ਬਾਦਲਾਂ ‘ਤੇ ਹਮਲੇ ਸਬੰਧੀ ਅਜੇ ਸਪੱਸ਼ਟ ਨਹੀਂ ਦੱਸ ਸਕਦੇ : ਸਿੱਧੂ
ਕਾਰ ਖੋਹਣ ਦੇ ਮਾਮਲੇ ‘ਚ ਵੀ ਅਜੇ ਪੁਲਿਸ ਨਾ ਪੁੱਜ ਸਕੀ ਤੈਅ ਤੱਕ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਉੱਤਰ ਪ੍ਰਦੇਸ਼ ਦੀ ਸ਼ਾਮਲੀ ਪੁਲਿਸ ਵੱਲੋਂ ਪਿਛਲੇ ਦਿਨੀਂ ਕਾਬੂ ਕੀਤੇ ਗਏ ਤਿੰਨ ਬਦਮਾਸ਼ਾਂ ਤੋਂ ਪੁੱਛਗਿੱਛ ਦੇ ਅਧਾਰ ‘ਤੇ ਖੁਲਾਸਾ ਕੀਤਾ ਗਿਆ ਸੀ ਕਿ ਇਨ੍ਹਾਂ ਦੇ ਨਿਸ਼ਾਨੇ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਸਨ, ਪਰ ਇੱਧਰ ਪਟਿਆਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਇਸ ਗਿਰੋਹ ਦੇ ਮਾਸਟਰ ਮਾਈਂਡ ਜਮਰਨ ਸਿੰਘ ਕੋਲੋਂ ਬਾਦਲ ‘ਤੇ ਹਮਲੇ ਸਬੰਧੀ ਸੱਚ ਨਹੀਂ ਉਗਲਵਾ ਸਕੀ। ਸੀਆਈਏ ਸਟਾਫ਼ ਪਟਿਆਲਾ ਕੋਲ ਜਮਰਨ ਸਿੰਘ ਕਈ ਦਿਨਾਂ ਤੋਂ ਰਿਮਾਂਡ ‘ਤੇ ਹੈ, ਪਰ ਇਸ ਰਿਮਾਂਡ ਦੌਰਾਨ ਪੁਲਿਸ ਬਾਦਲ ‘ਤੇ ਹਮਲੇ ਸਬੰਧੀ ਪੁੱਛਗਿੱਛ ਕਰਨ ‘ਚ ਫਾਡੀ ਸਾਬਤ ਹੋਈ ਹੈ। ਉਂਜ ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਹ ਅਗਲੇ ਦਿਨਾਂ ਦੌਰਾਨ ਇਸ ਮਾਮਲੇ ਦੀ ਤੈਅ ਤੱਕ ਪੁੱਜਣਗੇ।
ਜਾਣਕਾਰੀ ਅਨੁਸਾਰ ਪਟਿਆਲਾ ਤੇ ਰਾਜਸਥਾਨ ਪੁਲਿਸ ਵੱਲੋਂ ਸਾਂਝੇ ਓਪਰੇਸ਼ਨ ਦੌਰਾਨ ਜਰਮਨ ਸਿੰਘ ਨੂੰ 18 ਅਕਤੂਬਰ ਨੂੰ ਬੀਕਾਨੇਰ ਤੋਂ ਗ੍ਰਿਫਤਾਰ ਕੀਤਾ ਸੀ। ਉਸ ਵਕਤ ਪੁਲਿਸ ਦਾ ਕਹਿਣਾ ਸੀ ਕਿ ਉਹ ਪਾਤੜਾਂ ਵਿਖੇ ਇੰਕ ਕਾਰ ਖੋਹਣ ਦੇ ਮਾਮਲੇ ਨੂੰ ਲੈ ਕੇ ਜਰਮਨ ਸਿੰਘ ਲੋੜੀਂਦਾ ਹੈ। ਪੁਲਿਸ ਵੱਲੋਂ ਜਰਮਨ ਸਿੰਘ ਨੂੰ ਅਗਲੇ ਦਿਨ ਅਦਾਲਤ ‘ਚ ਪੇਸ਼ ਕਰਕੇ ਪੰਜ ਦਿਨਾਂ ਰਿਮਾਂਡ ਹਾਸਲ ਕੀਤਾ ਸੀ, ਪਰ ਪੁਲਿਸ ਅਜੇ ਤੱਕ ਆਪਣੇ ਪੰਜ ਦਿਨਾਂ ਦੇ ਰਿਮਾਂਡ ‘ਚ ਇਸ ਕਾਰ ਖੋਹਣ ਵਾਲੇ ਮਾਮਲੇ ਵੱਲ ਹੀ ਨਹੀਂ ਤੁਰੀ।
ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਅੱਜ ਜਰਮਨ ਸਿੰਘ ਤੇ ਉਸਦੇ ਇੱਕ ਸਾਥੀ ਈਸ਼ਵਰ ਸਿੰਘ ਤੋਂ ਪੰਜ ਹਥਿਆਰ ਬਰਾਮਦ ਹੋਣ ਸਬੰਧੀ ਪੱਤਰਕਾਰਾਂ ਨਾਲ ਗੱਲ ਕੀਤੀ ਜਾ ਰਹੀ ਸੀ। ਇਸ ਦੌਰਾਨ ਜਦੋਂ ਪੱਤਰਕਾਰਾਂ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਤੋਂ ਜਰਮਨ ਸਿੰਘ ਵੱਲੋਂ ਰੈਲੀ ਦੌਰਾਨ ਪਰਕਾਸ਼ ਸਿੰਘ ਬਾਦਲ ‘ਤੇ ਕੀਤੇ ਜਾਣ ਵਾਲੇ ਹਮਲੇ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾ ਕਿਹਾ ਕਿ ਉਨ੍ਹਾਂ ਨੇ ਅਜੇ ਇਸ ਸਬੰਧੀ ਪੁੱਛਗਿੱਛ ਹੀ ਨਹੀਂ ਕੀਤੀ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸ਼ਾਮਲੀ ਪੁਲਿਸ ਵੱਲੋਂ ਤਾਂ ਪ੍ਰੈਸ ਕਾਨਫਰੰਸ ਕਰਕੇ ਆਖਿਆ ਗਿਆ ਸੀ ਕਿ ਇਨ੍ਹਾਂ ਵਿਅਕਤੀਆਂ ਦੇ ਨਿਸ਼ਾਨੇ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਸਨ ਤੇ ਰੈਲੀ ਦੌਰਾਨ ਇਨ੍ਹਾਂ ਵੱਲੋਂ ਉਨ੍ਹਾਂ ‘ਤੇ ਹਮਲੇ ਦੀ ਯੋਜਨਾ ਸੀ, ਤਾਂ ਐੱਸਐੱਸਪੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਆਈ ਜੀ ਲੈਵਲ ਦੇ ਅਧਿਕਾਰੀ ਵੱਲੋਂ ਇਹ ਬਿਆਨ ਦਿੱਤੇ ਗਏ ਹਨ ਤਾਂ ਉਹ ਇਸ ਤੋਂ ਇਨਕਾਰੀ ਨਹੀਂ ਹਨ।
ਉੁਂਜ ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਨੇ ਆਪਣੇ ਰਿਮਾਂਡ ਦੌਰਾਨ ਅਜੇ ਜਰਮਨ ਸਿੰਘ ਤੋਂ ਇਸ ਮਾਮਲੇ ਸਬੰਧੀ ਜਿਆਦਾ ਪੁੱਛਗਿੱਛ ਨਹੀਂ ਕੀਤੀ। ਜਦੋਂ ਉਹ ਅਗਲੇ ਦਿਨਾਂ ਦੌਰਾਨ ਤਸੱਲੀ ਨਾਲ ਪੁੱਛਗਿੱਛ ਕਰਨਗੇ ਤਾਂ ਹੀ ਉਹ ਸਪੱਸ਼ਟ ਜਾਣਕਾਰੀ ਦੇ ਸਕਣਗੇ। ਹੈਰਾਨੀ ਦੀ ਗੱਲ ਇੱਕ ਇਹ ਵੀ ਹੈ ਕਿ ਪਟਿਆਲਾ ਪੁਲਿਸ ਵੱਲੋਂ ਜਮਰਨ ਸਿੰਘ ਨੂੰ ਪਾਤੜਾਂ ਤੋਂ ਕਾਰ ਖੋਹਣ ਦੇ ਮਾਮਲੇ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ ਸੀ, ਪਰ ਪੁਲਿਸ ਅਜੇ ਇਸ ਪਾਸੇ ਵੱਲ ਹੀ ਨਹੀਂ ਹੋਈ। ਐੱਸਐੱਸਪੀ ਸ੍ਰ. ਸਿੱਧੂ ਦਾ ਕਹਿਣਾ ਹੈ ਕਿ ਅਜੇ ਉਹ ਹਥਿਆਰ ਬਰਾਮਦਗੀ ਮਾਮਲੇ ‘ਚ ਹੀ ਲੱਗੇ ਹੋਏ ਹਨ, ਕਿਉਂਕਿ ਜੋ ਕਾਰ ਖੋਹਣ ਮੌਕੇ ਹਥਿਆਰ ਵਰਤੇ ਗਏ ਸਨ, ਪੁਲਿਸ ਨੂੰ ਸ਼ੱਕ ਹੈ ਕਿ ਉਹ ਜਰਮਨ ਸਿੰਘ ਵੱਲੋਂ ਹੀ ਨਾ ਦਿੱਤੇ ਗਏ ਹੋਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।