ਪਤੰਗ ਜ਼ਰੂਰ ਉਡਾਓ, ਪਰ ਚਾਈਨਾ ਡੋਰ ਨਾਲ ਨਹੀਂ
ਭਾਰਤ ਤਿਉਹਾਰਾਂ ਦਾ ਦੇਸ਼ ਹੈ। ਕੋਈ ਮਹੀਨਾ ਅਜਿਹਾ ਜਾਂਦਾ ਹੋਣਾ, ਜਦੋਂ ਕੋਈ ਤਿਉਹਾਰ ਨਾ ਹੋਵੇ। ਬਸੰਤ ਪੰਚਮੀ ਦਾ ਤਿਉਹਾਰ ਸਾਰੇ ਰਲ-ਮਿਲ ਕੇ ਮਨਾਉਂਦੇ ਹਨ। ਬਸੰਤ ਪੰਚਮੀ ਦੇ ਆਗਮਨ ’ਤੇ ਸਵੇਰ-ਸ਼ਾਮ ਥੋੜ੍ਹੀ-ਬਹੁਤ ਠੰਢ ਹੀ ਰਹਿ ਜਾਂਦੀ ਹੈ। ਪਤੰਗਬਾਜ਼ੀ ਨੂੰ ਵੀ ਇਸ ਤਿਉਹਾਰ ਨਾਲ ਜੋੜਿਆ ਜਾਂਦਾ ਹੈ। ਹਰ ਉਮਰ ਦਾ ਬੰਦਾ ਆਪਣੇ ਵੱਖਰੇ-ਵੱਖਰੇ ਢੰਗ ਨਾਲ ਇਸ ਤਿਉਹਾਰ ਨੂੰ ਮਨਾਉਂਦਾ ਹੈ। ਵਿੱਦਿਆ ਦੀ ਦੇਵੀ ਸਰਸਵਤੀ ਮਾਤਾ ਦੀ ਵੀ ਪੂਜਾ ਕੀਤੀ ਜਾਂਦੀ ਹੈ। ਘਰਾਂ ਵਿੱਚ ਪੀਲੇ ਰੰਗ ਦੇ ਪਕਵਾਨ ਬਣਦੇ ਹਨ ਤੇ ਲੋਕ ਪੀਲੇ ਰੰਗ ਦੇ ਕੱਪੜੇ ਪਾਉਂਦੇ ਹਨ।
ਪੁਰਾਣੇ ਸਮੇਂ ਵਿਚ ਰਾਜੇ-ਮਹਾਰਾਜੇ ਵੀ ਪਤੰਗਬਾਜ਼ੀ ਦਾ ਬਹੁਤ ਸ਼ੌਂਕ ਰੱਖਦੇ ਸਨ ਤੇ ਸੂਤ ਦੇ ਧਾਗਿਆਂ ਨਾਲ ਪਤੰਗਾਂ ਉਡਾਈਆਂ ਜਾਂਦੀਆਂ ਸਨ। ਪਰ ਅੱਜ-ਕੱਲ੍ਹ ਸਮਾਂ ਬਦਲ ਗਿਆ ਹੈ। ਲੋਕ ਕੱਚ, ਸਿੰਥੈਟਿਕ ਡੋਰਾਂ ਨਾਲ ਪਤੰਗ ਉਡਾਉਣੀ ਸ਼ੁਰੂ ਕਰ ਦਿੰਦੇ ਹਨ ਅਤੇ ਅਨੰਦ ਮਾਣਦੇ ਹਨ। ਇਹ ਚਾਈਨਾ ਡੋਰ ਪਹਿਲਾਂ ਦੀ ਡੋਰ ਨਾਲੋਂ ਸਸਤੀ ਹੁੰਦੀ ਹੈ। ਘਰ ਦੀਆਂ ਛੱਤਾਂ ’ਤੇ ਲੋਕ ਡੀਜੇ ਲਾਉਂਦੇ ਹਨ ਤੇ ਭੰਗੜੇ ਪਾਉਂਦੇ ਹਨ। ਪਰ ਅੱਜ-ਕੱਲ੍ਹ ਤਾਂ ਚਾਈਨਾ ਡੋਰ ਨਾਲ ਲੋਕ ਪਤੰਗ ਉਡਾਉਂਦੇ ਹਨ, ਜੋ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਹੈ। ਰਾਹਗੀਰਾਂ ਦੇ ਜ਼ਖਮੀ ਹੋਣ ਦੀ ਖ਼ਬਰਾਂ ਲਗਾਤਾਰ ਅਸੀਂ ਅਖ਼ਬਾਰਾਂ ਵਿੱਚ ਪੜ੍ਹਦੇ ਹਾਂ।
ਹਰ ਸਾਲ ਅਸੀਂ ਅਖ਼ਬਾਰਾਂ ਵਿੱਚ ਪੜ੍ਹਦੇ ਹਾਂ, ਸੁਣਦੇ ਹਾਂ ਕਿ ਚਾਈਨਾ ਡੋਰ ਨਾਲ ਕਿੰਨੇ ਪੰਛੀਆਂ ਦੀ ਮੌਤ ਹੋ ਗਈ। ਕਈ ਮਨੁੱਖ ਵੀ ਇਸ ਦਾ ਸ਼ਿਕਾਰ ਹੋਏ, ਕਈਆਂ ਨੂੰ ਆਪਣੀ ਜਾਨ ਤੱਕ ਗੁਆਉਣੀ ਪਈ। ਹੁਣ ਤਾਂ ਲੋਕ ਆਨਲਾਈਨ ਵੀ ਚਾਈਨਾ ਡੋਰ ਨੂੰ ਮੰਗਵਾ ਲੈਂਦੇ ਹਨ। ਜੋ ਚਾਈਨਾ ਡੋਰ ਹੁੰਦੀ ਹੈ ਇਹ ਸਿੰਥੈਟਿਕ, ਨਾਈਲੋਨ ਧਾਗੇ ਦੀ ਬਣੀ ਹੁੰਦੀ ਹੈ। ਪਿਛਲੇ ਸਾਲ ਖੰਨਾ ਸ਼ਹਿਰ ਵਿਚ ਅਜਿਹੀ ਵਾਰਦਾਤ ਹੋਈ ਕਿ ਬੱਚੇ ਦੀ ਗਰਦਨ ਵੱਢੀ ਗਈ।
ਹਾਲਾਂਕਿ ਉਸ ਦੀ ਜਾਨ ਬਚ ਗਈ, ਫਿਰ ਵੀ ਉਸਦੀ ਗਰਦਨ ’ਤੇ ਟਾਂਕੇ ਲੱਗੇ। ਉਸੇ ਸਮਂੇ ਰੋਪੜ ਜ਼ਿਲ੍ਹੇ ਵਿੱਚ ਵੀ ਅਜਿਹੀ ਵਾਰਦਾਤ ਹੋਈ ਕਿ ਇੱਕ ਪੁਲਿਸ ਮੁਲਾਜ਼ਮ ਵੀ ਬੁਰੀ ਤਰ੍ਹਾਂ ਉਲਝ ਗਿਆ। ਉਸ ਦੀ ਗਰਦਨ, ਗਲ ਬੁਰੀ ਤਰ੍ਹਾਂ ਚਾਈਨਾ ਡੋਰ ਦੀ ਪਕੜ ਵਿਚ ਆ ਗਿਆ ਤੇ ਉਸ ਦੀ ਜਾਨ ਤਾਂ ਬਚ ਗਈ ਪਰ ਉਸ ਨੂੰ ਚਾਇਨਾ ਡੋਰ ’ਚ ਦੇ ਕਰੀਬ ਟਾਂਕੇ ਲੱਗੇ। ਉਸ ਦੇ ਨਾਲ ਇੱਕ ਬੱਚਾ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਦੇ ਪੈਰਾਂ ’ਤੇ ਜ਼ਖ਼ਮ ਹੋ ਗਏ।
ਪੰਛੀਆਂ ਲਈ ਵੀ ਇਹ ਮੌਤ ਦਾ ਕਾਰਨ ਬਣਨ ਲੱਗ ਪਈ ਹੈ। ਲੋਕ ਇਸ ਨੂੰ ਅਜਿਹੀ ਜਗ੍ਹਾ ਸੁੱਟ ਦਿੰਦੇ ਹਨ ਤੇ ਕਈ ਵਾਰ ਪੰਛੀ ਚੋਗਾ ਚੁਗਦੇ ਹੋਏ ਇਸ ਵਿੱਚ ਫਸ ਜਾਂਦੇ ਹਨ ਤੇ ਉਨ੍ਹਾਂ ਦੇ ਪੈਰਾਂ ਤੇ ਗਰਦਨ ਵਿੱਚ ਡੋਰ ਫਸਣ ਕਾਰਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਕਈ ਵਾਰ ਅਸੀਂ ਜ਼ਖ਼ਮੀ ਹੋਏ ਪੰਛੀ ਵੀ ਦੇਖਦੇ ਹਾਂ। ਅਕਸਰ ਜਦੋਂ ਸ਼ਾਮ ਦਾ ਵੇਲਾ ਹੁੰਦਾ ਹੈ ਤਾਂ ਪੰਛੀ ਆਪਣੇ ਘਰਾਂ ਨੂੰ ਪਰਤ ਰਹੇ ਹੁੰਦੇ ਹਨ ਤਾਂ ਜਦੋਂ ਪਤੰਗ ਉਡ ਰਹੀ ਹੁੰਦੀ ਹੈ ਤਾਂ ਉਹ ਪੰਛੀ ਡੋਰ ਦੀ ਲਪੇਟ ਵਿੱਚ ਆ ਜਾਂਦੇ ਹਨ।
ਜਿਸ ਕਾਰਨ ਉਹ ਉਲਝ ਜਾਂਦੇ ਹਨ। ਪ੍ਰਸ਼ਾਸਨ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਅਜਿਹੇ ਦੁਕਾਨਦਾਰ, ਜੋ ਚਾਈਨਾ ਡੋਰ ਵੇਚਦੇ ਹਨ, ਉਨ੍ਹਾਂ ’ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਸਮਾਜਿਕ ਜਥੇਬੰਦੀਆਂ ਵੱਲੋਂ ਡੋਰ ਵੇਚਣ ਵਾਲਿਆਂ ਨੂੰ ਇਸ ਖਿਲਾਫ਼ ਜਾਗਰੂਕ ਕਰਨਾ ਚਾਹੀਦਾ ਹੈ। ਮਾਂ-ਬਾਪ ਨੂੰ ਵੀ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਇਹ ਖਤਰਨਾਕ ਡੋਰ ਨੁਕਸਾਨਦਾਇਕ ਹੈ।
ਅਕਸਰ ਅਸੀਂ ਦੇਖਦੇ ਹਾਂ ਕਿ ਕਈ ਮਾਂ-ਬਾਪ ਵੀ ਬੱਚਿਆਂ ਦੀ ਜਿੱਦ ਅੱਗੇ ਝੁਕ ਜਾਂਦੇ ਹਨ, ਪਰ ਇਹ ਬਿਲਕੁਲ ਗਲਤ ਹੈ। ਸਕੂਲਾਂ ਵਿੱਚ ਪਿ੍ਰੰਸੀਪਲਾਂ ਵੱਲੋਂ ਸੈਮੀਨਾਰ ਲਾ ਕੇ ਬੱਚਿਆਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਨੁਮਾਇੰਦਿਆਂ ਵੱਲੋਂ ਵੀ ਲੋਕ ਸਭਾ ਵਿੱਚ ਇਹ ਮੁੱਦਾ ਬੜੇ ਹੀ ਜ਼ੋਰ-ਸ਼ੋਰ ਨਾਲ ਚੁੱਕਿਆ ਜਾਣਾ ਚਾਹੀਦਾ ਹੈ। ਚਾਈਨਾ ਡੋਰ ਪਲਾਸਟਿਕ ਦੀ ਬਣੀ ਹੋਣ ਕਾਰਨ ਟੁੱਟਦੀ ਵੀ ਨਹੀਂ ਹੈ ਤੇ ਜਿੱਥੇ ਵੀ ਸਰੀਰ ਨਾਲ ਛੂੰਹਦੀ ਹੈ, ਕੱਟ ਦਿੰਦੀ ਹੈ।
ਅਸੀਂ ਆਮ ਦੇਖਦੇ ਵੀ ਹਾਂ ਕਿ ਕਈ ਵਾਰ ਬੱਚੇ ਪਤੰਗ ਉਡਾਉਂਦੇ ਹਨ ਤਾਂ ਉਹ ਪਿੱਛੇ ਮੁੜ ਕੇ ਵੀ ਨਹੀਂ ਦੇਖਦੇ, ਉਹ ਛੱਤਾਂ ਤੋਂ ਹੇਠਾਂ ਡਿੱਗ ਜਾਂਦੇ ਹਨ। ਹਾਲ ਹੀ ਵਿੱਚ ਕਿਸੇ ਥਾਂ ਬੱਚਾ ਪਤੰਗ ਉਡਾਉਂਦਾ ਪਿੱਛੇ ਟੋਭੇ ਵਿਚ ਜਾ ਡਿੱਗਿਆ ਤੇ ਉਸਦੀ ਮੌਤ ਹੋ ਗਈ। ਉਹ ਬੱਚਾ ਮਾਂ-ਬਾਪ ਦਾ ਇਕਲੌਤਾ ਬੱਚਾ ਸੀ। ਨਾਲ ਲੱਗਦੇ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦੇ ਲਾਹੌਰ ਵਿੱਚ ਪੂਰਨ ਤੌਰ ’ਤੇ ਪਤੰਗ ਉਡਾਉਣ ’ਤੇ ਪਾਬੰਦੀ ਹੈ। ਬਸੰਤ ਪੰਚਮੀ ਦਾ ਤਿਉਹਾਰ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ। ਪਤੰਗ ਜ਼ਰੂਰ ਉਡਾਓ, ਪਰ ਖਤਰਨਾਕ ਡੋਰ ਦਾ ਪ੍ਰਯੋਗ ਬਿਲਕੁਲ ਵੀ ਨਾ ਕਰੋ। ਆਓ! ਅਸੀਂ ਰਲ-ਮਿਲ ਕੇ ਇਸ ਸਮੱਸਿਆ ਦੇ ਹੱਲ ਲਈ ਯਤਨ ਕਰੀਏ।
ਸੰਜੀਵ ਸਿੰਘ ਸੈਣੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.