ਆਖ਼ਰਕਾਰ ਛਪਾਈ ਵਜੋਂ ਰਹਿੰਦੀਆਂ ਕਿਤਾਬਾਂ ਲਈ ਹੋਇਆ ਟੈਂਡਰ

Tender, Printed Books, Education, Board

ਪਹਿਲੀ ਤੋਂ ਅੱਠਵੀਂ ਤੱਕ ਜਮਾਤਾਂ ਦੀਆਂ 58 ਕਿਤਾਬਾਂ ਦੀ ਛਪਾਈ ਬਾਕੀ

ਕੁਲਵੰਤ ਕੋਟਲੀ, ਮੋਹਾਲੀ:ਪੰਜਾਬ ਭਰ ‘ਚ ਚਾਲੂ ਵਿੱਦਿਅਕ ਸੈਸ਼ਨ ਦੌਰਾਨ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਪਾਠ ਪੁਸਤਕਾਂ ‘ਚੋਂ ਰਹਿੰਦੇ 58 ਟਾਈਟਲਾਂ ਦੀਆਂ ਕਿਤਾਬਾਂ ਹੁਣ ਛੇਤੀ ਹੀ ਵਿਦਿਆਰਥੀਆਂ ਨੂੰ ਮਿਲਣ ਦੀ ਸੰਭਾਵਨਾ ਵੱਧ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਹਿਲੀ ਸ਼੍ਰੇਣੀ ਤੋਂ 10ਵੀਂ ਤੱਕ ਦੀਆਂ ਸ਼੍ਰੇਣੀਆਂ ਦੀਆਂ ਰਹਿੰਦੀਆਂ 58 ਕਿਤਾਬਾਂ ਦੀ ਛਪਾਈ ਲਈ ਲੋੜੀਂਦੇ ਪੇਪਰ ਦੀ ਖਰੀਦ ਦਾ ਕੰਮ ਪੰਜਾਬ ਸਰਕਾਰ ਤੋਂ ਪ੍ਰਵਾਨਗੀ ਮਿਲਣ ਦੇ ਬਾਅਦ ਹੁਣ ਸਿਰੇ ਚੜ੍ਹ ਗਿਆ।ਕਾਗਜ਼ ਦੀ ਸਪਲਾਈ ਕਰਨ ਦਾ ਕੰਮ ਪਟਿਆਲਾ ਨਾਲ ਸਬੰਧਿਤ ਫਰਮ ਵੱਲੋਂ ਟੈਂਡਰ ਲਿਆ ਗਿਆ ਹੈ।

ਬੋਰਡ ਦਾ ਲੋਗੋ ਵਾਟਰ ਮਾਰਕ ਲਗਾ ਕੇ ਪੇਪਰ ਬੋਰਡ ਨੂੰ ਸਪਲਾਈ ਕਰਨਾ ਹੈ

ਜਾਣਕਾਰੀ ਅਨੁਸਾਰ ਫਰਮ ਨੇ ਪੇਪਰ ਦੇ ਉਪਰ ਸਿੱਖਿਆ ਬੋਰਡ ਦਾ ਲੋਗੋ ਵਾਟਰ ਮਾਰਕ ਲਗਾ ਕੇ ਪੇਪਰ ਬੋਰਡ ਨੂੰ ਸਪਲਾਈ ਕਰਨਾ ਹੈ, ਜਿਹੜਾ ਕਿ ਅਗਲੇ 15 ਦਿਨਾਂ ਦੇ ਅੰਦਰ ਬੋਰਡ ਦੇ ਮੁੱਖ ਦਫਤਰ ਵਿਖੇ ਪਹੁੰਚਣਾ ਸ਼ੁਰੂ ਹੋ ਜਾਵੇਗਾ। ਸੂਤਰਾਂ ਦੇ ਮੁਤਾਬਕ ਇਹ ਪੇਪਰ ਟਰੱਕਾਂ ਰਾਹੀਂ ਰੋਜ਼ਾਨਾ 100 ਮੀਟਰਕ ਟਨ ਪਹੁੰਚਣ ਦੀ ਸੰਭਾਵਨਾ ਹੈ, ਬੋਰਡ ਅਧਿਕਾਰੀਆਂ ਵੱਲੋਂ ਕੁਆਲਿਟੀ ਚੈੱਕ ਕਰਨ ਤੋਂ ਬਾਅਦ ਇਸ ਪੇਪਰ ਨੂੰ ਟਰੱਕਾਂ ਰਾਹੀ ਸਿੱਖਿਆ ਬੋਰਡ ਵੱਲੋਂ ਕਿਤਾਬਾਂ ਛਾਪਣ ਲਈ ਅਧਿਕਾਰਤ ਕੀਤੇ ਪ੍ਰਿੰਟਰਾਂ ਕੋਲ ਪਹੁੰਚਾ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਤੁਰੰਤ ਕਿਤਾਬਾਂ ਦੀ ਛਪਾਈ ਦਾ ਮੰਗ ਸ਼ੁਰੂ ਕਰ ਦਿੱਤੀ ਜਾਵੇਗਾ।

ਜਾਣਕਾਰੀ ਦੇ ਅਨੁਸਾਰ 10-10 ਹਜ਼ਾਰ ਕਿਤਾਬਾਂ ਦੀ ਇਕੱਠੀ ਛਪਾਈ ਕਰਕੇ ਇਹ ਕਿਤਾਬਾਂ ਨਾਲ ਦੀ ਨਾਲ ਵੱਖ-ਵੱਖ ਜ਼ਿਲ੍ਹਿਆਂ ‘ਚ ਸਥਿਤ ਬੋਰਡ ਦੇ ਪਾਠ ਪੁਸਤਕਾਂ ਵਿਕਰੀ ਡਿੱਪੂਆਂ ਨੂੰ ਭੇਜ ਦਿੱਤੀਆਂ ਜਾਣਗੀਆਂ, ਜਿੱਥੋਂ ਅੱਗੇ ਖੇਤਰੀ ਦਫਤਰ ਨਾਲ ਸਬੰਧਿਤ ਜ਼ਿਲ੍ਹੇ ਦੇ ਸਕੂਲਾਂ ‘ਚ ਭੇਜੀਆਂ ਜਾਣਗੀਆਂ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 58 ਟਾਈਟਲ ਕਿਤਾਬਾਂ ਲਈ ਕੁੱਲ 6 ਹਜ਼ਾਰ ਮੀਟਰਕ ਟਨ ਪੇਪਰ ਦੀ ਲੋੜ ਸੀ, ਜਿਸ ‘ਚੋਂ 3 ਹਜ਼ਾਰ ਮੀਟਰਕ ਟਨ ਦਾ ਬੋਰਡ ਵੱਲੋਂ ਪਹਿਲਾਂ ਹੀ ਖਰੀਦ ਕਰ ਲਿਆ ਗਿਆ ਸੀ। ਸੂਤਰਾਂ ਅਨੁਸਾਰ ਜੇਕਰ ਸਾਰਾ ਕੁਝ ਠੀਕ ਠਾਕ ਰਿਹਾ ਤਾ ਕਿਤਾਬਾਂ ਅਗਸਤ ਦੇ ਪਹਿਲੇ ਹਫਤੇ ਸਕੂਲਾਂ ਵਿੱਚ ਪੁੱਜਣ ਦੀ ਸੰਭਾਵਨਾ ਹੈ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੀ ਤੋਂ ਪੰਜਵੀ ਸ਼੍ਰੇਣੀ ਤੱਕ ਕੁੱਲ 10 ਟਾਈਟਲ ਕਿਤਾਬਾਂ ਪਹਿਲੀ ਤੋਂ 5ਵੀਂ ਤੱਕ ਅਤੇ 48 ਟਾਈਟਲ ਕਿਤਾਬਾਂ ਛੇਵੀਂ ਤੋਂ 10ਵੀਂ ਸ਼੍ਰੇਣੀ ਤੱਕ ਨਾਲ ਸਬੰਧਿਤ ਹਨ । ਇਨ੍ਹਾਂ 58 ਕਿਤਾਬਾਂ ਵਿੱਚ ਕਈ ਸ਼੍ਰੇਣੀਆਂ ਦੀਆਂ ਮਹੱਤਵਪੂਰਨ ਵਿਸ਼ਿਆਂ ਅੰਗਰੇਜ਼ੀ, ਸਾਇੰਸ, ਗਣਿਤ ਦੀਆਂ ਕਿਤਾਬਾਂ ਸ਼ਾਮਲ ਹਨ ।