ਬਠਿੰਡਾ ਡਿਪੂ ਦੇ ਦੋ ਕੰਡਕਟਰਾਂ ਨੇ ਖਜਾਨੇ ਦੀ ਕੱਟੀ ” ਟਿਕਟ”

ਡਾਇਰੈਕਟਰ ਦੀ ਸ਼ਿਕਾਇਤ ਤੇ ਦੋਵਾਂ ਖਿਲਾਫ ਧੋਖਾਧੜੀ ਦਾ ਪਰਚਾ ਦਰਜ਼

ਬਠਿੰਡਾ, (ਸੁਖਜੀਤ ਮਾਨ)। ਪੀ. ਆਰ. ਟੀ. ਸੀ. ਬਠਿੰਡਾ ਡਿਪੂ ਦੇ ਦੋ ਅਜਿਹੇ ਕੰਡਕਟਰਾਂ ਖ਼ਿਲਾਫ਼ ਥਾਣਾ ਕੋਤਵਾਲੀ ਵਿੱਚ ਪਰਚਾ ਦਰਜ਼ ਕੀਤਾ ਗਿਆ ਹੈ, ਜਿਨ੍ਹਾਂ ਨੇ ਕਿਸੇ ਹੋਰ ਨਾਲ ਨਹੀਂ ਸਗੋਂ ਆਪਣੇ ਹੀ ਅਦਾਰੇ ਨਾਲ ਕਥਿਤ ਤੌਰ ਤੇ ਠੱਗੀ ਮਾਰੀ ਹੈ। ਕੰਡਕਟਰਾਂ ਨੇ ਬੱਸਾਂ ਵਿੱਚ ਚੜ੍ਹਦੀਆਂ ਸਵਾਰੀਆਂ ਦੀਆਂ ਟਿਕਟਾਂ ਤਾਂ ਕੱਟੀਆਂ ਪਰ ਪਤਾ ਲੱਗਿਆ ਹੈ ਕਿ ਟਿਕਟਾਂ ਦੇ ਉਹ ਪੈਸੇ ਜਮ੍ਹਾਂ ਨਹੀਂ ਕਰਵਾਏ ਜਾਂ ਪੂਰੇ ਨਹੀਂ ਕਰਵਾਏ। ਹਾਸਿਲ ਹੋਏ ਵੇਰਵਿਆਂ ਮੁਤਾਬਿਕ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪਟਿਆਲਾ ਦੇ ਮੈਨੇਜਿੰਗ ਡਾਇਰੈਕਟਰ ਨੇ ਥਾਣਾ ਕੋਤਵਾਲੀ ਪੁਲਿਸ ਬਠਿੰਡਾ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਰਾਮ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਭੈਣੀ ਅਤੇ ਸੁਖਪਾਲ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਥਰਾਲਾ , ਜੋ ਬਠਿੰਡਾ ਬੱਸ ਅੱਡੇ ਵਿੱਚ ਅਡਵਾਂਸ ਟਿਕਟਾਂ ਬੁੱਕ ਕਰਦੇ ਸੀ।

ਉਹਨਾਂ ਦੱਸਿਆ ਕਿ ਉਕਤ ਦੋਵੇਂ ਕੰਡਕਟਰਾਂ ਨੇ ਟਿਕਟ ਮਸ਼ੀਨਾਂ ਨਾਲ ਕਥਿਤ ਤੌਰ ਤੇ ਛੇੜਖਾਨੀ ਕੀਤੀ ਸੀ। ਦੋਵਾਂ ਕੰਡਕਟਰਾਂ ਨੇ ਅਜਿਹਾ ਕਰਕੇ ਪੀ ਆਰ ਟੀ ਸੀ ਵਿਭਾਗ ਦੇ ਧਨ ਦੀ ਚੋਰੀ ਕੀਤੀ ਹੈ। ਕੋਤਵਾਲੀ ਪੁਲਿਸ ਨੇ ਐਮ ਡੀ ਵੱਲੋਂ ਦਿੱਤੀ ਸ਼ਿਕਾਇਤ ਦੇ ਅਧਾਰ ‘ਤੇ ਰਾਮ ਸਿੰਘ ਤੇ ਸੁਖਪਾਲ ਸਿੰਘ ਖਿਲਾਫ ਮੁਕੱਦਮਾ ਨੰਬਰ 95, ਧਾਰਾ 420, 409 ਤਹਿਤ ਪਰਚਾ ਦਰਜ ਕਰ ਲਿਆ। ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ।

ਦੱਸਣਯੋਗ ਹੈ ਕਿ ਸਾਲ 2018 ਵਿੱਚ ਪੀਆਰਟੀਸੀ ਦੀਆਂ ਟਿਕਟ ਮਸ਼ੀਨਾਂ ਚੋਰੀ ਹੋ ਗਈਆਂ ਸੀ। ਉਸ ਵੇਲੇ ਸਬੰਧਿਤ ਕੰਡਕਟਰਾਂ ਤੋਂ ਪੈਸੇ ਭਰਵਾ ਕੇ ਮਾਮਲਾ ਰਫ਼ਾ ਦਫ਼ਾ ਹੋ ਗਿਆ ਸੀ। ਤਾਜ਼ਾ ਮਾਮਲਾ ਉਹੀ ਮਸ਼ੀਨਾਂ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ। ਇਸ ਬਾਰੇ ਡਿਪੂ ਦੇ ਸੀਨੀਅਰ ਅਧਿਕਾਰੀਆਂ ਤੋਂ ਹੋਰ ਵੇਰਵੇ ਲੈਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।

ਲੰਬੀ ਜਾਂਚ ਮਗਰੋਂ ਵਿਭਾਗ ਨੇ ਕਰਵਾਈ ਕਾਰਵਾਈ

ਡਿਪੂ ਦੇ ਖਜ਼ਾਨੇ ਨੂੰ ਖੋਰਾ ਲਾਉਣ ਦੇ ਮਾਮਲੇ ਵਿੱਚ ਪੀ ਆਰ ਟੀ ਸੀ ਅਦਾਰੇ ਨੂੰ ਜਦੋਂ ਭਿਣਕ ਪਈ ਤਾਂ ਅੰਦਰੂਨੀ ਜਾਂਚ ਵਿੱਢ ਦਿੱਤੀ ਸੀ। ਪਟਿਆਲਾ ਤੋਂ ਸੀਨੀਅਰ ਅਧਿਕਾਰੀਆਂ ਦੀਆਂ ਟੀਮਾਂ ਨੇ ਕਈ ਦਿਨ ਇਸਦੀ ਜਾਂਚ ਕੀਤੀ ਸੀ। ਹਫਤੇ ਤੋਂ ਵੱਧ ਸਮਾਂ ਜਾਂਚ ਚੱਲਣ ਤੋਂ ਮਗਰੋਂ ਹੁਣ ਕਾਰਵਾਈ ਕਰਵਾਈ ਹੈ।

ਕੰਡਕਟਰ ਹੀ ਨਹੀਂ ਦਫ਼ਤਰੀ ਸਟਾਫ ਵੀ ਆ ਸਕਦਾ ਹੈ ਘੇਰੇ ‘ਚ

ਸਿਰਫ ਦੋ ਹੀ ਕੰਡਕਟਰਾਂ ਵੱਲੋਂ ਟਿਕਟ ਮਸ਼ੀਨਾਂ ਨਾਲ ਛੇੜਛਾੜ ਕਰਕੇ ਰਾਸ਼ੀ ਖੁਰਦ ਬੁਰਦ ਕਰਨ ਦਾ ਮਾਮਲਾ ਡਿਪੂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਤਾ ਲੱਗਿਆ ਹੈ ਕਿ ਟਿਕਟ ਮਸ਼ੀਨ ਚਲਾਉਣੀ ਇਕੱਲੇ ਕੰਡਕਟਰਾਂ ਦੇ ਵੱਸ ਨਹੀਂ ਮਸ਼ੀਨਾਂ ਦਾ ਕੰਟਰੋਲ ਡਿਪੂ ਵਿੱਚੋਂ ਹੀ ਹੁੰਦਾ ਹੈ। ਇੱਕ ਵਾਰ ਮਸ਼ੀਨ ਬੰਦ ਹੋਣ ਤੇ ਮੁੜ ਡਿਪੂ ਵਿੱਚੋਂ ਹੀ ਚਲਵਾਈ ਜਾ ਸਕਦੀ ਹੈ ਇਸ ਲਈ ਡਿਪੂ ਵਿਚਲੇ ਕਰਮਚਾਰੀਆਂ ਦੀ ਮਿਲੀਭੁਗਤ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ