ਹਮਲਾਵਾਰ ਮੌਕੇ ਤੋਂ ਹੋਏ ਫਰਾਰ
ਮੋਹਾਲੀ (ਐੱਮ ਕੇ ਸ਼ਾਇਨਾ)। ਮੋਹਾਲੀ ਦੇ ਸੋਹਾਣਾ ਇਲਾਕੇ ਵਿਚ ਸੋਮਵਾਰ ਦੇਰ ਸ਼ਾਮ ਵੱਡੀ ਵਾਰਦਾਤ ਸਾਹਮਣੇ ਆਈ ਹੈ। ਜਿੱਥੇ ਕਬੱਡੀ ਕੱਪ ਮੌਕੇ ਗੋਲੀਆਂ ਚੱਲ ਗਈਆਂ ਹਨ। ਇਹ ਮਾਮਲਾ ਮੋਹਾਲੀ ਦੇ ਸੈਕਟਰ-82 ਦੇ ਮੈਦਾਨ ਵਿੱਚ ਵਾਪਰਿਆ। ਜਿੱਥੇ ਕਬੱਡੀ ਦਾ ਮੈਚ ਚੱਲ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ, ਬੋਲੈਰੋ ਅਤੇ ਦੋ ਮੋਟਰਸਾਈਕਲਾਂ ਵਿੱਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਵਿੱਚ ਕਬੱਡੀ ਖਿਡਾਰੀ ਅਤੇ ਟੂਰਨਾਮੈਂਟ ਨੂੰ ਪ੍ਰਮੋਟ ਕਰ ਰਹੇ ਇੱਕ ਨੌਜਵਾਨ ਨੂੰ ਗੋਲੀ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜ਼ਖਮੀ ਵਿਅਕਤੀ ਨੂੰ ਇਲਾਜ ਲਈ ਤੁਰੰਤ ਫੋਰਟਿਸ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਫਿਲਹਾਲ ਰਾਣਾ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਫੇਜ਼ ਛੇ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰ ਸੈਲਫੀ ਲੈਣ ਦੇ ਬਹਾਨੇ ਰਾਣਾ ਕੋਲ ਆਏ ਸਨ ਅਤੇ ਫਿਰ ਉਹਨਾਂ ਨੇ ਉਸ ਦੇ ਸਿਰ ਉੱਤੇ ਗੋਲੀਆਂ ਮਾਰੀਆਂ ਅਤੇ ਫਰਾਰ ਹੋ ਗਏ। ਉਨ੍ਹਾਂ ਨੂੰ ਪਹਿਲਾਂ ਲੱਗਾ ਕਿ ਪਟਾਕੇ ਚੱਲ ਰਹੇ ਹਨ। ਮੈਚ ਦੇ ਦੌਰਾਨ ਕਰੀਬ 6 ਰਾਊਂਡ ਫਾਇਰਿੰਗ ਹੋਈ। ਗੋਲੀਆਂ ਦਰਸ਼ਕਾਂ ਦੇ ਉੱਪਰੋਂ ਲੰਘੀਆਂ ਸਨ। ਕਬੱਡੀ ਖਿਡਾਰੀ ਵੀ ਗਰਾਊਂਡ ‘ਤੇ ਤਿਆਰੀ ਕਰ ਰਹੇ ਸਨ, ਜਦੋਂ ਅਚਾਨਕ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਗੋਲੀਬਾਰੀ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਇਸ ਟੂਰਨਾਮੈਂਟ ਵਿੱਚ ਪ੍ਰਸਿੱਧ ਸਿੰਗਰ ਮਨਕੀਰਤ ਔਲਖ ਦੇ ਵੀ ਆਉਣ ਦਾ ਪ੍ਰੋਗਰਾਮ ਸੀ।
ਇਹ ਵੀ ਪੜ੍ਹੋ: Kangana Ranaut: ਬਠਿੰਡਾ ਅਦਾਲਤ ’ਚ ਪੇਸ਼ ਨਹੀਂ ਹੋਈ ਕੰਗਨਾ ਰਣੌਤ, ਹੁਣ ਅਗਲੀ ਸੁਣਵਾਈ ਇਸ ਤਾਰੀਕ ਨੂੰ ਹੋਵੇਗੀ
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਦੇਖੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦਾ ਪਤਾ ਲਗਾਇਆ ਜਾ ਸਕੇ। ਥਾਂ-ਥਾਂ ਨਾਕਾਬੰਦੀ ਕੀਤੀ ਜਾ ਰਹੀ ਹੈ। ਉਥੇ ਹੀ ਮ੍ਰਿਤਕ ਪ੍ਰਮੋਟਰ ਦੀ ਪਹਿਚਾਣ ਰਾਣਾ ਬਲਾਚੌਰੀਆਂ ਵੱਜੋਂ ਹੋਈ ਹੈ। ਦੱਸ ਦਈਏ ਕਿ ਬੀਤੇ ਚਾਰ ਦਸੰਬਰ ਨੂੰ ਹੀ ਰਾਣਾ ਬਲਾਚੋਰੀਆ ਦਾ ਵਿਆਹ ਹੋਇਆ ਸੀ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਮੋਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਨੇ ਦੱਸਿਆ ਕਿ 4 ਤੋਂ 5 ਹਮਲਾਵਰਾਂ ਵੱਲੋਂ ਗੋਲੀਆਂ ਚਲਾਇਆਂ ਗਈਆਂ। ਇਸ ਦੌਰਾਨ ਰਾਣਾ ਬਲਾਚੌਰੀਆ ਦੇ ਸਿਰ ਵਿੱਚ ਗੋਲੀਆਂ ਲੱਗੀਆਂ। ਇਸ ਗੋਲੀਬਾਰੀ ਵਿੱਚ ਰਾਣਾ ਬਲਾਚੌਰੀਆ ਦੀ ਮੌਤ ਹੋ ਗਈ ਹੈ। ਐਸਐਸਪੀ ਨੇ ਦੱਸਿਆ ਕਿ ਰਾਣਾ ਦੀ ਬੰਬੀਹਾ ਗੈਂਗ ਦੇ ਨਾਲ ਦੁਸ਼ਮਣੀ ਸੀ ਜਾਂ ਕੁਝ ਹੋਰ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸੋਹਾਣਾ ਵਿੱਚ ਚੱਲ ਰਹੇ ਕਬੱਡੀ ਮੈਚ ਦੌਰਾਨ ਬਦਮਾਸ਼ਾਂ ਨੇ ਉਸ ‘ਤੇ ਫਾਈਰਿੰਗ ਕੀਤੀ ਹੈ।
ਪੰਜਾਬੀ ਡਰ ਵਿੱਚ ਰਹਿਣ ਲਈ ਮਜਬੂਰ: ਅਮਰਿੰਦਰ ਰਾਜਾ ਵੜਿੰਗ
ਕਬੱਡੀ ਟੂਰਨਾਮੈਂਟ ਦੌਰਾਨ ਹੋਈ ਗੋਲੀਬਾਰੀ ਨੂੰ ਲੈ ਕੇ ਅਮਰਿੰਦਰ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਮੋਹਾਲੀ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਖੁੱਲ੍ਹੇਆਮ ਹੋਈ ਗੋਲੀਬਾਰੀ ਜਿਸ ਵਿੱਚ ਖਿਡਾਰੀ ਰਾਣਾ ਬਲਾਚੌਰੀਆ ਦੀ ਜਾਨ ਚਲੀ ਗਈ ਹੈ, ਇਹ ਅਮਨ-ਕਾਨੂੰਨ ਬਣਾਈ ਰੱਖਣ ਵਿੱਚ ਆਮ ਆਦਮੀ ਪਾਰਟੀ ਦੀ ਅਸਫਲਤਾ ਦੀ ਇੱਕ ਭਿਆਨਕ ਯਾਦ ਦਿਵਾਉਂਦੀ ਹੈ। ਉਹਨਾਂ ਕਿਹਾ ਕਿ ਜਨਤਕ ਸਮਾਗਮਾਂ ‘ਤੇ ਚੱਲ ਰਹੀਆਂ ਗੋਲੀਆਂ ਸ਼ਾਸਨ ਦੇ ਪਤਨ ਦਾ ਸਬੂਤ ਹਨ। ਪੰਜਾਬੀ ਡਰ ਵਿੱਚ ਰਹਿਣ ਲਈ ਮਜਬੂਰ ਹੋ ਰਹੇ ਹਨ।














