20 ਨੂੰ ਸੱਦੀ ਮੀਟਿੰਗ, ਅਜ਼ਾਦ ਲੜਨ ਦਾ ਕਰ ਸਕਦੇ ਨੇ ਐਲਾਨ | Foji Warwal
ਫ਼ਰੋਜ਼ਪੁਰ (ਸੱਤਪਾਲ ਥਿੰਦ)। ਪਿਛਲੇ ਡੇਢ ਸਾਲ ਤੋਂ ਲੋਕ ਸਭਾ ਹਲਕਾ ਫਿਰੋਜ਼ਪੁਰ ’ਚ ਮਿਹਨਤ ਕਰ ਰਹੇ ਆਪ ਦੇ ਸੀਨੀਅਰ ਆਗੂ ਫੌਜੀ ਅੰਗਰੇਜ ਸਿੰਘ ਵੜਵਾਲ ਨੇ 20 ਅਪਰੈਲ ਨੂੰ ਆਪਣੇ ਹਮਾਇਤੀਆਂ ਦੀ ਮੀਟਿੰਗ ਸੱਦ ਲਈ ਹੈ, ਕਿਆਸ ਹਨ ਕਿ ਉਹ ਅਜ਼ਾਦ ਲੜਨ ਦਾ ਐਲਾਨ ਕਰ ਸਕਦੇ ਹਨ। (Foji Warwal)
ਜਾਣਕਾਰੀ ਅਨੁਸਾਰ ਆਪ ਦੇ ਸੀਨੀਅਰ ਆਗੂ ਅਤੇ ਰਾਇ ਸਿੱਖ ਬਰਾਦਰੀ ਦੇ ਨੌਜਵਾਨ ਸਾਬਕਾ ਫੌਜੀ ਅੰਗਰੇਜ ਸਿੰਘ ਵੜਵਾਲ ਪਾਰਟੀ ਦੇ ਥਾਪੜੇ ਨਾਲ ਪਿਛਲੇ ਡੇਢ਼ਸਾਲ ਤੋਂ ਲੋਕ ਸਭਾ ਹਲਕਾ ਫਿਰੋੋਜ਼ਪੁਰ ਵਿਚ ਜੀਅ ਤੋੜ ਮਿਹਨਤ ਕਰ ਰਹੇ ਸਨ। ਇਹ ਵੀ ਪਹਿਲੀ ਵਾਰ ਵੇਖਣ ਨੂੰ ਆਇਆ ਸੀ ਕਿ ਚੋਣਾਂ ਦੀ ਤਰੀਕ ਘੋਸ਼ਣਾ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਪਿੰਡਾਂ ਵਿਚ ਸਿੱਕਿਆਂ, ਫਲਾਂ ਨਾਲ ਤੋਲਣਾ ਸ਼ੁਰੂ ਕਰ ਦਿੱਤਾ ਸੀ।
18 ਸਾਲ ਫੌਜ ਵਿਚ ਸੇਵਾ ਨਿਭਾਅ ਚੁੱਕੇ ਫੌਜੀ ਅੰਗਰੇਜ ਸਿੰਘ ਵੜਵਾਲ ਨੂੰ ਆਪਣੀ ਬਰਾਦਰੀ ਤੋਂ ਇਲਾਵਾ ਦੂਜੇ ਲੋਕ ਵੀ ਪਸੰਦ ਕਰ ਰਹੇ ਸਨ। ਪਰ ਆਮ ਆਦਮੀ ਪਾਰਟੀ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਟਿਕਟ ਦੇ ਦਿੱਤੀ ਗਈ ਜਿਸ ਦੇ ਰੋਸ ਵਜੋਂ ਅੰਗਰੇਜ ਸਿੰਘ ਨੇ ਪਿੰਡਾਂ ਵਿਚ ਜਾਣਾ ਫਿਰ ਵੀ ਜਾਰੀ ਰੱਖਿਆ ਹੋਇਆ ਹੈ। ਉਨ੍ਹਾਂ ਦਾ ਪਹਿਲਾਂ ਵਾਂਗ ਹੀ ਪਿੰਡਾਂ ਵਿਚ ਸੁਆਗਤ ਹੋ ਰਿਹਾ ਹੈ। (Foji Warwal)
ਸੂਤਰਾਂ ਮੁਤਾਬਕ ਫੌਜੀ ਦੀ ਲਹਿਰ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਕਈ ਪਾਰਟੀਆਂ ਵੱਲੋਂ ਕਿਸੇ ਉੱਚੇ ਅਹੁਦੇ ਨਾਲ ਨਿਵਾਜਣ ਦੇ ਸੱਦੇ ਵੀ ਆ ਰਹੇ ਹਨ। ਹਾਲਾਂਕਿ ਕਿਸੇ ਵੀ ਮੀਡੀਆ ਸਾਹਮਣੇ ਉਨ੍ਹਾਂ ਨੇ ਪੱਤੇ ਨਹੀਂ ਖੋਲ੍ਹੇ ਪਰ ਆਪੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਆਮ ਆਦਮੀ ਨਾਲ ਸਬੰਧਤ ਫੋਟੋਆਂ ਹਟਾ ਕੇ ਉਨ੍ਹਾਂ ਬਾਗੀ ਹੋਣ ਦੇ ਸੰਕੇਤ ਦੇ ਦਿੱਤੇ ਹਨ। ਸੂਤਰਾਂ ਮੁਤਾਬਕ ਫੌਜੀ ਅੰਗਰੇਜ ਸਿੰਘ ਦੀ ਆਪ ਦੀ ਦਿੱਲੀ ਟੀਮ ਨਾਲ ਚੰਗੀ ਸਾਂਝ ਦੱਸੀ ਜਾਂਦੀ ਹੈ ਜਿਸ ਤੇ ਦਿੱਲੀ ਬੈਠੇ ਵੱਡੇ ਆਗੂ ਵੀ ਉਨ੍ਹਾਂ ਨੂੰ ਮਨਾਉਣ ਵਿਚ ਲੱਗੇ ਹੋਏ ਹਨ।
Foji Angrej Singh Warwal
ਫੋਨ ’ਤੇ ਗੱਲ ਕਰਦਿਆਂ ਫੌਜੀ ਅੰਗਰੇਜ ਸਿੰਘ ਵੜਵਾਲ ਨੇ ਕਿਹਾ ਕਿ ਉਨ੍ਹਾਂ ਹਾਲੇ ਕੋਈ ਵੀ ਫੈਸਲਾ ਨਹੀ ਲਿਆ। ਉਨ੍ਹਾਂ 20 ਅਪਰੈਲ ਨੂੰ ਕਸਬਾ ਮਮਦੋਟ ਵਿਖੇ ਆਪਣੇ ਹਮਾਇਤੀਆਂ ਦੀ ਮੀਟਿੰਗ ਸੱਦੀ ਹੈ, ਜਿਵੇਂ ਉਨ੍ਹਾਂ ਦੇ ਸਾਰੇ ਭੈਣ-ਭਰਾ ਕਹਿਣਗੇ ਉਹ ਉਸੇ ਤਰ੍ਹਾਂ ਹੀ ਫੈਸਲਾ ਲੈਣਗੇ ਪਰ ਕਨਸੋਅ ਹੈ ਦੀ ਕਿ ਉਹ ਇਸ ਦਿਨ ਅਜ਼ਾਦ ਲੜਨ ਦਾ ਐਲਾਨ ਕਰ ਸਕਦੇ ਹਨ। ਅਗਰ ਅਜਿਹਾ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਨੂੰ ਭਾਰੀ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਵੱਡੀ ਪੱਧਰ ’ਤੇ ਵਰਕਰ ਅਤੇ ਆਗੂ ਆਮ ਆਦਮੀ ਪਾਰਟੀ ਤੋਂ ਅਸਤੀਫੇ ਦੇ ਸਕਦੇ ਹਨ।
Also Read: ਵਧਦਾ ਦਲ ਬਦਲੂ ਰੁਝਾਨ ਰਾਜਨੀਤਿਕ ਮਰਿਆਦਾ ਨੂੰ ਖੋਰਾ
ਦੱਸਣਾ ਬਣਦਾ ਹੈ ਕਿ ਲੋਕ ਸਭਾ ਹਲਕਾ ਫਿਰੋਜ਼ਪੁਰ ਵਿੱਚ ਰਾਇ ਸਿੱਖ ਬਰਾਦਰੀ ਦੀ ਕਰੀਬ 4.50 ਲੱਖ ਵੋਟ ਹੈ। ਪਿੱਛੇ ਝਾਤ ਮਾਰੀਏ ਤਾਂ ਇਹ ਬਰਾਦਰੀ ਪਾਸਾ ਪਲਟਦੀ ਆਈ ਹੈ। ਜੇਕਰ ਇਹ ਬਰਾਦਰੀ ਅੰਗਰੇਜ ਸਿੰਘ ਨਾਲ ਦਿਲੋਂ ਤੁਰਦੀ ਹੈ ਤਾਂ ਇਹ ਫਿਰੋਜ਼ਪੁਰ ਲੋਕ ਸਭਾ ਹਲਕੇ ’ਚ ਮੁਕਾਬਲਾ ਪੰਜ ਧਿਰਾਂ ਅਕਾਲੀ ਦਲ, ਭਾਜਪਾ, ਆਪ, ਕਾਂਗਰਸ ਅਤੇ ਫੌਜੀ ਅੰਗਰੇਜ ਸਿੰਘ ਵਿਚਕਾਰ ਵੇਖਣ ਨੂੰ ਮਿਲ ਸਕਦਾ ਹੈ।