ਜੇਲ੍ਹ ਵਾਰਡਨਾਂ ਸਣੇ ਪੰਜ ਮੁਲਜਮ 26 ਤੱਕ ਨਿਆਇਕ ਹਿਰਾਸਤ ‘ਚ

ਮਾਮਲਾ ਜੇਲ੍ਹ ਅੰਦਰ ਮੋਬਾਇਲ ਸਪਲਾਈ ਦਾ

ਮੋਬਾਇਲ ਰਾਹੀਂ ਕੀਤੀਆਂ ਕਾਲਾਂ ਦੀ ਪੜਤਾਲ ਕੀਤੀ ਜਾ ਰਹੀ ਹੈ : ਇੰਸ. ਜੈ ਦੇਵ ਰੰਧਾਵਾ

ਨਾਭਾ, (ਤਰੁਣ ਕੁਮਾਰ ਸ਼ਰਮਾ)। ਜੇਲ੍ਹਾਂ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਨੂੰ ਮੋਬਾਇਲ ਸਪਲਾਈ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਸਥਾਨਕ ਨਵੀ ਜਿਲ੍ਹਾ ਜੇਲ੍ਹ ਦੇ ਦੋ ਵਾਰਡਨਾਂ ਸਣੇ ਪੰਜ ਮੁਲਜਮਾਂ ਨੂੰ 26 ਮਾਰਚ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਜਿਕਰਯੋਗ ਹੈ ਕਿ ਬੀਤੇ ਦਿਨੀਂ ਨਾਭਾ ਦੀ ਨਵੀ ਜਿਲ੍ਹਾ ਜੇਲ੍ਹ ਦੇ ਦੋ ਵਾਰਡਨਾਂ ਨੂੰ ਦੋ ਨਵੇਂ ਮੋਬਾਇਲ ਅਤੇ ਸਿੰਮਾਂ ਸਣੇ ਜੇਲ੍ਹ ਅਧਿਕਾਰੀਆਂ ਵੱਲੋਂ ਫੜਿਆ ਗਿਆ ਸੀ। ਦੋਵਾਂ ਖਿਲਾਫ ਸਦਰ ਥਾਣਾ ਪੁਲਿਸ ਨਾਭਾ ਵੱਲੋਂ ਪ੍ਰੀਜਨ ਸਮੇਤ ਕਰਪੱਸ਼ਨ ਐਕਟ ਅਧੀਨ ਵੱਖ-ਵੱਖ ਧਾਰਾਵਾਂ ਵਿੱਚ ਮਾਮਲਾ ਦਰਜ ਕਰਕੇ ਦੋਵਾਂ ਵਾਰਡਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ।

ਦੋਵਾਂ ਵਾਰਡਨਾਂ ਦੇ ਪੁਲਿਸ ਰਿਮਾਂਡ ਦੌਰਾਨ ਕੀਤੇ ਕਥਿਤ ਖੁਲਾਸਿਆਂ ਦੇ ਆਧਾਰ ‘ਤੇ ਨਾਭਾ ਪੁਲਿਸ ਨੇ ਨਾਭਾ ਜੇਲ੍ਹ ਬ੍ਰੇਕ ਨਾਲ ਸੰਬੰਧਤ ਗੈਂਗਸਟਰ ਨੀਟਾ ਦਿਉਲ, ਪਰਮਿੰਦਰ ਟਾਇਗਰ ਅਤੇ ਮੁਕੰਦ ਖਾਂ ਨਾਮ ਦੇ ਤਿੰਨ ਹੋਰ ਹਵਾਲਾਤੀਆਂ ਨੂੰ ਪ੍ਰੋਡਕਸ਼ਨ ਰਿਮਾਂਡ ‘ਤੇ ਲਿਆ ਕੇ ਪੁੱਛ ਗਿੱਛ ਕੀਤੀ ਸੀ। ਪੁਲਿਸ ਰਿਮਾਂਡ ਦੌਰਾਨ ਗੈਂਗਸਟਰ ਨੀਟਾ ਦਿਉਲ ਅਤੇ ਦੂਜੇ ਹਵਾਲਾਤੀਆਂ ਦੀ ਨਿਸ਼ਾਨਦੇਹੀ ‘ਤੇ ਪੁਲਿਸ ਵੱਲੋਂ ਤਿੰਨ ਹੋਰ ਮੋਬਾਇਲ ਅਤੇ ਸਿੰਮ ਵੀ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।

ਮਾਮਲੇ ਦੇ ਪੰਜੋਂ ਮੁਲਜਮਾਂ ਨੂੰ ਅੱਜ ਭਾਰੀ ਸੁਰੱਖਿਆ ਅਧੀਨ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਪੰਜੋਂ ਮੁਲਜਮਾਂ ਨੂੰ 26 ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਉਪਰੋਕਤ ਜਾਣਕਾਰੀ ਦੀ ਪੁਸ਼ਟੀ ਕਰਦਿਆਂ ਸਦਰ ਥਾਣਾ ਇੰਚਾਰਜ ਇੰਸਪੈਕਟਰ ਜੈ ਦੇਵ ਰੰਧਾਵਾ ਨੇ ਦੱਸਿਆ ਕਿ ਪੰਜੋ ਮੁਲਜਮਾਂ ਨੂੰ ਅੱਜ ਅਦਾਲਤ ਨੇ 26 ਮਾਰਚ ਤੱਕ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮਾਮਲੇ ਦੇ ਕਥਿਤ ਦੋਸ਼ੀ ਦੋਨੋ ਵਾਰਡਨ ਜੇਲ੍ਹਾਂ ਅੰਦਰ ਦੁੱਗਣੇ ਤੋਭ ਤਿੰਨ ਗੁਣਾ ਰੇਟਾਂ ਵਿੱਚ ਮੋਬਾਇਲ ਦੀ ਕੀਮਤ ਲੈ ਕੇ ਮੋਬਾਇਲ ਸਪਲਾਈ ਕਰਦੇ ਸਨ। ਪੁਲਿਸ ਵੱਲੋਂ ਵਰਤੇ ਗਏ ਮੋਬਾਇਲਾਂ ਅਤੇ ਸਿਮਾਂ ਤੋਂ ਕੀਤੀਆ ਕਾਲਾਂ ਦੀ ਬਾਰੀਕੀ ਨਾਲ ਖੋਖ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here