ਆਦਮਪੁਰ। ਕਮਿਊਨਿਟੀ ਹੈਲਥ ਸੈਂਟਰ (ਸਰਕਾਰੀ ਹਸਪਤਾਲ) ਆਦਮਪੁਰ ਦੇ ਡਿਲੀਵਰੀ ਰੂਮ ਦੇ ਏ. ਸੀ. ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 11:30 ਵਜੇ ਦੇ ਕਰੀਬ ਇਕ ਘਟਨਾ ਵਾਪਰੀ। ਜਦੋਂ ਹਸਪਤਾਲ ਦੇ ਡਿਲੀਵਰੀ ਰੂਮ ‘ਚੋਂ ਸਟਾਫ ਮੈਂਬਰ ਪਲਵਿੰਦਰ ਕੌਰ ਅਤੇ ਸ਼ਿਲਦਰ ਕੌਰ ਇਕ ਮਰੀਜ ਦੀ ਡਿਲੀਵਰੀ ਕਰਕੇ ਬਾਹਰ ਆਏ ਹੀ ਸਨ ਕਿ ਡਿਲੀਵਰੀ ਰੂਮ ‘ਚ ਲੱਗੇ ਏ. ਸੀ. ਨੂੰ ਅਚਾਨਕ ਅੱਗ ਲੱਗ ਗਈ। ਮੌਕੇ ‘ਤੇ ਮੌਜੂਦ ਸਟਾਫ ਮੈਂਬਰਾਂ ਵੱਲੋਂ ਡਿਲੀਵਰੀ ਵਾਲੀ ਔਰਤ ਅਤੇ ਨਵਜੰਮੀ ਬੱਚੀ ਨੂੰ ਰੂਮ ‘ਚੋਂ ਬਾਹਰ ਕੱਢਿਆ ਗਿਆ ਅਤੇ ਹੋਰ ਮਰੀਜ਼ਾਂ ਨੂੰ ਵੀ ਹਸਪਤਾਲ ‘ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਹਸਪਤਾਲ ਦੇ ਬਾਹਰ ਖੜੀ 108 ਐਮਰਜੈਂਸੀ ਐਬੂਲੈਂਸ ਦੇ ਈ. ਐਮ.ਟੀ. ਖੁਸ਼ਵਿੰਦਰ ਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਅਤੇ ਹਸਪਤਾਲ ਦੇ ਸਾਹਮਣੇ ਥਾਣੇ ਤੋਂ ਗੁਰਵਿੰਦਰ ਸਿੰਘ, ਅਵਿਨਾਸ਼ ਸਿੰਘ ਕਾਂਸਟੇਬਲ, ਹੈੱਡ ਕਾਂਸਟੇਬਲ ਮਨੋਹਰ ਸਿੰਘ ਅਤੇ ਏ. ਐੱਸ. ਆਈ. ਅਮੀਰ ਸਿੰਘ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਦਰਵਾਜ਼ੇ ਤੋੜ ਕੇ ਡਿਲੀਵਰੀ ਰੂਮ ‘ਚ ਪਹੁੰਚੇ ਅਤੇ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਦੱਸਣਯੋਗ ਹੈ ਕਿ ਹਸਪਤਾਲ ਦੇ ਅੰਦਰ ਕਰੀਬ 15 ਮਰੀਜ਼ਾਂ ਨੂੰ ਬਾਹਰ ਕੱਢਿਆ ਅਤੇ ਨਾਲ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।