ਛੇ ਪਿਸਤੌਲ ਬਰਾਮਦ
ਲਖਵੀਰ ਸਿੰਘ, ਮੋਗਾ: ਥਾਣਾ ਬਾਘਾਪੁਰਾਣਾ ਦੇ ਮੁੱਖ ਅਫਸਰ ਇੰਸਪੈਕਟਰ ਜਗਜੀਤ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਡਾਕੇ ਦੀ ਕਥਿਤ ਯੋਜਨਾ ਬਣਾਉਂਦੇ ਪੰਜ ਵਿਅਕਤੀਆਂ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ। ਇਸ ਸਬੰਧੀ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਐਸਪੀ (ਆਈ) ਵਜੀਰ ਸਿੰਘ ਖਹਿਰਾ ਅਤੇ ਡੀਐਸਪੀ ਜਸਵੰਤ ਸਿੰਘ ਨੇ ਦੱਸਿਆ ਕਿ ਖੁਫ਼ੀਆ ਸੂਚਨਾ ਮਿਲਣ ‘ਤੇ ਥਾਣਾ ਬਾਘਾਪੁਰਾਣਾ ਦੇ ਮੁੱਖ ਅਫਸਰ ਇੰਸਪੈਕਟਰ ਜਗਜੀਤ ਸਿੰਘ ਅਤੇ ਪੁਲਿਸ ਪਾਰਟੀ ਨੇ ਚੰਨੂਵਾਲਾ ਨਹਿਰ ਕੋਲ ਛਾਪਾਮਾਰੀ ਕਰਕੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋ 3 ਪਿਸਤੌਲ 32 ਬੋਰ, 2 ਪਿਸਤੌਲ 12 ਬੋਰ, ਇੱਕ ਪਿਸਤੌਲ 315 ਬੋਰ ਅਤੇ 16 ਰੌਦ ਵੱਖ ਵੱਖ ਬੋਰ ਦੇ ਬਰਾਮਦ ਕੀਤੇ। ਜਦ ਕਿ ਉਨਾਂ ਦਾ ਇੱਕ ਸਾਥੀ ਫਰਾਰ ਹੋਣ ਵਿੱਚ ਸਫਲ ਹੋ ਗਿਆ।
ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਓਕਾਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜੀਤਾ ਸਿੰਘ ਵਾਲਾ, ਪ੍ਰੀਤਮ ਸਿੰਘ ਉਰਫ ਪਿੰਟੂ ਪੁੱਤਰ ਗੁਰਭਜਨ ਸਿੰਘ ਵਾਸੀ ਜੀਤਾ ਸਿੰਘ ਵਾਲਾ, ਸਤਿਕਾਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਕੋਟਲਾ ਰਾਏਕਾ, ਮਨਦੀਪ ਸਿੰਘ ਉਰਫ ਦੀਪਾ ਪੁੱਤਰ ਬਿੰਦਰ ਸਿੰਘ ਵਾਸੀ ਸਮਾਲਸਰ ਅਤੇ ਦਿਲਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮਾੜੀਮੁਸਤਫਾ ਵਜੋ ਹੋਈ ਹੈ। ਇਸ ਸਬੰਧੀ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਖਿਲਾਫ ਅ/ਧ 399, 402 ਆਈਪੀਸੀ ਅਤੇ 25/27/54/59 ਅਸਲਾ ਐਕਟ ਤਹਿਤ ਮੁਕੱਦਮਾ ਨੰਬਰ 162 ਥਾਣਾ ਬਾਘਾਪੁਰਾਣਾ ਵਿੱਚ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਕੋਲੋ ਹੋਰ ਵੀ ਪੁੱਛ ਗਿੱਛ ਕੀਤੀ ਜਾ ਰਹੀ ਹੈ ਜਿਨਾਂ ਕੋਲੋ ਕਈ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।