ਸਾਡੇ ਨਾਲ ਸ਼ਾਮਲ

Follow us

13.2 C
Chandigarh
Tuesday, January 20, 2026
More
    Home ਖੇਡ ਮੈਦਾਨ ਫੀਫਾ ਵਿਸ਼ਵ ਕੱਪ...

    ਫੀਫਾ ਵਿਸ਼ਵ ਕੱਪ 2018 : ਇਹਨਾਂ ਟੀਮਾਂ ‘ਤੇ ਰਹਿਣਗੀਆਂ ਨਜ਼ਰਾਂ

    (ਸੱਚ ਕਹੂੰ ਨਿਊਜ਼) ਕਿਸੇ ਵੀ ਖੇਡ ਟੂਰਨਾਮੈਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਜੇਤੂ ਬਾਰੇ ਕਿਆਸ ਲਗਾਏ ਜਾਣਾ ਆਮ ਗੱਲ ਹੈ ਅਤੇ ਇਸ ਵਾਰ ਦੇ ਵਿਸ਼ਵ ਕੱਪ ਲਈ ਕਿਆਸਾਰਾਈਆਂ ਦਾ ਬਾਜ਼ਾਰ ਗਰਮ ਹੈ ਵੈਸੇ ਹਰ ਵੱਡੇ ਟੂਰਨਾਮੈਂਟ ‘ਚ ਮੁੱਖ ਦਾਅਵੇਦਾਰ ਲਗਭਗ ਨਜ਼ਰਾਂ ‘ਚ ਹੁੰਦੇ ਹਨ ਪਰ ਫਿਰ ਵੀ ਕਈ ਟੀਮਾਂ ਛੁਪੇ ਰੁਸਤਮ ਜਿਹਾ ਪ੍ਰਦਰਸ਼ਨ ਕਰਕੇ ਇਹਨਾਂ ਕਿਆਸਾਰਾਈਆਂ ਨੂੰ ਥੋੜਾ ਬਹੁਤ ਗਲਤ ਵੀ ਕਰ ਦਿੰਦੀਆਂ ਹਨ ਇਸ ਵਾਰ ਦੇ ਵਿਸ਼ਵ ਕੱਪ ਨੂੰ ਦੇਖਿਆ ਜਾਵੇ ਤਾਂ 204 ਟੀਮਾਂ ਦੇ ਕੁਆਲੀਫਾਈਂਗ ਗੇੜਾਂ ਤੋਂ ਬਾਅਦ ਵਿਸ਼ਵ ਕੱਪ ਦੇ ਮੁੱਖ ਡਰਾਅ ਤੱਕ ਪਹੁੰਚੀਆਂ 32 ਟੀਮਾਂ ਕਿਸੇ ਵੀ ਪੱਖੋਂ ਘੱਟ ਨਹੀਂ ਹਨ।

    ਪਰ ਫਿਰ ਵੀ ਇਹਨਾਂ ਵਿੱਚੋਂ ਕੁਝ ਟੀਮਾਂ ਨੂੰ ਮੁੱਖ ਦਾਅਵੇਦਾਰ ਇਸ ਲਈ ਕਿਹਾ ਜਾਂਦਾ ਹੈ ਕਿ ਕੁਝ ਇਤਿਹਾਸਕ ਤੱਥ ਅਤੇ ਕੁਝ ਮੌਜ਼ੂਦਾ ਪ੍ਰਦਰਸ਼ਨ ਉਹਨਾਂ ਦੇ ਪੱਖ ‘ਚ ਬੋਲ ਰਹੇ ਹੁੰਦੇ ਹਨ ਇਸ ਵਾਰ ਵੀ ਇਹਨਾਂ ਮੁੱਦਿਆਂ ਕਾਰਨ ਹੀ ਵਿਸ਼ਵ ਕੱਪ ‘ਚ ਮੁੱਖ ਤੌਰ ‘ਤੇ ਜਰਮਨੀ, ਬ੍ਰਾਜੀਲ ਅਤੇ ਉਹਨਾਂ ਤੋਂ ਬਾਅਦ ਸਪੇਨ, ਫਰਾਂਸ ਅਤੇ ਅਰਜਨਟੀਨਾ ਦਾਅਵੇਦਾਰਾਂ ਦੀ ਫੇਰਹਿਸਤ ‘ਚ ਮੋਢੀ ਲੱਗਦੇ ਹਨ ਇਹਨਾਂ ਟੀਮਾਂ ਚੋਂ ਫਰਾਂਸ ਤੋਂ ਇਲਾਵਾ ਬਾਕੀ ਚਾਰ ਟੀਮਾਂ ਹੀ ਹਨ ਜੋ ਵਿਸ਼ਵ ਕੱਪ ਦੇ ਇਤਿਹਾਸ ‘ਚ  ਆਪਣੇ ਮਹਾਂਦੀਪ ਤੋਂ ਬਾਹਰ ਜਾ ਕੇ ਵੀ ਵਿਸ਼ਵ ਕੱਪ ਜਿੱਤਣ ਦਾ ਦਮ ਦਿਖਾ ਚੁੱਕੀਆਂ ਹਨ ਵੈਸੇ ਪੁਰਤਗਾਲ ਅਤੇ ਬੈਲਜ਼ੀਅਮ ਨੂੰ ਵੀ ਦਾਅਵੇਦਾਰਾਂ ਦੀ  ਫੇਰਹਿਸਤ ਤੋਂ ਬਾਹਰ ਨਹੀਂ ਰੱਖਿਆ ਜਾ ਸਕਦਾ।

    ਜਰਮਨੀ: ਸਭ ਤੋਂ ਮੁੱਖ ਦਾਅਵੇਦਾਰਾਂ ‘ਚ 1954, 74, 90 ਅਤੇ 2014 ‘ਚ ਖ਼ਿਤਾਬ ਜਿੱਤ ਚੁੱਕੀ ਜਰਮਨੀ ਦੀ ਟੀਮ ਹੈ ਪਿਛਲੀ ਵਾਰ ਦੀ ਜੇਤੂ ਜਰਮਨ ਟੀਮ ਵਿਸ਼ਵ ਕੱਪ ਦੇ ਇਤਿਹਾਸ ਦੀ ਸਭ ਤੋਂ ਸਫ਼ਲ ਟੀਮ ਹੈ ਅਤੇ ਇਸ ਵਾਰ ਵੀ ਇਸ ਦੀ ਦਾਅਵੇਦਾਰੀ ਨੂੰ ਮਜ਼ਬੂਤ ਮੰਨਿਆ ਜਾ ਰਿਹਾ ਹੈ ਹਾਲਾਂਕਿ ਪਿਛਲੇ 20 ਸੰਸਕਰਨਾਂ ‘ਚ ਸਿਰਫ਼ ਇਟਲੀ ਅਤੇ ਬ੍ਰਾਜ਼ੀਲ ਹੀ ਲਗਾਤਾਰ ਦੋ ਵਾਰ ਵਿਸ਼ਵ ਜੇਤੂ ਹੋਣ ਦਾ ਮਾਣ ਪਾ ਸਕੇ ਹਨ ਜਰਮਨ ਟੀਮ ਨੇ ਤੀਸਰਾ ਅਤੇ ਚੌਥਾ ਸਥਾਨ ਵੀ 4-4 ਵਾਰ ਹਾਸਲ ਕੀਤਾ ਹੈ ਜਰਮਨੀ ਦੀ ਟੀਮ ਹੀ ਇਕੱਲੀ ਅਜਿਹੀ ਟੀਮ ਹੈ ਜਿਸ ਨੇ 1930 ਤੋਂ 2010 ਦੌਰਾਨ ਹਰ ਦਹਾਕੇ ਦੇ ਇੱਕ ਵਿਸ਼ਵ ਕੱਪ ‘ਚ ਪਹਿਲੇ ਤੋਂ ਤੀਸਰਾ ਸਥਾਨ ਜਰੂਰ ਹਾਸਲ ਕੀਤਾ ਹੈ।

    ਇਸ ਵਿਸ਼ਵ ਕੱਪ ‘ਚ ਜਰਮਨੀ ਪਿਛਲੀ ਜੇਤੂ ਹੋਣ ਦੇ ਮਾਣ ਨਾਲ ਮੈਦਾਨ ‘ਤੇ ਨਿੱਤਰੇਗੀ ਮੌਜ਼ੂਦਾ ਸਮੇਂ ‘ਚ ਜਰਮਨ ਟੀਮ ਪੂਰੀ ਲੈਅ ‘ਚ ਹੈ ਅਤੇ ਇਸ ਤੋਂ ਇਲਾਵਾ ਕੋਚ ਜੋਕਿਮ ਲੋਅ ਦੀ ਅਗਵਾਈ ‘ਚ ਵਿਸ਼ਵ ਫੁੱਟਬਾਲ ਰੈਂਕਿੰਗ ‘ਚ 1558 ਅੰਕਾਂ ਨਾਲ ਵਿਸ਼ਵ ਦੀ ਅੱਵਲ ਟੀਮ ਹੋਣ ਦੇ ਮਾਣ ਦਾ ਆਤਮਬਲ ਵੀ ਟੀਮ ਦੇ ਪ੍ਰਦਰਸ਼ਨ ਨੂੰ ਹੋਰ ਚਾਰ ਚੰਨ ਲਾਵੇਗਾ ਟੀਮ ਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਕਰਿਸ਼ਮਾਈ ਗੋਲਕੀਪਰ ਕਪਤਾਨ ਮੈਨੁਅਲ ਨਾਏਰ ਦਾ ਸੱਟ ਤੋਂ ਉੱਭਰ ਕੇ ਟੀਮ ‘ਚ ਵਾਪਸੀ ਕਰਨਾ ਹੈ।

    ਜੋ ਵਿਰੋਧੀਆਂ ਨੂੰ ਗੋਲ ਕਰਨ ਲਈ ਮਜ਼ਬੂਤ ਦੀਵਾਰ ਸਾਬਤ ਹੋਵੇਗਾ ਕਪਤਾਨ ਮੈਨੁਏਲ ਨੇ 2014 ‘ਚ ਜਰਮਨੀ ਨੂੰ ਵਿਸ਼ਵ ਕੱਪ ਦਿਵਾਉਣ ‘ਚ ਅਹਿਮ ਕਿਰਦਾਰ ਅਦਾ ਕੀਤਾ ਸੀ ਜਰਮਨ ਟੀਮ ਆਪਣੇ ਗਰੁੱਪ ਮੈਚਾਂ ‘ਚ ਮੈਕਸਿਕੋ, ਸਵੀਡਨ ਅਤੇ ਦੱਖਣੀ ਕੋਰੀਆ ਨਾਲ ਸ਼ੁਰੂਆਤ ਕਰੇਗੀ ਜਰਮਨੀ ਨੇ ਹਮੇਸ਼ਾ ਹੀ ਵਿਸ਼ਵ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਗਰੁੱਪ ਗੇੜ ਨੂੰ ਪਾਰ ਕਰਨਾ ਜਰਮਨੀ ਲਈ ਜ਼ਿਆਦਾ ਵੱਡਾ ਕੰਮ ਨਹੀਂ ਹੋਵੇਗਾ ਅਤੇ ਜੋ ਕੋਈ ਵੱਡੀ ਉਲਟਫੇਰ ਨਹੀਂ ਹੁੰਦਾ ਤਾਂ ਟੀਮ ਸੈਮੀਫਾਈਨਲ ਜਾਂ ਫਾਈਨਲ ਦੀ ਪੱਕੀ ਦਾਅਵੇਦਾਰ ਹੈ।

    ਬ੍ਰਾਜ਼ੀਲ: 1958, 62, 70, 94 ਅਤੇ 2002  ਦੀ ਖ਼ਿਤਾਬ ਜੇਤੂ ਬ੍ਰਾਜ਼ੀਲ ਜਰਮਨੀ ਤੋਂ ਬਾਅਦ 1431 ਅੰਕਾਂ ਨਾਲ ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਹੈ ਅਤੇ ਖ਼ਿਤਾਬ ਦੀ ਮੁੱਖ ਦਾਅਵੇਦਾਰ ਦੇ ਤੌਰ ‘ਤੇ ਟੂਰਨਾਮੈਂਟ ‘ਚ ਨਿੱਤਰੇਗੀ ਬ੍ਰਾਜ਼ੀਲ ਨੂੰ ਹਾਲਾਂਕਿ ਆਪਣੇ ਗਰੁੱਪ ‘ਚ ਸਰਬੀਆ, ਸਵਿਟਜ਼ਰਲੈਂਡ ਅਤੇ ਕੋਸਟਾਰਿਕਾ  ਦੀ ਮੁਸ਼ਕਲ ਚੁਣੌਤੀ ਮਿਲੇਗੀ ਪਰ ਫਿਰ ਵੀ ਟੀਮ ਦੇ ਕੁਆਲੀਫਿਕੇਸ਼ਨ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦਿਆਂ ਉਸਦਾ ਗਰੁੱਪ ਗੇੜ ਤੋਂ ਅੱਗੇ ਜਾਣਾ ਲਾਜ਼ਮੀ ਜਾਪਦਾ ਹੈ ਬ੍ਰਾਜ਼ੀਲ ਨੇ ਕੁਆਲੀਫਿਕੇਸ਼ਨ ਸੀਰੀਜ਼ ‘ਚ ਟਾੱਪ ਕੀਤਾ ਸੀ ਬ੍ਰਾਜ਼ੀਲ ਕੋਲ ਨੇਮਾਰ ਜਿਹੇ ਖਿਡਾਰੀ ਦੀ ਮੌਜ਼ੂਦਗੀ ਇੱਕ ਪਲੱਸ ਪੁਆਇੰਟ ਕਿਹਾ ਜਾ ਸਕਦਾ ਹੈ ਜੋ ਕਿ ਸ਼ਾਨਦਾਰ ਲੈਅ ‘ਚ ਹਨ ਅਤੇ ਵਿਰੋਧੀਆਂ ਲਈ ਉਹਨਾਂ ਨੂੰ ਰੋਕਣਾ ਮੁਸ਼ਕਲ ਚੁਣੌਤੀ ਸਾਬਤ ਹੋਵੇਗੀ।

    ਅਰਜਨਟੀਨਾ : 1978 ਅਤੇ 86 ਦੀ ਖ਼ਿਤਾਬ ਜੇਤੂ ਅਤੇ 1241 ਅੰਕਾਂ ਨਾਲ ਵਿਸ਼ਵ ਦੀ ਮੌਜ਼ੂਦਾ ਪੰਜਵੇਂ ਸਥਾਨ ਦੀ ਟੀਮ ਅਰਜਨਟੀਨਾ ਪਿਛਲੇ ਵਿਸ਼ਵ ਕੱਪ ਦੇ ਫਾਈਨਲ ‘ਚ ਜਰਮਨੀ ਹੱਥੋਂ ਹਾਰ ਕੇ ਉਪ ਜੇਤੂ ਰਹੀ ਸੀ ਟੀਮ ਮੁੱਖ ਤੌਰ ‘ਤੇ ਸਟਾਰ ਖਿਡਾਰੀ ਕਪਤਾਨ ਲਿਓਨਲ ਮੈਸੀ ‘ਤੇ ਨਿਰਭਰ ਹੈ ਕਪਤਾਨ ਮੈਸੀ  ਆਪਣੀ ਕਪਤਾਨੀ ‘ਚ ਅਰਜਨਟੀਨਾ ਦੀ ਝੋਲੀ ਵਿੱਚ ਵਿਸ਼ਵ ਕੱਪ ਪਾ ਕੇ ਸੰਤੁਸ਼ਟੀ ਹਾਸਲ ਕਰਨਾ ਚਾਹੁਣਗੇ ਅਤੇ ਟੀਮ ਆਪਣੇ ਹਰਮਨ ਪਿਆਰੇ ਕਪਤਾਨ ਨੂੰ ਵਿਸ਼ਵ ਕੱਪ ਦਾ ਤੋਹਫ਼ਾ ਦੇਣ ਲਈ ਪੂਰੀ ਜੀਅ ਜਾਨ ਲਗਾਵੇਗੀ ਹਾਲਾਂਕਿ ਹਾਲ ਹੀ ‘ਚ ਦੋਸਤਾਨਾ ਮੈਚ ‘ਚ ਸਪੇਨ ਹੱਥੋਂ 6-1 ਦੀ ਹਾਰ ਟੀਮ ਲਈ ਚਿੰਤਾ ਦਾ ਵਿਸ਼ਾ ਹੈ ਜਦੋਂਕਿ ਗਰੁੱਪ ‘ਚ ਮਜ਼ਬੂਤ ਕ੍ਰੋਏਸ਼ੀਆ ਅਤੇ ਨਾਈਜੀਰੀਆ ਦਾ ਸਾਹਮਣਾ ਵੀ ਉਸ ਲਈ ਸੌਖਾ ਨਹੀਂ ਜਾਪਦਾ ਪਰ  ਕਪਤਾਨ ਮੈਸੀ ਦਾ ਤਜ਼ਰਬਾ ਟੀਮ ਨੂੰ ਨਾਕਆਊਟ ਗੇੜ ‘ਚ ਪਹੁੰਚਣ ਦੇ ਕਾਬਲ ਕਰ ਲਵੇਗਾ।

    ਪੁਰਤਗਾਲ: 1274 ਅੰਕਾਂ ਨਾਲ ਚੌਥੇ ਨੰਬਰ ਦੀ ਵਿਸ਼ਵ ਪ੍ਰਸਿੱਧ ਸਟਾਰ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਦੀ ਯੁਰਪੀਅਨ ਚੈਂਪੀਅਨ ਟੀਮ ਪੁਰਤਗਾਲ ਨੂੰ ਹਾਲਾਂਕਿ ਵਿਸ਼ਵ ਕੱਪ ਦੇ ਮੁੱਖ ਦਾਅਵੇਦਾਰਾਂ ‘ਚ ਨਹੀਂ ਕਿਹਾ ਜਾ ਸਕਦਾ ਪਰ ਰੋਨਾਲਡੋ ਵੱਲੋਂ ਕੁਆਲੀਫਿਕੇਸ਼ਨ ਗੇੜ ਦੌਰਾਨ 15 ਗੋਲ ਕਰਕੇ ਆਪਣੇ ਸ਼ਾਨਦਾਰ ਲੈਅ ਦਾ ਨਮੂਨਾ ਪੇਸ਼ ਕਰਨ ‘ਤੇ ਇਹ ਜ਼ਰੂਰ ਲੱਗਦਾ ਹੈ ਕਿ ਟੀਮ ਇਸ ਸਟਾਰ ਖਿਡਾਰੀ ਤੋਂ ਇਲਾਵਾ ਆਂਦਰੇ ਸਿਲਵਾ ਅਤੇ ਕਾਂਸੇਲੋ ਜਿਹੇ ਨੌਜਵਾਨ ਖਿਡਾਰੀਆਂ ਦੇ ਜੋਸ਼ ਦੇ ਦਮ ‘ਤੇ ਕੁਝ ਵੀ ਕਰ ਸਕਦੀ ਹੈ।

    ਸਪੇਨ: ਵਿਸ਼ਵ ਕੱਪ 2014 ‘ਚ ਗਰੁੱਪ ਗੇੜ ‘ਚ ਹੀ ਬਾਹਰ ਹੋ ਕੇ ਪ੍ਰਸ਼ੰਸਕਾਂ ਨੂੰ ਮਾਯੁਸ ਕਰਨ ਵਾਲੀ ਸਪੇਨ ਦੀ ਟੀਮ ਤੋਂ ਇਸ ਵਾਰ ਕਾਫ਼ੀ ਆਸਾਂ ਲਗਾਈਆਂ ਜਾ ਰਹੀਆਂ ਹਨ  2010 ਦੀ ਵਿਸ਼ਵ ਕੱਪ ਜੇਤੂ ਅਤੇ 1126 ਅੰਕਾਂ ਨਾਲ ਵਿਸ਼ਵ ਦੀ 10ਵੇਂ ਨੰਬਰ ਦੀ ਟੀਮ ਸਪੇਨ ਸਰਗੀਓ ਰਾਮੋਸ ਅਤੇ ਆਂਦਰੇ ਇਨੀਸਤੇਸਾ ਜਿਹੇ ਖਿਡਾਰੀਆਂ ਨਾਲ  ਕਾਗਜ਼ਾਂ ‘ਚ ਦੂਜੀਆਂ ਟੀਮਾਂ ਲਈ ਡਰਾਉਣੀ ਲੱਗਦੀ ਹੈ ਅਤੇ ਜੇਕਰ ਇਹ ਖਿਡਾਰੀ ਪੂਰੀ ਲੈਅ ‘ਚ ਖੇਡੇ ਤਾਂ ਮੈਦਾਨ ‘ਤੇ ਵੀ ਇਹ ਵਿਰੋਧੀਆਂ ਲਈ ਕਿਸੇ ਮਾੜੇ ਸੁਪਨੇ ਤੋਂ ਘੱਟ ਸਾਬਤ ਨਹੀਂ ਹੋਣਗੇ ਹਾਲਾਂਕਿ ਟੀਮ ਨੂੰ ਗਰੁੱਪ ਗੇੜ ‘ਚ ਪੁਰਤਗਾਲ ਜਿਹੀ ਮਜ਼ਬੂਤ ਟੀਮ ਦਾ ਸਾਹਮਣਾ ਕਰਨਾ ਪਵੇਗਾ ਪਰ ਫਿਰ ਵੀ ਇਸ ਦਾ ਨਾਕਆਊਟ ‘ਚ ਜਾਣਾ ਲਾਜ਼ਮੀ ਜਾਪਦਾ ਹੈ।

    ਫਰਾਂਸ: 1998 ‘ਚ ਆਪਣਾ ਪਹਿਲਾ ਤੇ ਆਖ਼ਰੀ ਵਿਸ਼ਵ ਕੱਪ ਜਿੱਤਣ ਵਾਲੀ 1198 ਅੰਕਾਂ ਨਾਲ ਸੱਤਵੇਂ ਨੰਬਰ ਦੀ ਟੀਮ ਫਰਾਂਸ ਵੀ ਆਪਣੇ ਤਜ਼ਰਬੇਕਾਰ ਖਿਡਾਰੀਆਂ ਦੇ ਦਮ ‘ਤੇ ਕੁਝ ਵੱਖਰਾ ਕਰ ਸਕਦੀ ਹੈ ਅਤੇ ਪੌਲ ਪੋਗਬਾ ਅਤੇ ਅੰਟੋਇਨ ਗ੍ਰਿਜ਼ਮੈਨ ਜਿਹੇ ਖਿਡਾਰੀਆਂ ਨਾਲ ਸਜੀ ਇਹ ਟੀਮ ਨਾਕਆਊਟ ਗੇੜ ‘ਚ ਪਹੁੰਚਣ ‘ਚ ਕਾਮਯਾਬ ਹੋਵੇਗੀ।

    ਬੈਲਜ਼ੀਅਮ : ‘ਰੈੱਡ ਡੇਵਿਲਜ਼’ ਦੇ ਨਾਂਅ ਨਾਲ ਮਸ਼ਹੂਰ 1298 ਅੰਕਾਂ ਨਾਲ ਵਿਸ਼ਵ ਰੈਕਿੰਗ ‘ਚ ਤੀਸਰੇ ਸਥਾਨ ਦੀ ਟੀਮ ਬੈਲਜ਼ੀਅਮ  ਕੋਲ ਕਈ ਪ੍ਰਤਿਭਾਸ਼ਾਲੀ ਤੇ ਤਜ਼ਰਬੇਕਾਰ ਖਿਡਾਰੀ ਹਨ ਜਿੰਨ੍ਹਾਂ ‘ਚ ਡੀ ਬਰੁਏਨ, ਕਪਤਾਨ ਹਾਜ਼ਾਰਡ ਅਤੇ 34 ਗੋਲਾਂ ਨਾਲ ਟੀਮ ਦੇ ਉੱਚ ਸਕੋਰਰ ਰੋਮੇਲੋ ਦੇ ਦਮ ‘ਤੇ ਟੀਮ ਦੂਜੀਆਂ ਟੀਮਾਂ ਨੂੰ ਸਖ਼ਤ ਚੁਣੌਤੀ ਪੇਸ਼ ਕਰੇਗੀ 1986 ‘ਚ ਟੀਮ ਇੱਕੋ ਇੱਕ ਵਾਰ ਟੀਮ ਵਿਸ਼ਵ ਕੱਪ ਸੈਮੀਫ਼ਾਈਨਲ ‘ਚ ਪਹੁੰਚੀ ਹੈ ਜਦੋਂਕਿ  2014 ਦੇ ਕੁਆਰਟਰਫਾਈਨਲ ‘ਚ ਬਾਹਰ ਹੋ ਗਈ ਸੀ। ਆਖ਼ਰ ‘ਚ ਇਹੀ ਕਿਹਾ ਜਾ ਸਕਦਾ ਹੈ ਕਿ ਇਹ  ਜ਼ਬਰਦਸਤ ਖਿਡਾਰੀਆਂ ਨਾਲ ਸਜੀਆਂ ਮੁੱਖ ਟੀਮਾਂ ਹਨ ਅਤੇ ਜੋ  ਟੀਮ ਜਾਂ ਟੀਮ ਦੇ ਖਿਡਾਰੀ ਦਬਾਅ ‘ਚ ਮੌਕੇ ਅਨੁਸਾਰ ਆਪਣੀ ਪ੍ਰਤਿਭਾ ਅਤੇ ਹੁਨਰ ਦਾ ਸਹੀ ਪ੍ਰਦਰਸ਼ਨ ਕਰ ਸਕੇ ਤਾਂ  ਇਹਨਾਂ ਚੋਂ ਕੋਈ ਵੀ ਟੀਮ ਵਿਸ਼ਵ ਕੰਪ ‘ਤੇ ਕਬਜਾ ਕਰ ਸਕਦੀ ਹੈ।

    LEAVE A REPLY

    Please enter your comment!
    Please enter your name here