ਸਿੱਧੂ ਮੂਸੇਵਾਲਾ ਕਤਲ ਕਾਂਡ : ਸਚਿਨ ਥਾਪਨ ਅਜਰਬੈਜਾਨ ’ਚ ਕਾਬੂ, ਅਨਮੋਲ ਕੈਨੇਡਾ ਤੋਂ ਕੀਨਿਆ ਫਰਾਰ

ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਦੋਵੇਂ ਦੋਸ਼ੀ ਦੀ ਪੰਜਾਬ ਪੁਲਿਸ ਨੂੰ ਸੀ ਭਾਲ

  • ਸਚਿਨ ਥਾਪਨ ਨੂੰ ਜਲਦ ਪੰਜਾਬ ਲੈ ਕੇ ਆਏਗੀ ਪੁਲਿਸ, ਅਨਮੋਲ ਲਈ ਕੀਨਿਆ ਕੀਤਾ ਜਾਏਗਾ ਸੰਪਰਕ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਹੱਥ ਵੱਡੀ ਸਫਲਤਾ ਹਾਸਲ ਹੋਈ ਹੈ। ਇਸ ਕਤਲ ਦੀ ਸਾਜ਼ਿਸ਼ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਸਚਿਨ ਥਾਪਨ ਨੂੰ ਅਜਰਬੈਜਾਨ ਤੋਂ ਕਾਬੂ ਕਰ ਲਿਆ  ਹੈ ਅਤੇ ਉੱਥੇ ਦੀ ਪੁਲਿਸ ਵੱਲੋਂ ਸਚਿਨ ਥਾਪਨ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ, ਜਿਸ ਕਾਰਨ ਜਲਦੀ ਹੀ ਸਚਿਨ ਥਾਪਨ ਨੂੰ ਪੰਜਾਬ ਲੈ ਕੇ ਆਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਜਾਏਗੀ, ਜਦੋਂਕਿ ਇਸ ਮਾਮਲੇ ਵਿੱਚ ਸਾਜਿਸ਼ਕਰਤਾ ਅਨਮੋਲ ਬਿਸਨੋਈ ਕੈਨੇਡਾ ਤੋਂ ਫਰਾਰ ਹੁੰਦੇ ਹੋਏ ਕੀਨਿਆ ਵਿੱਚ ਚਲਾ ਗਿਆ ਹੈ। ਪੰਜਾਬ ਪੁਲਿਸ ਵੱਲੋਂ ਅਨਮੋਲ ਬਿਸਨੋਈ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਲੈ ਕੇ ਆਉਣ ਲਈ ਹੁਣ ਕੀਨਿਆ ਨਾਲ ਸੰਪਰਕ ਕੀਤਾ ਜਾਵੇਗਾ।

ਸਚਿਨ ਥਾਪਨ ਅਤੇ ਅਨਮੋਲ ਬਿਸਨੋਈ ਵੱਲੋਂ ਸਿੱਧੂ ਮੂਸੇਵਾਲਾ ਦੀ ਕਤਲ ਕਰਨ ਦੀ ਸਾਜ਼ਿਸ਼ ਪੰਜਾਬ ਵਿੱਚ ਬੈਠ ਕੇ ਹੀ ਰਚੀ ਸੀ ਅਤੇ ਉਸ ’ਤੇ ਹਮਲਾ ਕਰਨ ਦੀ ਕੋਸ਼ਸ਼ ਵੀ ਕੀਤੀ ਸੀ ਪਰ ਉਸ ਸਮੇਂ ਇਹ ਹਮਲਾ ਕਾਮਯਾਬ ਨਹੀਂ ਹੋ ਪਾਇਆ ਸੀ। ਜਿਸ ਤੋਂ ਬਾਅਦ ਸਚਿਨ ਥਾਪਨ ਅਤੇ ਅਨਮੋਲ ਬਿਸ਼ਨੋਈ ਨੂੰ ਲਾਰੈਂਸ ਬਿਸ਼ਨੋਈ ਵੱਲੋਂ ਜਾਅਲੀ ਪਾਸਪੋਰਟ ਬਣਾ ਕੇ ਗੋਲਡੀ ਬਰਾੜ ਕੋਲ ਕੈਨੇਡਾ ਭੇਜ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦਾ ਕਤਲ ਹੋਣ ਤੋਂ ਬਾਅਦ ਇਸ ਦੀ ਜਿੰਮੇਵਾਰੀ ਸਚਿਨ ਥਾਪਨ ਵੱਲੋਂ ਇੱਕ ਟੀਵੀ ਚੈਨਲ ’ਤੇ ਆ ਕੇ ਖ਼ੁਦ ਲਈ ਗਈ ਸੀ। ਜਿਸ ਤੋਂ ਬਾਅਦ ਲਗਾਤਾਰ ਇਨਾਂ ਦੋਵਾਂ ਦੀ ਭਾਲ ਦਿੱਲੀ ਅਤੇ ਪੰਜਾਬ ਪੁਲਿਸ ਕਰਨ ਵਿੱਚ ਲਗੀ ਹੋਈ ਹੈ।

ਇਨਾਂ ਦੋਵਾਂ ਨੂੰ ਗਿ੍ਰਫ਼ਤਾਰ ਕਰਨ ਲਈ ਵਿਦੇਸ਼ ਮੰਤਰਾਲੇ ਵਲੋਂ ਕਈ ਦੇਸ਼ਾ ਨਾਲ ਸੰਪਰਕ ਕੀਤਾ ਸੀ, ਜਿਸ ਤੋਂ ਬਾਅਦ ਸਚਿਨ ਥਾਪਨ ਗਿ੍ਰਫ਼ਤਾਰ ਹੋ ਗਿਆ ਹੈ, ਜਦੋਂ ਕਿ ਅਨਮੋਲ ਬਿਸਨੋਈ ਦਾ ਕੀਨਿਆ ਫਰਾਰ ਹੋਣ ਦਾ ਸਮਾਚਾਰ ਮਿਲ ਰਿਹਾ ਹੈ। ਜਿਸ ਕਾਰਨ ਹੁਣ ਕੀਨਿਆ ਸਰਕਾਰ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ।

ਸਚਿਨ ਥਾਪਨ ਨੂੰ ਜਲਦ ਮਿਲੇਗੀ ਸਜ਼ਾ : ਡੀਜੀਪੀ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੂਸੇਵਾਲਾ ਕਤਲ ਮਾਮਲੇ ਵਿੱਚ ਸਚਿਨ ਥਾਪਨ ਅਤੇ ਬਿਸ਼ਨੋਈ ਦੇ ਫਰਾਰ ਹੋਣ ਦੀ ਸੂਚਨਾ ਉਨਾਂ ਵਲੋਂ ਵਿਦੇਸ਼ ਮੰਤਰਾਲੇ ਨੂੰ ਦਿੱਤੀ ਗਈ ਸੀ ਅਤੇ ਲਗਾਤਾਰ ਇਨਾਂ ਨੂੰ ਲੱਭਣ ਦੀ ਕੋਸ਼ਸ਼ ਕੀਤੀ ਗਈ। ਇਹ ਦੋਵੇਂ ਗੋਲਡੀ ਬਰਾੜ ਅਤੇ ਗੈਂਗਸਟਰ ਦੇ ਲਗਾਤਾਰ ਸੰਪਰਕ ਵਿੱਚ ਸਨ। ਇਨਾਂ ਦੀ ਲੋਕੇਸ਼ਨ ਸਾਡੇ ਵੱਲੋਂ ਹੀ ਪਤਾ ਲਗਾਈ ਗਈ ਸੀ। ਪਹਿਲਾਂ ਇਹ ਦੁਬਈ ਭੱਜ ਕੇ ਗਏ ਸਨ ਤਾਂ ਦੁਬਈ ਤੋਂ ਅਜਰਬੈਜਾਨ ਰਵਾਨਾ ਹੋ ਗਏ ਸਨ। ਉਨਾਂ ਕਿਹਾ ਕਿ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਸਚਿਨ ਥਾਪਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਲਦ ਹੀ ਸਾਰੀ ਪ੍ਰਕਿਰਿਆ ਮੁਕੰਮਲ ਕਰਦੇ ਹੋਏ ਸਚਿਨ ਥਾਪਨ ਨੂੰ ਪੰਜਾਬ ਵਿੱਚ ਲੈ ਕੇ ਆਇਆ ਜਾਏਗਾ, ਜਿਸ ਤੋਂ ਬਾਅਦ ਇਸ ਨੂੰ ਸਜ਼ਾ ਦਿਵਾਈ ਜਾਏਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ