ਕੈਸ਼ ਲਿਆ ਰਹੇ ਫਾਈਨਾਂਸ ਕੰਪਨੀ ਦੇ ਮੈਨੇਜਰ ‘ਤੇ ਫਾਇਰਿੰਗ

firing

ਫ਼ਰੀਦਕੋਟ, (ਲਛਮਣ ਗੁਪਤਾ) ਕੈਸ਼ ਇਕੱਠਾ ਕਰਕੇ ਮੋਟਰਸਾਈਕਲ ‘ਤੇ ਆ ਰਹੇ ਫਾਈਨਾਂਸ ਕੰਪਨੀ ਦੇ ਮੈਨੇਜਰ ਤੇ ਉਸ ਦੇ ਸਾਥੀ ‘ਤੇ ਲੁੱਟਣ ਦੀ ਨੀਯਤ ਨਾਲ ਕੁਝ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਫਾਇਰਿੰਗ ਦੀ ਵਾਰਦਾਤ ‘ਚ ਕੰਪਨੀ ਦੇ ਮੈਨੇਜਰ ਦੇ ਪੱਟ ‘ਚ ਗੋਲੀ ਲੱਗੀ ਹੈ, ਜਿਸ ਦਾ ਇਲਾਜ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ। ਸਾਇਟਨ ਕਰੈਡਿਟ ਕੇਅਰ ਨੈੱਟਵਰਕ ਲਿਮਟਿਡ ਦੇ ਏਰੀਆ ਮੈਨੇਜਰ ਉਮੇਸ਼ ਮਿਸ਼ਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿੰਡਾਂ ‘ਚ ਖਾਤੇ ਖੋਲ੍ਹ ਕੇ ਤੇ ਕਿਸ਼ਤਾਂ ਦੀ ਉਗਰਾਹੀ ਕਰਕੇ ਕੈਸ਼ ਲੈਕੇ ਮੁੱਦਕੀ ਤੋਂ ਫ਼ਰੀਦਕੋਟ ਵੱਲ ਨੂੰ ਆਪਣੇ ਮੋਟਰਸਾਈਕਲ ‘ਤੇ ਆ ਰਿਹਾ ਸੀ।

ਉਨ੍ਹਾਂ ਦੇ ਪਿੱਛੇ ਕੰਪਨੀ ਦੀ ਫ਼ਰੀਦਕੋਟ ਸਥਿਤ ਬਰਾਂਚ ਦਾ ਮੈਨੇਜਰ ਸੰਨੀ ਸਿੰਘ ਬੈਠਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਿੰਡ ਟਹਿਣਾ ਨਜ਼ਦੀਕ ਕਰਾਉਨ ਪੈਲੇਸ ਅੱਗੇ ਸੜਕ ਦੇ ਦੋਵੇਂ ਪਾਸੇ ਦੋ ਨੌਜਵਾਨ ਖੜ੍ਹੇ ਦੇਖੇ। ਨੌਜਵਾਨਾਂ ਤੋਂ ਅੱਗੇ ਲੰਘਣ ਤੋਂ ਬਾਅਦ ਉਨ੍ਹਾਂ ਨੂੰ ਗੋਲੀ ਚੱਲਣ ਦੀ ਆਵਾਜ਼ ਆਈ। ਉਮੇਸ਼ ਨੇ ਜਦੋਂ ਪਿੱਛੇ ਮੁੜ ਕੇ ਵੇਖਿਆ ਤਾਂ ਸੰਨੀ ਦੇ ਪੱਟ ‘ਚ ਗੋਲੀ ਲੱਗੀ ਹੋਈ ਸੀ ਅਤੇ ਖੂਨ ਵਗ ਰਿਹਾ ਸੀ ਉਸ ਨੇ ਤੁਰੰਤ ਮੋਟਰਸਾਈਕਲ ਤੇਜ਼ ਭਜਾਉਂਦੇ ਹੋਏ ਥਾਣਾ ਸਿਟੀ ਫ਼ਰੀਦਕੋਟ ਪਹੁੰਚ ਕੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਵੱਲੋਂ ਜ਼ਖ਼ਮੀ ਹਾਲਤ ‘ਚ ਸੰਨੀ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਲਾਜ ਕਰ ਰਹੇ ਡਾਕਟਰਾਂ ਨੇ ਕਿਹਾ ਕਿ ਸੰਨੀ ਸਿੰਘ ਦੇ ਪੱਟ ‘ਚ ਗੋਲੀ ਲੱਗੀ ਹੈ, ਜਿਸ ਨੂੰ ਕੱਢਣ ਲਈ ਇਲਾਜ ਕੀਤਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਮਰੀਜ਼ ਦੀ ਹਾਲਤ ਠੀਕ ਹੈ। ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਕਿਹਾ ਕਿ ਸਦਰ ਥਾਣਾ, ਕੋਟਕਪੂਰਾ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਜਲਦ ਹੀ ਹਮਲਾਵਾਰਾਂ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।