ਇਤਿਹਾਸਕਾਰ ਜਦੋਂ ਲਿੱਖਣਗੇ ਇਤਿਹਾਸ, ‘ਅਕਾਲੀਆਂ ਦਾ ਨਾਅ ਆਏਗਾ ਨਸ਼ਾ ਤਸਕਰ ਦੇ ਰੂਪ ’ਚ’ | Punjab News
Punjab News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਇਤਿਹਾਸ ਨੂੰ ਜਦੋਂ ਵੀ ਹੁਣ ਕੋਈ ਵੱਡੇ ਇਤਿਹਾਸਕਾਰ ਲਿਖਣਗੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਅਤੇ ਖ਼ਾਸ ਕਰਕੇ ਬਿਕਰਮ ਮਜੀਠੀਆ ਦਾ ਨਾਂਅ ਨਸ਼ੇ ਦੇ ਵੱਡੇ ਤਸਕਰ ਦੇ ਰੂਪ ਵਿੱਚ ਲਿਖਿਆ ਜਾਏਗਾ। ਬਿਕਰਮ ਮਜੀਠੀਆ ਨੇ ਕੁਝ ਪੈਸੇ ਦੀ ਖ਼ਾਤਰ ਨੌਜਵਾਨ ਪੁੱਤਾਂ ਨੂੰ ਚਿੱਟੇ ਦੀ ਭੇਂਟ ਚਾੜ੍ਹ ਦਿੱਤਾ ਅਤੇ ਪਹਿਲੀਵਾਰ ਚਿੱਟਾ ਵੀ ਅਕਾਲੀ-ਭਾਜਪਾ ਸਰਕਾਰ ਦੌਰਾਨ ਹੀ ਦਿਖਾਈ ਦਿੱਤਾ ਸੀ। ਇਤਿਹਾਸਕਾਰ ਵੀ ਪੰਜਾਬ ਦੇ ਇਸ ਕਾਲੇ ਇਤਿਹਾਸ ਨੂੰ ਲਿੱਖਣ ਮੌਕੇ ਬਿਕਰਮ ਮਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਲਾਹਨਤਾਂ ਹੀ ਪਾਉਣਗੇ।
ਕਾਂਗਰਸੀ ਲੀਡਰਾਂ ਦੇ ਪਲਟਦੇ ਬਿਆਨਾਂ ਨੂੰ ਦੇਖ ਗਿਰਗਿਟ ਵੀ ਸਰਮਾਂ ਜਾਵੇ : ਹਰਪਾਲ ਚੀਮਾ
ਇਸ ਨਾਲ ਹੀ ਗਿਰਗਿਟ ਵਾਂਗ ਰੰਗ ਬਦਲ ਰਹੇ ਚਰਨਜੀਤ ਸਿੰਘ ਚੰਨੀ ਅਤੇ ਪ੍ਰਤਾਪ ਸਿੰਘ ਬਾਜਵਾ ਸਣੇ ਸੁਖਪਾਲ ਖਹਿਰਾ ਨੂੰ ਵੀ ਇਤਿਹਾਸਕਾਰ ਸ਼ਰਮਸਾਰ ਕਰਨ ਤੋਂ ਪਿੱਛੇ ਨਹੀਂ ਹੱਟਣਗੇ, ਕਿਉਂਕਿ ਕੁਝ ਸਾਲਾਂ ਤੱਕ ਬਿਕਰਮ ਮਜੀਠੀਆ ਨੂੰ ਨਸ਼ੇ ਦਾ ਤਸਕਰ ਕਹਿਣ ਵਾਲੇ ਇਹ ਤਿੰਨੇ ਕਾਂਗਰਸ ਲੀਡਰ ਹੁਣ ਬਿਕਰਮ ਮਜੀਠੀਆ ਦੇ ਹੱਕ ਵਿੱਚ ਖੜ੍ਹੇ ਹਨ। ਇਨ੍ਹਾਂ ਦੇ ਇਸ ਰੰਗ ਨੂੰ ਦੇਖ ਕੇ ਗਿਰਗਿਟ ਵੀ ਸ਼ਰਮਾ ਰਹੀ ਹੈ ਕਿ ਉਹ ਤਾਂ ਏਵੇ ਹੀ ਬਦਨਾਮ ਹੈ, ਜਦੋਂਕਿ ਅਸਲੀ ਰੰਗ ਬਦਲਣ ਵਾਲੇ ਗਿਰਗਿਟ ਤਾਂ ਕਾਂਗਰਸੀ ਲੀਡਰ ਹਨ। ਇਹ ਤਲਖ਼ ਤੇ ਤਿੱਖੀ ਟਿੱਪਣੀ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤੀ ਹੈ।
ਮੀਡੀਆ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 2007 ਤੋਂ 2017 ਤੱਕ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਅਤੇ ਚਿੱਟਾ (ਸਿੰਥੈਟਿਕ ਡਰੱਗਜ਼), ਹੈਰੋਇਨ ਅਤੇ ਸਮੈਕ ਵਰਗੇ ਪਦਾਰਥਾਂ ਦੇ ਫੈਲਾਅ ਵਿੱਚ ਚਿੰਤਾਜਨਕ ਵਾਧਾ ਹੋਇਆ। ਸਾਡੇ ਸੂਬੇ ਦੇ ਇਤਿਹਾਸ ਦਾ ਇਹ ਕਾਲਾ ਦੌਰ, ਜੋ ਕਿ ਖੁੱਲ੍ਹੇਆਮ ਨਸ਼ੀਲੇ ਪਦਾਰਥਾਂ ਦੇ ਵਪਾਰ ਨੂੰ ਦਰਸਾਉਂਦਾ ਹੈ, ਅਕਾਲੀ-ਭਾਜਪਾ ਸਰਕਾਰ ਦੇ ਸ਼ਾਸਨ ਨਾਲ ਜੁੜਿਆ ਹੋਇਆ ਹੈ। ਹੁਣ, ਜਦੋਂ ’ਆਪ’ ਸਰਕਾਰ ਇਨ੍ਹਾਂ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ, ਤਾਂ ਉਹੀ ਵਿਰੋਧੀ ਆਗੂ ਜਿਨ੍ਹਾਂ ਨੇ ਕਦੇ ਪੰਜਾਬ ਵਿੱਚੋਂ ਨਸ਼ੀਲੇ ਪਦਾਰਥਾਂ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ, ਬੇਸ਼ਰਮੀ ਨਾਲ ਇਸ ਘਿਨਾਉਣੇ ਵਪਾਰ ਵਿੱਚ ਸ਼ਾਮਲ ਲੋਕਾਂ ਦਾ ਬਚਾਅ ਕਰ ਰਹੇ ਹਨ।”
ਇਹ ਵੀ ਪੜ੍ਹੋ: Faridkot Firing Incident: ਫਰੀਦਕੋਟ ’ਚ ਪੁਲਿਸ ਸਟੇਸ਼ਨ ਨੇੜੇ ਹੋਈ ਫਾਇਰਿੰਗ ਦੀ ਅਸਲ ਵਜ੍ਹਾ ਆਈ ਸਾਹਮਣੇ
ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਕਿਵੇਂ ਪ੍ਰਮੁੱਖ ਵਿਰੋਧੀ ਆਗੂਆਂ ਨੇ ਪਹਿਲਾਂ ਬਿਕਰਮ ਸਿੰਘ ਮਜੀਠੀਆ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ ਜੋ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਸੀ ਪਰ ਅੱਜ ਉਹ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਖ਼ਾਸ ਤੌਰ ’ਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ 2016 ਵਿੱਚ ਬਿਕਰਮ ਮਜੀਠੀਆ ਅਤੇ ਹੋਰਾਂ ਵਿਰੁੱਧ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਆਪਣਾ ਸਟੈਂਡ ਬਦਲ ਲਿਆ ਹੈ ਅਤੇ ਉਨ੍ਹਾਂ ਦਾ ਬਚਾਅ ਕਰ ਰਹੇ ਹਨ। ਚੀਮਾ ਨੇ ਕਿਹਾ ਕਿ 2016 ਵਿੱਚ, ਬਾਜਵਾ ਨੇ ਜਨਤਕ ਤੌਰ ’ਤੇ ਕਿਹਾ ਸੀ ਕਿ ਜਦੋਂ ਕਾਂਗਰਸ ਸਰਕਾਰ ਸੱਤਾ ਵਿੱਚ ਆਵੇਗੀ, ਤਾਂ ਉਹ ਬਿਕਰਮ ਮਜੀਠੀਆ ਅਤੇ ਹੋਰ ਦੋਸ਼ੀਆਂ ਨੂੰ ਸੜਕਾਂ ’ਤੇ ਘਸੀਟਣਗੇ, ਪਰ ਅੱਜ, ਉਹ ਮਜੀਠੀਆ ਨੂੰ ’ਸਾਫ਼ ਅਕਸ ਵਾਲਾ ਵਿਅਕਤੀ ਦੱਸ ਰਹੇ ਹਨ। Punjab News
ਚੀਮਾ ਨੇ ਸੁਖਪਾਲ ਸਿੰਘ ਖਹਿਰਾ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਰਗੇ ਕਾਂਗਰਸੀ ਆਗੂਆਂ ਦੇ ਬਿਆਨਾਂ ਵੱਲ ਵੀ ਇਸ਼ਾਰਾ ਕੀਤਾ, ਜਿਨ੍ਹਾਂ ਨੇ ਇੱਕ ਸਮੇਂ ਮਜੀਠੀਆ ’ਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ ਪਰ ਹੁਣ ਉਹ ਆਪਣੇ ਬਿਆਨ ਵਾਪਸ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਖਹਿਰਾ ਅਤੇ ਚੰਨੀ ਦੋਵਾਂ ਨੇ ਇੱਕ ਵਾਰ ਮਜੀਠੀਆ ਨੂੰ ‘ਡਰੱਗ ਮਾਫ਼ੀਆ’ ਕਿਹਾ ਸੀ ਅਤੇ ਉਸ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ। ਅੱਜ ਜਦੋਂ ’ਆਪ’ ਸਰਕਾਰ ਕਾਰਵਾਈ ਕਰ ਰਹੀ ਹੈ, ਤਾਂ ਉਨ੍ਹਾਂ ਨੇ ਉਸਦਾ ਬਚਾਅ ਕਰਨਾ ਚੁਣਿਆ ਹੈ। ਇਹ ਮੌਕਾਪ੍ਰਸਤੀ ਅਤੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਤੋਂ ਇਲਾਵਾ ਕੁਝ ਨਹੀਂ ਹੈ।