Punjab News: ਪੰਜਾਬ ’ਚ ਆਏ ਹੜ੍ਹ, ਕੁਦਰਤੀ ਨਹੀਂ ‘ਮੈਨ ਮੇਡ ਆਫ਼ਤ’, ਸੀਨੀਅਰ ਭਾਜਪਾ ਆਗੂ ਤਰੁਣ ਚੁੱਘ ਨੇ ਕਿਉਂ ਆਖੀ ਇਹ ਗੱਲ?, ਜਾਣੋ…

Punjab News
Punjab News: ਪੰਜਾਬ ’ਚ ਆਏ ਹੜ੍ਹ, ਕੁਦਰਤੀ ਨਹੀਂ ‘ਮੈਨ ਮੇਡ ਆਫ਼ਤ’, ਸੀਨੀਅਰ ਭਾਜਪਾ ਆਗੂ ਤਰੁਣ ਚੁੱਘ ਨੇ ਕਿਉਂ ਆਖੀ ਇਹ ਗੱਲ?, ਜਾਣੋ...

Punjab News: ਕਿਹਾ, ਸੁਪਰੀਮ ਕੋਰਟ ਵੀ ਕਰ ਚੁੱਕੀ ਐ ਨਜਾਇਜ਼ ਮਾਈਨਿੰਗ ਨੂੰ ਲੈ ਕੇ ਟਿੱਪਣੀ

  • ਆਮ ਆਦਮੀ ਪਾਰਟੀ ਨੇ ਰੱਜ ਕੇ ਕੀਤੀ ਨਜਾਇਜ਼ ਮਾਈਨਿੰਗ, ਖ਼ਜਾਨੇ ਨੂੰ ਲਾਇਆ 19 ਹਜ਼ਾਰ ਕਰੋੜ ਦਾ ਚੂਨਾ : ਤਰੁਣ ਚੁੱਘ

Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਆਏ ਹੜ੍ਹ ਕਿਸੇ ਕੁਦਰਤੀ ਆਫ਼ਤ ਕਰਕੇ ਨਹੀਂ ਆਏ ਹਨ, ਸਗੋਂ ਇਹ ਤਾਂ ‘ਮੈਨ ਮੇਡ ਆਫ਼ਤ’ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਨਾਲਾਇਕੀ ਕਰਕੇ ਹੀ ਇਹ ਹੜ੍ਹ ਪੰਜਾਬ ਵਿੱਚ ਆਏ ਹਨ। ਪੰਜਾਬ ਦੀ ਸਰਕਾਰ ਦੇ 3 ਕੈਬਨਿਟ ਮੰਤਰੀਆਂ ਵੱਲੋਂ ਵੱਖ-ਵੱਖ ਸਮੇਂ ਵਿਭਾਗੀ ਮੰਤਰੀ ਰਹਿੰਦੇ ਹੋਏ ਜੰਮ ਕੇ ਨਜਾਇਜ਼ ਮਾਈਨਿੰਗ ਕਰਵਾਈ ਗਈ ਹੈ, ਜਿਸ ਕਾਰਨ ਹੀ ਹੜ੍ਹਾਂ ਕਰਕੇ ਕਾਫ਼ੀ ਜਿਆਦਾ ਨੁਕਸਾਨ ਹੋਇਆ ਹੈ। Floods in Punjab

ਨਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵੀ ਟਿੱਪਣੀ ਕਰ ਚੁੱਕੀ ਹੈ ਪਰ ਸੂਬਾ ਸਰਕਾਰਾਂ ਦੇ ਮੰਤਰੀਆਂ ਨੇ ਮਾਈਨਿੰਗ ਮਾਫਿਆ ਨਾਲ ਮਿਲ ਕੇ ਇਸ ਗੈਰ ਕਾਨੂੰਨੀ ਕੰਮ ਨੂੰ ਚਲਾ ਕੇ ਰੱਖਿਆ ਗਿਆ। ਇਸ ਕਾਰਨ ਹੀ ਪੰਜਾਬ ਦੇ ਸਰਕਾਰੀ ਖ਼ਜਾਨੇ ਨੂੰ 19 ਹਜ਼ਾਰ ਕਰੋੜ ਤੋਂ ਜਿਆਦਾ ਨੁਕਸਾਨ ਹੋਇਆ ਹੈ। ਕਿਉਂਕਿ ਆਮ ਆਦਮੀ ਪਾਰਟੀ ਹੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਹਿੰਦੀ ਹੁੰਦੀ ਸੀ ਕਿ ਇਸ ਮਾਈਨਿੰਗ ਤੋਂ 20 ਹਜ਼ਾਰ ਕਰੋੜ ਰੁਪਏ ਕਮਾਏ ਜਾ ਸਕਦੇ ਹਨ, ਜਦੋਂ ਕਿ ਹੁਣ ਤੱਕ ਸਾਲਾਨਾ ਸਿਰਫ਼ 288 ਕਰੋੜ ਰੁਪਏ ਹੀ ਕਮਾਏ ਜਾ ਰਹੇ ਹਨ। ਇਹ ਗੰਭੀਰ ਦੋਸ਼ ਸੀਨੀਅਰ ਭਾਜਪਾ ਆਗੂ ਤਰੁਣ ਚੁੱਘ ਵੱਲੋਂ ਚੰਡੀਗੜ੍ਹ ਵਿਖੇ ਭਾਜਪਾ ਵੱਲੋਂ ਲਾਈ ਗਈ ਜਨਤਾ ਦੀ ਵਿਧਾਨ ਸਭਾ ਵਿੱਚ ਲਗਾਏ ਗਏ ਹਨ।

Punjab News

ਜਨਤਾ ਵਿਧਾਨ ਸਭਾ ’ਚ ਤਰੁਣ ਚੁੱਘ ਨੇ ਕਿਹਾ ਕਿ ਹੜ੍ਹਾਂ ਸਬੰਧੀ ਸੱਦੇ ਹੋਏ ਵਿਧਾਨ ਸਭਾ ਸੈਸ਼ਨ ’ਚ ਆਮ ਜਨਤਾ ਦੀ ਗੱਲ ਨਹੀਂ ਰੱਖੀ ਜਾ ਰਹੀ ਹੈ ਤੇ ਸਿਰਫ਼ ਸਿਆਸੀ ਦੋਸ਼ ਲਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਅਪਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਵਿਧਾਨ ਸਭਾ ਦੇ ਸਪੀਕਰ ਵੀ ਕੁਝ ਬੋਲਣ ਦੀ ਥਾਂ ’ਤੇ ਸੱਤਾਧਿਰ ਦਾ ਸਾਥ ਹੀ ਦੇ ਰਹੇ ਹਨ ਤੇ ਪਹਿਲੀ ਵਾਰ ਹੋਇਆ ਹੈ ਜਦੋਂ ਸੱਤਾਧਿਰ ਪਾਰਟੀ ਵੈੱਲ ’ਚ ਆਪਣੀ ਹੀ ਸਰਕਾਰ ਤੇ ਸਪੀਕਰ ਖ਼ਿਲਾਫ਼ ਤਖ਼ਤੀ ਲੈ ਕੇ ਖੜ੍ਹੀ ਹੋਈ ਅਤੇ ਸਪੀਕਰ ਨੂੰ ਸਦਨ ਦੀ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ ਹੋਵੇ। ਉਨ੍ਹਾਂ ਕਿਹਾ ਕਿ ਇਸੇ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਜਨਤਾ ਦੀ ਅਦਾਲਤ ਸੱਦਣੀ ਪਈ ਹੈ।

Punjab News

ਤਰੁਣ ਚੁੱਘ ਨੇ ਕਿਹਾ ਕਿ ਮਾਧੋਪੁਰ ਹੈੱਡਵਰਕਸ ਦੇ 28 ਗੇਟ ਨੂੰ ਲੈ ਕੇ ਵੱਡੇ ਪੱਧਰ ’ਤੇ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਕਦੋਂ ਤੋਂ ਬੰਦ ਸਨ ਤੇ ਇਨ੍ਹਾਂ ਦੀ ਮੁਰੰਮਤ ਕਿਉਂ ਨਹੀਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਜਿਹੜੀ ਕੰਪਨੀ ਨੂੰ ਇਸ ਹੈੱਡਵਰਕਸ ਦੀ ਰਿਪੋਰਟ ਤਿਆਰ ਕਰਨ ਦਾ ਟੈਂਡਰ ਦਿੱਤਾ ਗਿਆ, ਉਹ ਕੰਪਨੀ ਕਹਿੰਦੀ ਹੈ ਕਿ ਇਹ ਟੈਂਡਰ ਹੀ ਕਿਸੇ ਹੋਰ ਕੰਮ ਲਈ ਸੀ। ਉਨ੍ਹਾਂ ਕਿਹਾ ਕਿ ਆਖਰਕਾਰ ਪੰਜਾਬ ਵਿੱਚ ਹੋਈ ਕੀ ਜਾਂਦਾ ਹੈ ਇਹ ਸਮਝ ਤੋਂ ਬਾਹਰ ਹੈ। ਇਸ ਮਾਮਲੇ ਵਿੱਚ ਵੀ ਵੱਡੇ ਪੱਧਰ ’ਤੇ ਜਾਂਚ ਹੋਣੀ ਚਾਹੀਦੀ ਹੈ। Floods in Punjab

Read Also : ਹੜ੍ਹ ਪੀੜਤਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਵਧਾਈ ਗਈ ਰਾਹਤ ਰਾਸ਼ੀ

ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਦੇ 12 ਹਜ਼ਾਰ ਕਰੋੜ ਰੁਪਏ ਦਾ ਹਿਸਾਬ ਕਿਤਾਬ ਦੇਣ ਦੀ ਥਾਂ ’ਤੇ ਵਿਧਾਨ ਸਭਾ ਵਿੱਚ ਕਈ ਕੈਬਨਿਟ ਮੰਤਰੀ ਸਿਰਫ਼ ਝੂਠ ਬੋਲ ਰਹੇ ਹਨ ਤੇ ਆਪਣੇ ਵੱਲੋਂ ਕੀਤੀ ਗਈ ਲੁੱਟ ਦਾ ਹਿਸਾਬ ਕਿਤਾਬ ਵੀ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਨਜਾਇਜ਼ ਮਾਈਨਿੰਗ ਕਰਕੇ ਹੀ ਧੁੱਸੀ ਬੰਨ੍ਹ ਕਮਜ਼ੋਰ ਹੋਇਆ ਤੇ ਉਸ ਕਰਕੇ ਹੀ ਪੰਜਾਬ ਦੇ ਕਈ ਦਰਜ਼ਨ ਪਿੰਡਾਂ ਨੂੰ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤਾਂ ਹੜ੍ਹਾਂ ਨੂੰ ਲੈ ਕੇ ਤਿਆਰ ਹੀ ਨਹੀਂ ਸੀ ਤੇ ਸਮਾਂ ਰਹਿੰਦੇ ਹੋਏ ਸਰਕਾਰ ਦੇ ਜਲ ਸਰੋਤ ਵਿਭਾਗ ਵੱਲੋਂ ਮੀਟਿੰਗ ਹੀ ਨਹੀਂ ਕੀਤੀ ਗਈ।