ਸਟੇਟ ਬੈਂਕ ਦੇ ਜੋਨਲ ਦਫ਼ਤਰ ‘ਚ ਲੱਗੀ ਅੱਗ

Fire Broke, Zonal Office , State Bank |

ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਪਾਇਆ ਅੱਗ ‘ਤੇ ਕਾਬੂ

ਅਸ਼ੋਕ ਵਰਮਾ/ਬਠਿੰਡਾ।  ਇੱਥੇ ਅਮਰੀਕ ਸਿੰਘ ਰੋਡ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਜੋਨਲ ਦਫਤਰ ਬਠਿੰਡਾ ਦੀ ਦੂਸਰੀ ਮੰਜਿਲ ‘ਤੇ ਅੱਗ ਲੱਗਣ ਕਾਰਨ ਰਿਕਾਰਡ ਸਮੇਤ ਸਾਰਾ ਸਾਜ਼ੋ-ਸਾਮਾਨ ਤਬਾਹ ਹੋ ਗਿਆ ਭੀੜ-ਭਾੜ ਵਾਲੇ ਖੇਤਰ ‘ਚ ਲੱਗੀ ਭਿਆਨਕ ਅੱਗ ਦੇ ਬਾਵਜੂਦ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਅੱਖੀਂ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਅੱਗ ਜਲਦੀ ਨਾ ਬੁਝਦੀ ਤਾਂ ਆਸੇ-ਪਾਸੇ ਦੀਆਂ ਇਮਾਰਤਾਂ ਅੱਗ ਦੀ ਲਪੇਟ ‘ਚ ਆ ਸਕਦੀਆਂ ਸਨ ਫਾਇਰ ਬ੍ਰਿਗੇਡ ਦੀਆਂ ਤਿੰਨ ਅੱਗ ਬੁਝਾਊ ਗੱਡੀਆਂ ਅਤੇ ਫਾਇਰਮੈਨਾਂ ਨੇ ਲੰਮੀ ਜੱਦੋ-ਜਹਿਦ ਕਰਕੇ ਅੱਗ ‘ਤੇ ਕਾਬੂ ਪਾਇਆ।

ਬੈਂਕ ‘ਚ ਸੁਰੱਖਿਆ ਲਈ ਤਾਇਨਾਤ ਮੁਲਾਜ਼ਮ ਹਰਬੰਸ ਸਿੰਘ ਨੇ ਦੱਸਿਆ ਕਿ ਬੈਂਕ ‘ਚ ਫਾਇਰ ਸਿਸਟਮ ਲੱਗਾ ਹੋਇਆ ਹੈ ਜਿਸ ‘ਚ ਤਕਰੀਬਨ ਸਵੇਰੇ ਸਵਾ ਚਾਰ ਕੁ ਵਜੇ ਸਿਗਨਲ ਆਇਆ ਸੀ ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਉੱਪਰਲੀ ਮੰਜਿਲ ‘ਤੇ ਦੇਖਿਆ ਤਾਂ ਧੂੰਆਂ ਨਿੱਕਲ ਰਿਹਾ ਸੀ ਉਨ੍ਹਾਂ ਦੱਸਿਆ ਕਿ ਅੱਗ ਲੱਗਣ ਬਾਰੇ ਪਤਾ ਲੱਗਦਿਆਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਇਸ ਮੌਕੇ ਫਾਇਰ ਅਫਸਰ ਕਰਤਾਰ ਸਿੰਘ ਦੀ ਅਗਵਾਈ ਹੇਠ ਅੱਗ ਬੁਝਾਊ ਦਸਤੇ ਫੌਰੀ ਤੌਰ ‘ਤੇ ਪੁੱਜ ਗਏ ਤੇ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਫਾਇਰਮੈਨਾਂ ਨੇ ਬੈਂਕ ਦੀ ਇਮਾਰਤ ‘ਚ ਪਾਣੀ ਦੀਆਂ ਫੁਹਾਰਾਂ ਛੱਡ ਕੇ ਭਾਵੇਂ ਦੋ ਘੰਟਿਆਂ ਦੇ ਅੰਦਰ-ਅੰਦਰ ਅੱਗ ‘ਤੇ ਕਾਬੂ ਪਾ ਲਿਆ ਸੀ ਪਰ ਧੂੰਏਂ ਨੂੰ ਕਾਬੂ ਕਰਨ ਲਈ ਫਾਇਰਮੈਨ ਤਕਰੀਬਨ ਚਾਰ ਘੰਟੇ ਜੱਦੋ-ਜਹਿਦ ਕਰਦੇ ਰਹੇ ਇਸ ਦੌਰਾਨ ਸਟੇਟ ਬੈਂਕ ਆਫ ਇੰਡੀਆ ਦਾ ਰਿਕਾਰਡ ਰੂਮ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਜਦੋਂਕਿ ਬਚਿਆ ਕਾਗਜ਼ ਪੱਤਰ ਅਤੇ ਕੁਝ ਅਧ ਸੜਿਆ ਸਾਜੋ-ਸਾਮਾਨ ਪਾਣੀ ਦੀਆਂ ਬੁਛਾੜਾਂ ਨਾਲ ਪੂਰੀ ਤਰ੍ਹਾਂ ਨਸ਼ਟ ਹੋ ਗਿਆ।

ਅੱਗ ਲੱਗਣ ਦੀ ਘਟਨਾ ਬਾਰੇ ਜਾਣਕਾਰੀ ਮਿਲਦਿਆਂ ਬੈਂਕ ਦੇ ਸਹਾਇਕ ਜਨਰਲ ਮੈਨੇਜਰ ਯੂ ਐਸ ਗੁਪਤਾ ਅਤੇ ਸੁਰੱਖਿਆ ਅਫਸਰ ਜਗਦੀਪ ਸਿੰਘ ਮਾਨ ਮੌਕੇ ‘ਤੇ ਪੁੱਜੇ ਅਤੇ ਬਚਾਅ ਕਾਰਜਾਂ ਦੀ ਦੇਖ-ਰੇਖ ਸ਼ੁਰੂ ਕਰ ਦਿੱਤੀ ਫਾਇਰ ਬ੍ਰਿਗੇਡ ਦੇ ਮੁਲਾਜਮਾਂ ਨੇ ਦੱਸਿਆ ਕਿ ਦਫਤਰ ਖੁੱਲ੍ਹਣ ਤੋਂ ਪਹਿਲਾਂ ਅੱਗ ਦਾ ਪਤਾ ਲੱਗਣ ਕਾਰਨ ਕਾਫੀ ਬਚਾਅ ਹੋ ਗਿਆ ਹੈ ਕਿਉਂਕਿ ਇਸ ਵੇਲੇ ਨਾਲ ਲੱਗਦੀ ਗਲੀ ਖਾਲੀ ਸੀ ਇਸ ਕਰਕੇਅੱਗ ਬੁਝਾਉਣ ਵਾਲੀਆਂ ਗੱਡੀਆਂ ਬਿਨਾਂ ਕਿਸੇ ਰੁਕਾਵਟ ਤੋਂ ਮੌਕੇ ‘ਤੇ ਪੁੱਜਦੀਆਂ ਰਹੀਆਂ।

ਕਾਰਨਾਂ ਦਾ ਪਤਾ ਨਹੀਂ ਲੱਗਾ ਫਾਇਰ ਅਫਸਰ ਕਰਤਾਰ ਸਿੰਘ ਦਾ ਕਹਿਣਾ ਸੀ ਕਿ ਇਸ ਬੈਂਕ ਦੀ ਇਮਾਰਤ ‘ਚ ਅੰਦਰ ਦਾਖਲ ਹੋਣ ਲਈ ਪੌੜੀਆਂ ਰਾਹੀਂ ਦਾਖਲ ਹੋਣਾ ਪਿਆ ਹੈ ਅਤੇ ਅੱਗਿਓਂ ਪੱਕੇ ਤੌਰ ‘ਤੇ ਸ਼ੀਸ਼ੇ ਲਾ ਕੇ ਬੰਦ ਖਿੜਕੀਆਂ ਅੜਿੱਕਾ ਬਣੀਆਂ ਹਨ ਉਨ੍ਹਾਂ ਆਖਿਆ ਕਿ ਬਚਾਅ ਕਾਰਜ ਲਈ ਪਹਿਲਾਂ ਸ਼ੀਸ਼ਾ ਤੋੜਨਾ ਪਿਆ ਹੈ ਉਸ ਤੋਂ ਬਾਅਦ ਅੰਦਰੂਨੀ ਸਥਿਤੀ ਨੂੰ ਦੇਖਣ ਉਪਰੰਤ ਅੱਗ ਬੁਝਾਉਣੀ ਸ਼ੁਰੂ ਕਰਨੀ ਪਈ ਹੈ ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।

ਪੜਤਾਲ ਉਪਰੰਤ ਨੁਕਸਾਨ ਦਾ ਅਨੁਮਾਨ

ਮਾਮਲੇ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ‘ਤੇ ਬੈਂਕ ਦੇ ਸਹਾਇਕ ਜਨਰਲ ਮੈਨੇਜਰ ਯੂ. ਐਸ. ਗੁਪਤਾ ਨੇ ਕਿਹਾ ਕਿ ਪੜਤਾਲ ਉਪਰੰਤ ਹੀ ਨੁਕਸਾਨ ਬਾਰੇ ਕੁਝ ਕਿਹਾ ਜਾ ਸਕਦਾ ਹੈ ਉਨ੍ਹਾਂ ਦੱਸਿਆ ਕਿ ਸੁਖਾਵਾਂ ਪਹਿਲੂ ਇਹੋ ਹੈ ਕਿ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਸਟੇਟ ਬੈਂਕ ਆਫ ਇੰਡੀਆ ਦੇ ਮੁਲਾਜਮ ਗਗਨਦੀਪ ਸਿੰਘ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਜਿਲ੍ਹਿਆਂ ਨਾਲ ਸਬੰਧਤ ਰਿਕਾਰਡ ਪੂਰੀ ਤਰ੍ਹਾਂ ਸੜ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

LEAVE A REPLY

Please enter your comment!
Please enter your name here