ਗਾਰਡ ਤਿਆਰ ਕਰਨ ਲਈ ਮੈਸਰਜ਼ ਅੰਬੇ ਸੀਮਿੰਟ ਸਟੋਰ ਚੰਨੋ, ਜਿਲਾ ਸੰਗਰੂਰ ਅਤੇ ਐਨ.ਐਸ. ਜੈਨ ਸੀਮਿੰਟ ਐਂਡ ਐਕਸੈਸਰੀਜ ਸਟੋਰ ਪਟਿਆਲਾ ਨਾਮੀ ਫਰਮਾਂ ਪਾਸੋਂ ਖਰੀਦਣ ਸਬੰਧੀ ਬਿੱਲ ਹਾਸਲ ਕੀਤੇ ਗਏ। ਇੰਨਾਂ ਬਿੱਲਾਂ ਉੱਪਰ ਲਿਖੀ ਹੋਈ ਫਰਮ, ਉਸਦੇ ਜੀ.ਐਸ.ਟੀ. ਨੰਬਰਾਂ ਅਤੇ ਸੰਪਰਕ ਨੰਬਰਾਂ ਬਾਰੇ ਤਫਤੀਸ਼ ਦੌਰਾਨ ਪਤਾ ਲੱਗਾ ਕਿ ਉਕਤ ਦੋਵੇਂ ਨਾਵਾਂ ਦੀਆਂ ਮੌਜੂਦਾ ਪਤੇ ਵਾਲੀਆਂ ਕੋਈ ਵੀ ਫਰਮ ਮੌਜੂਦ ਹੀ ਨਹੀਂ । ਇੰਨਾਂ ਫਰਮਾ ਦੇ ਬਿੱਲਾਂ ਉੱਤੇ ਲਿਖੇ ਗਏ ਜੀ.ਐਸ.ਟੀ. ਨੰਬਰ ਵੀ ਫਰਜ਼ੀ ਤੇ ਅਤੇ ਸੰਪਰਕ ਨੰਬਰ ਵੀ ਠੀਕ ਨਹੀਂ ਸਨ। ਤਫ਼ਤੀਸ਼ ਦੌਰਾਨ ਪਾਇਆ ਗਿਆ ਕਿ ਸੀਮਿੰਟ ਵਾਲੇ 2537 ਰੁੱਖ ਗਾਰਡਾਂ ਸਬੰਧੀ ਵਣ ਰੇਂਜ ਅਫਸਰ ਬੁਢਲਾਡਾ ਵੱਲੋਂ ਉਸ ਸਮੇਂ ਦੇ ਵਣ ਰੇਂਜ ਅਫਸਰ ਮਾਨਸਾ ਅਮਿਤ ਚੌਹਾਨ ਨਾਲ ਮਿਲੀਭੁਗਤ ਕਰਕੇ ਫਰਜ਼ੀ ਫਰਮਾ ਦੇ ਜਾਅਲੀ ਬਿੱਲ ਤਿਆਰ ਕਰਕੇ 45,69,000 ਰੁਪਏ ਦੇ ਸਰਕਾਰੀ ਧਨ ਦਾ ਗਬਨ ਕੀਤਾ ਗਿਆ ਹੈ।

ਬਾਂਸ ਦੇ ਰੁੱਖ ਗਾਰਡਾਂ ’ਚੋਂ ਵੀ ਕੀਤਾ ਘਪਲਾ

ਵਿਜੀਲੈਂਸ ਮੁਤਾਬਿਕ ਤਫਤੀਸ਼ ਦੌਰਾਨ ਇਹ ਵੀ ਪਤਾ ਲੱਗਾ ਕਿ ਸੁਖਵਿੰਦਰ ਸਿੰਘ ਵੱਲੋਂ ਦਸੰਬਰ 2021 ਵਿੱਚ 7 ਲੱਖ ਰੁਪਏ ਦੇ ਬਾਂਸ ਦੇ ਰੁੱਖ ਗਾਰਡ ਗੁਰੂਕਿਰਪਾ ਬੈਂਬੂ ਸਟੋਰ ਮਾਨਸਾ ਨਾਮੀ ਫਰਮ ਪਾਸੋਂ ਵੱਖ-ਵੱਖ ਬਿੱਲਾਂ ਰਾਹੀਂ ਖਰੀਦ ਕੀਤੇ ਗਏ ਪਰ ਮੌਜੂਦਾ ਪਤੇ ਉੱਤੇ ਇਹ ਫਰਮ ਵੀ ਮੌਜੂਦ ਹੀ ਨਹੀਂ ਹੈ। ਜਾਅਲੀ ਬਿੱਲਾਂ ਉੱਪਰ ਲਿਖਿਆ ਹੋਇਆ ਪੈਨ ਨੰਬਰ ਵੀ ਫਰਜੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ