Punjab News: ਕਾਂਗਰਸ ਪਾਰਟੀ ਨੇ ਵੀ ਕੀਤਾ ਚੰਗਾ ਪ੍ਰਦਰਸ਼ਨ ਤੇ ਅਕਾਲੀ ਦਲ ਵੀ ਨਹੀਂ ਰਿਹਾ ਪਿੱਛੇ
- ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਦੇ ਐਲਾਨੇ ਗਏ ਨਤੀਜੇ
Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਪੇਂਡੂ ਖ਼ੇਤਰ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਆਪਣਾ ਦਬਦਬਾ ਬਣਾ ਲਿਆ ਹੈ। ਹੁਣ ਤੱਕ ਪੰਜਾਬ ਦੇ ਪੇਂਡੂ ਖ਼ੇਤਰ ਦੀ ਚੋਣਾਂ ਵਿੱਚ ਕਾਂਗਰਸ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਹੀ ਆਪਣੀ ਸਰਕਾਰ ਬਣਾਉਂਦੀ ਆਈ ਹੈ ਤਾਂ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਵੱਡੀ ਰਿਕਾਰਡ ਜਿੱਤ ਹਾਸਲ ਕਰਦੇ ਹੋਏ ਪੇਂਡੂ ਖ਼ੇਤਰ ਵਿੱਚ ਵੀ ਕਾਫ਼ੀ ਥਾਂਵਾਂ ’ਤੇ ਆਪਣੀ ਸਰਕਾਰ ਬਣਾ ਲਈ ਹੈ।
ਆਮ ਆਦਮੀ ਪਾਰਟੀ ਹੁਣ ਤੱਕ ਪੇਂਡੂ ਖੇਤਰ ਵਿੱਚ ਆਪਣਾ ਵੋਟ ਬੈਂਕ ਹੋਣ ਦਾ ਦਾਅਵਾ ਤਾਂ ਕਰਦੀ ਆ ਰਹੀ ਸੀ ਪਰ ਇਸ ਵੋਟ ਬੈਂਕ ਰਾਹੀਂ ਸਰਕਾਰ ਨਹੀਂ ਬਣਾ ਸਕੀ ਸੀ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ 23 ਵਿੱਚੋਂ ਦੇਰ ਰਾਤ ਤੱਕ 10 ਜ਼ਿਲ੍ਹਾ ਪਰਿਸ਼ਦਾਂ ’ਤੇ ਹੀ ਆਪਣਾ ਕਬਜ਼ਾ ਕਰ ਲਿਆ ਗਿਆ, ਹਾਲਾਂਕਿ ਜ਼ਿਲ੍ਹਾ ਪਰਿਸ਼ਦ ਦੀਆਂ 347 ਸੀਟਾਂ ਵਿੱਚੋਂ ਕੁਝ ਸੀਟਾਂ ’ਤੇ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
154 ਬਲਾਕ ਸੰਮਤੀਆਂ ਦੀਆਂ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਵੀ ਅੱਗੇ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ 154 ਬਲਾਕ ਸੰਮਤੀਆਂ ਲਈ 2863 ਸੀਟਾਂ ਵਿੱਚੋਂ 908 ਸੀਟਾਂ ’ਤੇ ਜਿੱਤ ਹਾਸਲ ਕਰ ਲਈ ਗਈ ਸੀ ਤੇ 242 ਸੀਟਾਂ ’ਤੇ ਕਾਂਗਰਸ ਅਤੇ 145 ਸੀਟਾਂ ’ਤੇ ਅਕਾਲੀ ਦਲ ਨੇ ਵੀ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਪੇਂਡੂ ਖੇਤਰ ਵਿੱਚ 23 ਸੀਟਾਂ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਜਿੱਤ ਲਈਆਂ ਗਈਆਂ ਹਨ। ਪਰ ਇਨ੍ਹਾਂ 154 ਬਲਾਕ ਸੰਮਤੀਆਂ ਵਿੱਚੋਂ ਜ਼ਿਆਦਾਤਰ ਸੰਮਤੀਆਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਆਪਣਾ ਕਬਜ਼ਾ ਕਰ ਲਿਆ ਗਿਆ ਹੈ।
Punjab News
ਪੰਜਾਬ ਭਰ ਦੇ ਕਈ ਬਲਾਕਾਂ ਅਤੇ ਜ਼ਿਲ੍ਹਿਆਂ ਵਿੱਚ ਮੁਕੰਮਲ ਨਤੀਜੇ ਨਹੀਂ ਆਏ ਸਨ, ਜਿਸ ਕਾਰਨ ਸੂਬਾ ਚੋਣ ਕਮਿਸ਼ਨ ਵੱਲੋਂ ਵੀ ਮੁਕੰਮਲ ਨਤੀਜੇ ਜਾਰੀ ਨਹੀਂ ਕੀਤੇ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਵੋਟਾਂ ਦੀ ਗਿਣਤੀ ਦੇਰ ਰਾਤ ਜਾਂ ਫਿਰ ਰਾਤ ਭਰ ਵੀ ਜਾਰੀ ਰਹਿ ਸਕਦੀ ਹੈ।
Read Also : ਧੁੰਦ ਕਾਰਨ ਵਾਪਰਿਆ ਸੜਕ ਹਾਦਸਾ, ਤਿੰਨ ਦੀ ਮੌਤ
ਆਮ ਆਦਮੀ ਪਾਰਟੀ ਵੱਲੋਂ ਸਤੰਬਰ 2018 ਵਿੱਚ ਵੀ ਝਾੜੂ ਚੋਣ ਨਿਸ਼ਾਨ ’ਤੇ ਇਨ੍ਹਾਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀਆਂ ਚੋਣਾਂ ਵਿੱਚ ਭਾਗ ਲਿਆ ਗਿਆ ਸੀ ਪਰ ਕਾਂਗਰਸ ਸਰਕਾਰ ਦੌਰਾਨ ਆਮ ਆਦਮੀ ਪਾਰਟੀ ਦਾ ਕੋਈ ਜ਼ਿਆਦਾ ਵਧੀਆ ਪ੍ਰਦਰਸ਼ਨ ਦਿਖਾਈ ਨਹੀਂ ਦਿੱਤਾ ਸੀ ਅਤੇ ਆਮ ਆਦਮੀ ਪਾਰਟੀ ਨੂੰ ਕਿਸੇ ਵੀ ਬਲਾਕ ਸੰਮਤੀ ਜਾਂ ਫਿਰ ਜ਼ਿਲ੍ਹਾ ਪਰਿਸ਼ਦ ’ਤੇ ਜਿੱਤ ਹਾਸਲ ਨਹੀਂ ਹੋਈ ਸੀ। ਹੁਣ 7 ਸਾਲਾਂ ਬਾਅਦ ਇਨ੍ਹਾਂ ਹੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ
ਇਨ੍ਹਾਂ ਚੋਣਾਂ ਵਿੱਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਚੰਗਾ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਕਈ ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪਰਿਸ਼ਦ ਦੇ ਜ਼ੋਨ ਵਿੱਚ ਵਿੱਚ ਇਨ੍ਹਾਂ ਦੋਵੇਂ ਪਾਰਟੀਆਂ ਨੂੰ ਜਿੱਤ ਹਾਸਲ ਕਰਨ ਦਾ ਮੌਕਾ ਮਿਲਿਆ ਹੈ ਪਰ ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪਰਿਸ਼ਦ ਦੀ ਅਹਿਮ ਚੇਅਰਮੈਨ ਦੀ ਕੁਰਸੀ ਨੂੰ ਹਾਸਲ ਕਰਨ ਵਿੱਚ ਇਹ ਦੋਵੇਂ ਪਾਰਟੀਆਂ ਕੁਝ ਪਿੱਛੇ ਰਹਿ ਗਈਆਂ ਹਨ।ਪੰਜਾਬ ਭਰ ਵਿੱਚ ਭਾਜਪਾ ਨੇ 22-25 ਜ਼ੋਨ ਵਿੱਚ ਹੀ ਜਿੱਤ ਹਾਸਲ ਕੀਤੀ ਹੈ
ਕਈ ਥਾਂਵਾਂ ’ਤੇ ਹੋਏ ਝਗੜੇ ਤੇ ਮੁੜ ਹੋਈ ਵੋਟਾਂ ਦੀ ਗਿਣਤੀ
ਪੰਜਾਬ ਵਿੱਚ ਕਈ ਥਾਂਵਾਂ ’ਤੇ ਵੋਟਾਂ ਦੀ ਗਿਣਤੀ ਦੇ ਦੌਰਾਨ ਕਾਫ਼ੀ ਜ਼ਿਆਦਾ ਹੰਗਾਮਾ ਹੋਣ ਕਰਕੇ ਵੋਟਾਂ ਦੀ ਗਿਣਤੀ ਨੂੰ ਰੋਕਣਾ ਵੀ ਪਿਆ ਅਤੇ ਹੰਗਾਮੇ ਨੂੰ ਖ਼ਤਮ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੜ ਤੋਂ ਗਿਣਤੀ ਨੂੰ ਸ਼ੁਰੂ ਕਰਵਾਇਆ ਗਿਆ। ਪੰਜਾਬ ਵਿੱਚ ਕੁਝ ਥਾਂਵਾਂ ’ਤੇ ਹਾਰ ਜਿੱਤ ਦਾ ਫਰਕ ਇੱਕ ਵੋਟ ਤੱਕ ਰਹਿ ਜਾਣ ਕਰਕੇ ਵੋਟਾਂ ਦੀ ਮੁੜ ਤੋਂ ਗਿਣਤੀ ਵੀ ਕਰਵਾਈ ਗਈ ਅਤੇ ਇੱਕ ਥਾਂ ’ਤੇ ਜਿੱਤ ਹਾਸਲ ਕਰਨ ਵਾਲੇ ਅਕਾਲੀ ਦਲ ਦੇ ਉਮੀਦਵਾਰ ਦੀ ਮੁੜ ਤੋਂ ਗਿਣਤੀ ਹੋਣ ਤੋਂ ਬਾਅਦ ਅਕਾਲੀ ਦਲ ਦੀਆਂ ਵੋਟਾਂ ਘਟਣ ਦੀ ਥਾਂ ’ਤੇ ਵਧ ਗਈਆਂ।
ਅਕਾਲੀ ਦਲ ਵੱਲੋਂ ਕਈ ਥਾਂਵਾਂ ’ਤੇ ਹੰਗਾਮਾ, ਖੰਨਾ-ਮਲੇਰਕੋਟਲਾ ਸੜਕ ਕੀਤੀ ਜਾਮ
ਵੋਟਾਂ ਦੀ ਗਿਣਤੀ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਕਈ ਥਾਂਵਾਂ ’ਤੇ ਹੰਗਾਮਾ ਕਰਦੇ ਹੋਏ ਸੱਤਾਧਾਰੀ ਪਾਰਟੀ ਅਤੇ ਪ੍ਰਸ਼ਾਸਨ ’ਤੇ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਜੇਤੂ ਉਮੀਦਵਾਰਾਂ ਨੂੰ ਗਿਣਤੀ ਵਿੱਚ ਗੜਬੜੀ ਕਰਕੇ ਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਦੋਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਲਾਏ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਧੀ ਦਰਜ਼ਨ ਤੋਂ ਵੱਧ ਥਾਵਾਂ ’ਤੇ ਹੰਗਾਮਾ ਕੀਤਾ ਗਿਆ। ਇਸ ਦੇ ਨਾਲ ਹੀ ਖੰਨਾ ਵਿਖੇ ਅਕਾਲੀ ਉਮੀਦਵਾਰ ਸੋਨੂੰ ਨਾਗਰਾ ਦੀ ਜਿੱਤ ਦਾ ਦਾਅਵਾ ਕਰਦੇ ਹੋਏ ਅਕਾਲੀ ਦਲ ਨੇ ਖੰਨਾ ਮਲੇਰਕੋਟਲਾ ਸੜਕ ’ਤੇ ਹੀ ਜਾਮ ਲਾ ਦਿੱਤਾ। ਉਨ੍ਹਾਂ ਦਾ ਦੋਸ਼ ਹੈ ਕਿ ਜੇਤੂ ਹੋਣ ਦੇ ਬਾਵਜੂਦ ਨਤੀਜੇ ਐਲਾਨੇ ਨਹੀਂ ਜਾ ਰਹੇ ਹਨ।














