ਕੈਪਟਨ ਅਮਰਿੰਦਰ ਸਿੰਘ ਵੱਲੋਂ ਫਾਈਲਾਂ ਦੀ ਮੂਵਮੈਂਟ ਲਈ ਈ-ਆਫਿਸ ਲਾਂਚ ਕਰਨ ਨਾਲ ਪੰਜਾਬ ਮੁਕੰਮਲ ਤੌਰ ‘ਤੇ ਬਣਿਆ ਹਾਈਟੈੱਕ
ਚੰਡੀਗੜ(ਅਸ਼ਵਨੀ ਚਾਵਲਾ)। ਸਰਕਾਰ ਨੂੰ ਪ੍ਰਭਾਵਸ਼ਾਲੀ ਤੇ ਪਾਰਦਰਸ਼ੀ ਫੈਸਲੇ ਲੈਣ ਦੇ ਮਨੋਰਥ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਈ-ਆਫਿਸ ਸੁਵਿਧਾ ਲਾਂਚ ਕੀਤੀ ਜਿਸ ਨਾਲ ਸਰਕਾਰੀ ਫਾਈਲਾਂ ਦੀ ਮੂਵਮੈਂਟ ਇਲੈਕਟ੍ਰਾਨਿਕ ਵਿਧੀ ਨਾਲ ਆਨਲਾਈਨ ਹੋਵੇਗੀ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਇਸ ਨਿਵੇਕਲੇ ਉਦਮ ਦੀ ਸ਼ੁਰੂਆਤ ਕੀਤੀ ਹੈ।
ਪੰਜਾਬ ਭਵਨ ਵਿਖੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਪਹਿਲਾਂ ਆਪਣੇ ਕੈਬਨਿਟ ਦੇ ਸਾਥੀਆਂ ਸਣੇ ਇਸ ਹਾਈਟੈੱਕ ਵਿਭਾਗੀ ਤੇ ਅੰਤਰ-ਵਿਭਾਗੀ ਸੁਵਿਧਾ ਨੂੰ ਲਾਂਚ ਕਰਦਿਆਂ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਦੇ ਵੱਡੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਆਉਂਦੀਆਂ ਨਵੀਆਂ ਤਕਨੀਕਾਂ ਨੂੰ ਨਿਰੰਤਰ ਲਾਗੂ ਕਰਦੇ ਰਹਿਣ। ਮੁੱਖ ਮੰਤਰੀ ਨੇ ਪ੍ਰਸ਼ਾਸਕੀ ਸੁਧਾਰ ਤੇ ਜਨਤਕ ਸ਼ਿਕਾਇਤਾਂ ਵਿਭਾਗ ਦੀ ਇਸ ਨੇਕ ਉਪਰਾਲੇ ਲਈ ਸ਼ਲਾਘਾ ਕੀਤੀ ਜਿਸ ਸਦਕਾ ਸਾਰੇ ਪ੍ਰਸ਼ਾਸਕੀ ਵਿਭਾਗ ਅਤੇ ਸਮੂਹ ਡਿਪਟੀ ਕਮਿਸ਼ਨਰ ਦਫਤਰ ਪੋਰਟਲ ਉਤੇ ਤੁਰੰਤ ਲਾਈਵ ਹੋ ਕੇ ਸਾਰੀਆਂ ਨਵੀਆਂ ਫਾਈਲਾਂ ਅਤੇ ਵਿਚਾਰ ਅਧੀਨ ਪੱਤਰਾਂ ਨੂੰ ਅਪਲੋਡ ਕਰ ਸਕਣਗੇ।
ਸਰਕਾਰੀ ਸੇਵਾਵਾਂ ਨੂੰ ਨਿਰਵਿਘਨ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਨਿਭਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਨੂੰ ਮਾਲ ਰਿਕਾਰਡ ਦੀ ਆਨਲਾਈਨ ਟਰਾਂਸਮਿਸ਼ਨ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਕਿਹਾ ਜਿਸ ਦੀ ਉਹ ਨਿੱਜੀ ਤੌਰ ‘ਤੇ ਨਿਰੰਤਰ ਸਮੀਖਿਆ ਕਰ ਰਹੇ ਹਨ।
ਉਨਾਂ ਸਾਰੇ ਵਿਭਾਗਾਂ ਅਤੇ ਹੋਰ ਫੀਲਡ ਦਫਤਰਾਂ ਲਈ ਪਹਿਲੀ ਜਨਵਰੀ 2020 ਤੱਕ ਨਵਾਂ ਈ-ਆਫਿਸ ਸਿਸਟਮ ਅੱਪਗ੍ਰੇਡ ਕਰਨ ਦੀ ਸਮਾਂ ਸੀਮਾ ਤੈਅ ਕੀਤੀ। ਨਵਾਂ ਸਿਸਟਮ ਜੋ ਆਈ.ਡਬਲਿਊ.ਡੀ.ਐਮ.ਐਸ. ਪ੍ਰਣਾਲੀ ਦਾ ਬਦਲ ਹੋਵੇਗਾ, ਕੌਮੀ ਸਾਫਟਵੇਅਰ ਉਤਪਾਦ ਹੈ ਜੋ ਪੰਜਾਬ ਸਰਕਾਰ ਤੇ ਕੌਮੀ ਸੂਚਨਾ ਕੇਂਦਰ (ਐਨ.ਆਈ.ਸੀ.) ਦੀ ਪਹਿਲ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।