ਕੈਪਟਨ ਅਮਰਿੰਦਰ ਸਿੰਘ ਵੱਲੋਂ ਡੀਜੀਪੀ ਸੁਰੇਸ਼ ਅਰੋੜਾ ਨੂੰ ਹੁਕਮ
ਚੰਡੀਗੜ੍ਹ (ਅਸ਼ਵਨੀ ਚਾਵਲਾ) । ਜਮੀਨ ਪੱਟੋ ਜਾਂ ਆਸਮਾਨ ਪਾੜੋ ਪਰ ਹਰ ਹਾਲਤ ‘ਚ ਗਿਆਨ ਸਾਗਰ ਦੀ ਮੈਨੇਜਮੈਂਟ ਅਤੇ ਉਨ੍ਹਾਂ ਨਾਲ ਜੁੜੇ ਅਹਿਮ ਲੋਕਾਂ ਨੂੰ ਲੱਭ ਕੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਕੋਲ ਜਲਦ ਤੋਂ ਜਲਦ ਪੇਸ਼ ਕਰੋ ਤਾਂ ਕਿ ਮੰਤਰੀ ਬ੍ਰਹਮ ਮਹਿੰਦਰਾ ਗਿਆਨ ਸਾਗਰ ਦੇ ਮਾਮਲੇ ਵਿੱਚ ਕੋਈ ਕਾਰਵਾਈ ਕਰ ਸਕਣ।
ਇਹ ਆਦੇਸ਼ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਏ.ਡੀ.ਜੀ.ਪੀ. ਇੰਟੈਲੀਜੈਂਸ ਤੋਂ ਬਾਅਦ ਹੁਣ ਡੀ.ਜੀ.ਪੀ. ਸੁਰੇਸ ਅਰੋੜਾ ਨੂੰ ਚਾੜ ਦਿੱਤੇ ਹਨ। ਪੰਜਾਬ ਪੁਲਿਸ ਦਿਨ-ਰਾਤ ਇੱਕ ਕਰਕੇ ਗਿਆਨ ਸਾਗਰ ਦੀ ਮੈਨੇਜਮੈਂਟ ਨੂੰ ਲੱਭਣ ਵਿੱਚ ਲੱਗੀ ਹੋਈ ਹੈ ਪਰ ਪਿਛਲੇ 15 ਦਿਨਾਂ ਤੋਂ ਇਹ ਪੁਲਿਸ ਦੇ ਹੱਥ ਨਹੀਂ ਚੜ ਰਹੇ ਹਨ। ਦੂਜੇ ਪਾਸੇ ਗਿਆਨ ਸਾਗਰ ਮੈਡੀਕਲ ਕਾਲਜ ਦਾ ਮਾਮਲਾ ਦਿਨ-ਬ-ਦਿਨ ਹੋਰ ਵਿਗੜਦਾ ਨਜ਼ਰ ਆ ਰਿਹਾ ਹੈ, ਕਿਉਂਕਿ ਹਰ ਦਿਨ ਅਤੇ ਹਰ ਇੱਕ ਘੰਟਾ ਇਸ ਕਾਲਜ ਵਿੱਚ ਪੜ੍ਹਾਈ ਕਰਨ ਵਾਲੇ 1500 ਤੋਂ ਜ਼ਿਆਦਾ ਵਿਦਿਆਰਥੀਆਂ ‘ਤੇ ਭਾਰੀ ਪੈ ਰਿਹਾ ਹੈ।
ਬ੍ਰਹਮ ਮਹਿੰਦਰਾ ਨੇ ਗੱਲਬਾਤ ਲਈ ਅਧਿਕਾਰੀਆਂ ਦੀ ਡਿਊਟੀ ਲਾਈ
ਕੈਬਨਿਟ ਮੰਤਰੀ ਮੰਤਰੀ ਬ੍ਰਹਮ ਮਹਿੰਦਰਾ ਨੇ ਇਸ ਮਾਮਲੇ ਵਿੱਚ ਸੀਨੀਅਰ ਅਧਿਕਾਰੀਆਂ ਦੀ ਡਿਊਟੀ ਲਗਾ ਕੇ ਮੈਡੀਕਲ ਕਾਊਂਸਿਲ ਆਫ਼ ਇੰਡੀਆ ਨਾਲ ਗੱਲਬਾਤ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਤਾਂ ਕਿ ਇਨ੍ਹਾਂ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋਣ ਤੋਂ ਬਚਾਇਆ ਜਾ ਸਕੇ ਅਤੇ ਇਨ੍ਹਾਂ ਨੂੰ ਹੋਰ ਮੈਡੀਕਲ ਕਾਲਜ ਵਿੱਚ ਸ਼ਿਫ਼ਟ ਕੀਤਾ ਜਾ ਸਕੇ। ਬ੍ਰਹਮ ਮਹਿੰਦਰਾ ਨੇ ਇਸ ਸਬੰਧੀ ਦੱਸਿਆ ਕਿ ਅਮਰਿੰਦਰ ਸਿੰਘ ਖ਼ੁਦ ਇਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਲਈ ਚਿੰਤਤ ਹਨ ।
ਜਿਸ ਕਾਰਨ ਜਲਦ ਹੀ ਇਨ੍ਹਾਂ ਵਿਦਿਆਰਥੀਆਂ ਨੂੰ 8 ਵੱਖ-ਵੱਖ ਮੈਡੀਕਲ ਕਾਲਜ ਵਿੱਚ ਸ਼ਿਫ਼ਟ ਕਰ ਦਿੱਤਾ ਜਾਵੇ। ਉਨਾਂ ਦੱਸਿਆ ਕਿ ਗਿਆਨ ਸਾਗਰ ਇਸ ਸਮੇਂ ਸਰਕਾਰੀ ਤੌਰ ‘ਤੇ ਦਿਵਾਲੀਆ ਹੋ ਚੁੱਕਾ ਹੈ ਪਰ ਫਿਰ ਵੀ ਉਹ ਉਨ੍ਹਾਂ ਦੀ ਪ੍ਰਾਪਰਟੀ ਅਤੇ ਕਾਲਜ ਦੀ ਬਿਲਡਿੰਗ ‘ਤੇ ਅੱਖ ਰੱਖ ਕੇ ਨਹੀਂ ਚਲ ਰਹੇ ਹਨ, ਕਿਉਂਕਿ ਇਸ ਸਮੇਂ ਕਰੋੜਾਂ ਰੁਪਏ ਦੀ ਰਿਕਵਰੀ ਕਰਨ ਦੀ ਥਾਂ ‘ਤੇ ਵਿਦਿਆਰਥੀਆਂ ਦੇ ਭਵਿੱਖ ਬਾਰੇ ਫੈਸਲਾ ਕਰਨਾ ਜ਼ਰੂਰੀ ਹੈ। ਜਦੋਂ ਕਿ ਰਿਕਵਰੀ ਕਰਨ ਜਾਂ ਫਿਰ ਪੈਸਾ ਲੈਣ ਦੇ ਕਈ ਹੋਰ ਮੌਕੇ ਸਰਕਾਰ ਨੂੰ ਮਿਲ ਸਕਦੇ ਹਨ । ਪਰ ਇਨ੍ਹਾਂ ਵਿਦਿਆਰਥੀਆਂ ਲਈ ਉਨ੍ਹਾਂ ਕੋਲ ਤਾਂ ਇਹੋ ਹੀ ਮੌਕਾ ਹੈ ਬ੍ਰਹਮ ਮਹਿੰਦਰਾ ਨੇ ਅੱਗੇ ਦੱਸਿਆ ਕਿ ਸਰਕਾਰ ਗਿਆਨ ਸਾਗਰ ਦਾ ਸਰਟੀਫਿਕੇਟ ਰੱਦ ਕਰਨ ਬਾਰੇ ਫੈਸਲਾ ਕਰ ਚੁੱਕੀ ਹੈ ਅਤੇ ਕਿਸੇ ਵੀ ਸਮੇਂ ਗਿਆਨ ਸਾਗਰ ਨੂੰ ਤਾਲਾ ਜੜਨ ਦੇ ਆਦੇਸ਼ ਜਾਰੀ ਹੋ ਸਕਦੇ ਹਨ। ਇਸ ਲਈ ਪਹਿਲਾਂ ਗਿਆਨ ਸਾਗਰ ਮੈਡੀਕਲ ਕਾਲਜ ਨੂੰ ਨਿਯਮਾਂ ਅਨੁਸਾਰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।