ਪੰਜਾਬੀ ਕਦੇ ਖ਼ਤਮ ਨਹੀਂ ਹੋਵੇਗੀ, ਪੰਜਾਬੀ ਬੋਲਣ ਵਾਲੇ ਪਹਿਲਾਂ ਤੋਂ ਵੱਧ ਸੁਚੇਤ: ਡਾ. ਪਾਤਰ

Punjabi, Speakers, Dr. Patar

ਭਾਸ਼ਾ ਵਿਭਾਗ ਨੇ ਪੰਜਾਬ ਦਿਵਸ ਮੌਕੇ ਸਾਹਿਤਕ ਸੈਮੀਨਾਰ ਤੇ ਕਵੀ ਦਰਬਾਰ ਕਰਵਾ ਕੇ ਆਪਣੀ ਹਾਜਰੀ ਲਗਵਾਈ

ਪਟਿਆਲਾ(ਖੁਸ਼ਵੀਰ ਸਿੰਘ ਤੂਰ)। ਪੰਜਾਬ ਦਿਵਸ ਦੀ 53ਵੀਂ ਵਰ੍ਹੇਗੰਢ ਮੌਕੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬਾ ਪੱਧਰੀ ਸਾਹਿਤਕ ਸੈਮੀਨਾਰ ਅਤੇ ਕਵੀ ਦਰਬਾਰ ਕਰਵਾ ਕੇ ਆਪਣੀ ਹਾਜਰੀ ਦਰਜ ਕਰਵਾ ਦਿੱਤੀ ਹੈ। ਇਸ ਸਮਾਗਮ ਵਿੱਚ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਸ਼ਿਰਕਤ ਕਰਨੀ ਸੀ, ਪਰ ਉਹ ਨਾ ਪੁੱਜੇ।   ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਚੇਅਰਮੈਨ ਪਦਮ ਸ੍ਰੀ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬੀ ਕਦੇ ਖ਼ਤਮ ਨਹੀਂ ਹੋ ਸਕਦੀ ਕਿਉਂਕਿ ਪੰਜਾਬੀ ਨੂੰ ਬੋਲਣ ਵਾਲੇ ਪਹਿਲਾਂ ਤੋਂ ਵੀ ਵੱਧ ਸੁਚੇਤ ਹੋਏ ਹਨ।

ਉਨ੍ਹਾਂ ਕਿਹਾ ਕਿ ਪੰ੍ਰਤੂ ਜੇਕਰ ਸਾਡੇ ਵਿੱਦਿਅਕ ਅਦਾਰੇ ਤੇ ਸਰਕਾਰਾਂ ਹੋਰ ਸੁਚੇਤ ਹੋ ਜਾਣ ਤਾਂ ਇਸ ਵੇਲੇ ਦੁਨੀਆਂ ‘ਚ ਪੰਜਾਬੀ ਦਾ ਪਹਿਲੀਆਂ 11 ਬੋਲੀਆਂ ‘ਚ ਸਥਾਨ ਬਰਕਰਾਰ ਰੱਖਣ ‘ਚ ਸਹਾਇਤਾ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬੀ 5 ਦਰਿਆਵਾਂ ਦੀ ਬੋਲੀ ਨਾ ਰਹਿ ਕੇ ਸਗੋਂ 7 ਸਮੁੰਦਰਾਂ ਦੀ ਭਾਸ਼ਾ ਬਣ ਗਈ ਹੈ ਇਸ ਲਈ ਸਾਨੂੰ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਲੈਕੇ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਨਿਰਾਸ਼ਾ ਦੇ ਵੀ ਕਈ ਹਾਂ ਪੱਖੀ ਪਹਿਲੂ ਹੁੰਦੇ ਹਨ। ਡਾ. ਪਾਤਰ ਨੇ ਇਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਰਹੇ ਭਾਈ ਮਰਦਾਨਾ ਦੇ ਨਾਮ ‘ਤੇ ਇੱਕ ਮਿਊਜੀਅਮ ਸਥਾਪਤ ਕੀਤੇ ਜਾਣ ਦਾ ਮਤਾ ਵੀ ਪੇਸ਼ ਕੀਤਾ, ਜਿਸ ਨੂੰ ਹਾਜ਼ਰੀਨ ਨੇ ਸਰਵਸੰਮਤੀ ਨਾਲ ਪ੍ਰਵਾਨ ਕੀਤਾ।

ਭਾਸ਼ਾ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਕਰਮਜੀਤ ਕੌਰ ਨੇ ਭਾਸ਼ਾ ਵਿਭਾਗ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਜਾਣੂ ਕਰਵਾਇਆ ਡਾ. ਰਤਨ ਸਿੰਘ ਜੱਗੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਪਦੇਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ  ਗ੍ਰਹਿਸਥ ਜੀਵਨ ਨੂੰ ਪ੍ਰਧਾਨਤਾ ਦਿੱਤੀ ਅਤੇ ਔਰਤ ਨੂੰ ਵਡਿਆਇਆ। ਇਸ ਸਮੇਂ ਡਾ. ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ ਵੱਲੋਂ ਲਿਖੇ ਕਿਤਾਬਚੇ ਨੂੰ ਜਾਰੀ ਕੀਤਾ ਗਿਆ।

ਇਸ ਦੌਰਾਨ ਉੱਘੇ ਚਿੰਤਕ ਤੇ ਭਾਸ਼ਾ ਵਿਗਿਆਨੀ ਡਾ. ਜਸਵਿੰਦਰ ਸਿੰਘ ਨੇ ਸਮਕਾਲੀ ਪੰਜਾਬ ਅਤੇ ਪੰਜਾਬੀ ਵਿਸ਼ੇ ‘ਤੇ ਮੁੱਖ ਭਾਸ਼ਣ ਦਿੰਦਿਆਂ ਮੌਜੂਦਾ ਹਾਲਤ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਪੰਜਾਬ ਦੀ ਜਹਿਰੀਲੀ ਹੋ ਰਹੀ ਧਰਤੀ, ਵਿਦੇਸ਼ ਜਾ ਰਹੇ ਪੰਜਾਬੀ ਸਰਮਾਏ ਅਤੇ ਨੌਜਵਾਨਾਂ ਸਮੇਤ ਪੰਜਾਬ ਦੇ ਖਿੰਡ ਰਹੇ ਪੇਂਡੂ ਅਰਥਚਾਰੇ ਬਾਰੇ ਸੋਚਣ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਮੌਕੇ ਡਾ. ਮੁਹੰਮਦ ਰਫ਼ੀ, ਡਿਪਟੀ ਡਾਇਰੈਕਟਰ ਸ੍ਰੀਮਤੀ ਵੀਰਪਾਲ ਕੌਰ,  ਸਤਨਾਮ ਸਿੰਘ, ਸਹਾਇਕ ਡਾਇਰੈਕਟਰ ਪ੍ਰਿਤਪਾਲ ਕੌਰ, ਡਾ. ਹਰਨੇਕ ਸਿੰਘ, ਡਾ. ਗੁਰਬਚਨ ਸਿੰਘ ਰਾਹੀ, ਪ੍ਰੋ. ਅਨੂਪ ਵਿਰਕ, ਪ੍ਰੋ. ਕੁਲਵੰਤ ਵਿਰਕ, ਡਾ. ਨਿੰਦਰ ਘੁਗਿਆਣਵੀ, ਡਾ. ਧਨਵੰਤ ਕੌਰ, ਡਾ. ਦਰਸ਼ਨ ਸਿੰਘ ਆਸ਼ਟ, ਓਮ ਪ੍ਰਕਾਸ਼ ਗਾਸੋ, ਰਾਜ ਭਾਸ਼ਾ ਸਲਾਹਕਾਰ ਬੋਰਡ ਦੇ ਮੈਂਬਰ ਸ੍ਰੋਮਣੀ ਸਾਤਿਹਕਾਰ, ਵਿਦਿਆਰਥੀ ਤੇ ਹੋਰ ਪਤਵੰਤੇ ਵੱਡੀ ਗਿਣਤੀ ‘ਚ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।