ਬਜ਼ਾਰਾਂ ‘ਚ ਮੋਦੀ ਤੇ ਰਾਹੁਲ ਗਾਂਧੀ ਦੀਆਂ ਪਿਚਕਾਰੀਆਂ ਨੇ ਚਾੜ੍ਹਿਆ ਰਾਜਨੀਤਿਕ ਰੰਗ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਹੋਲੀ ਦਾ ਤਿਉਹਾਰ ਵੀ ਲੋਕ ਸਭਾ ਚੋਣਾਂ ਕਾਰਨ ਰਾਜਨੀਤਿਕ ਰੰਗ ਵਿੱਚ ਰੰਗ ਗਿਆ ਹੈ। ਬਜ਼ਾਰਾਂ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਦੀਆਂ ਪਿਚਕਾਰੀਆਂ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਉੁਂਜ ਪਤਾ ਲੱਗਾ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਾਂਅ ਦੀਆਂ ਪਿਚਕਾਰੀਆਂ ਵੀ ਬਜ਼ਾਰਾਂ ਅੰਦਰ ਮਿਲ ਰਹੀਆਂ ਹਨ ਪਰ ਜ਼ਿਆਦਾ ਪਿਚਕਾਰੀਆਂ ਮੋਦੀ ਦੀ ਫੋਟੋ ਵਾਲੀਆਂ ਬਣੀਆਂ ਹੋਈਆਂ ਹਨ।ਜਾਣਕਾਰੀ ਅਨੁਸਾਰ ਕੱਲ੍ਹ 21 ਮਾਰਚ ਨੂੰ ਹੋਲੀ ਦਾ ਤਿਉਹਾਰ ਹੋਣ ਕਾਰਨ ਬਜ਼ਾਰਾਂ ਅੰਦਰ ਰੰਗਾਂ, ਗੁਲਾਲ ਤੇ ਵੱਖ-ਵੱਖ ਤਰ੍ਹਾਂ ਦੀਆਂ ਪਿਚਕਾਰੀਆਂ ਸਜ ਚੁੱਕੀਆਂ ਹਨ। ਅੱਜ ਜਦੋਂ ਬਜ਼ਾਰਾਂ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਦੁਕਾਨਾਂ ਉੱਪਰ ਪਈਆਂ ਪਿਚਕਾਰੀਆਂ ‘ਤੇ ਜਿਆਦਾਤਰ ਫੋਟੋਆਂ ਨਰਿੰਦਰ ਮੋਦੀ ਦੀਆਂ ਹੀ ਲੱਗੀਆਂ ਹੋਈਆਂ ਹਨ।
ਉਂਜ ਦੁਕਾਨਦਾਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਦੀ ਫੋਟੋ ਵਾਲੀਆਂ ਪਿਚਕਾਰੀਆਂ ਵੀ ਹਨ, ਪਰ ਉਹ ਇੱਥੇ ਮਾਰਕਿਟ ਵਿੱਚ ਘੱਟ ਆਈਆਂ ਹਨ। ਇਸ ਤੋਂ ਇਲਾਵਾ ਬੱਚਿਆਂ ਨੂੰ ਖੁਸ਼ ਕਰਨ ਲਈ ਪਸੰਦੀਦਾ ਕਾਰਟੂਨ ਵਾਲੀਆਂ ਪਿਚਕਾਰੀਆਂ ਬਜ਼ਾਰਾਂ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ। ਇੱਕ ਦੁਕਾਨਦਾਰ ਨੇ ਦੱਸਿਆ ਕਿ ਹੋਲੀ ਤੋਂ ਪਹਿਲਾਂ ਹਰ ਤਰ੍ਹਾਂ ਦੀਆਂ ਪਿਚਕਾਰੀਆਂ ਦੀ ਵਿਕਰੀ ਹੋ ਰਹੀ ਹੈ, ਕਈ ਬੱਚੇ ਮੋਦੀ ਦੀ ਫੋਟੋ ਵਾਲੀਆਂ ਪਿਚਕਾਰੀਆਂ ਵੱਲ ਕੇਂਦਰਿਤ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਕਾਰਨ ਹੋਲੀ ‘ਤੇ ਵੀ ਸਿਆਸੀ ਰੰਗ ਚੜ੍ਹਿਆ ਹੋਇਆ ਹੈ ਅਤੇ ਲੋਕ ਆਪਣੇ-ਆਪਣੇ ਪਸੰਦੀਦਾ ਆਗੂ ਵਾਲੀਆਂ ਪਿਚਕਾਰੀਆਂ ਖਰੀਦਣ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਚਲਨ ਪਿਛਲੇ ਕੁਝ ਸਾਲਾਂ ਤੋਂ ਹੀ ਬਣਿਆ ਹੈ। ਇੱਧਰ ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਬਜ਼ਾਰਾਂ ਅੰਦਰ ਰੰਗਾਂ ਅਤੇ ਗੁਲਾਲ ਦੀ ਬਹਾਰ ਆਈ ਹੋਈ ਹੈ, ਪਰ ਲੋਕ ਸਭਾ ਚੋਣਾਂ ਦਾ ਰੰਗ ਆਉਣ ਵਾਲੇ ਸਮੇਂ ਵਿੱਚ ਤੈਅ ਕਰੇਗਾ ਕਿ ਦੇਸ਼ ਦੇ ਲੋਕਾਂ ਉੱਪਰ ਮੁੜ ਮੋਦੀ ਦਾ ਰੰਗ ਚੜ੍ਹਦਾ ਹੈ ਜਾਂ ਫਿਰ ਰਾਹੁਲ ਗਾਂਧੀ ਵਾਲੀ ਪਿਚਕਾਰੀ ਲੋਕਾਂ ਨੂੰ ਰੰਗੇਗੀ।
ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਹੋਣ ਕਾਰਨ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਰਾਜਸੀ ਰੰਗ ਨੂੰ ਪੱਕਾ ਦੱਸ ਰਹੇ ਹਨ ਅਤੇ ਮੋਦੀ ਨੂੰ ਲੁੱਟਣ ਵਾਲਾ ਚੌਂਕੀਦਾਰ ਦੱਸ ਰਹੇ ਹਨ।ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਦਾ ਕਹਿਣਾ ਸੀ ਕਿ ਬਜ਼ਾਰ ਅੰਦਰ ਮੋਦੀ ਪਿਚਕਾਰੀ ਛਾਈ ਹੋਈ ਹੈ ਅਤੇ ਦੇਸ਼ ਦੇ ਲੋਕ ਮੁੜ ਮੋਦੀ ਦੇ ਰੰਗ ਵਿੱਚ ਰੰਗੇ ਜਾਣਗੇ। ਉੁਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਸਰਕਾਰ ਤੋਂ ਲੋਕ ਦੋ ਸਾਲਾਂ ‘ਚ ਹੀ ਅੱਕ ਚੁੱਕੇ ਹਨ ਅਤੇ ਲੋਕਾਂ ‘ਤੇ ਇਸ ਸਰਕਾਰ ਦਾ ਰੰਗ ਫਿੱਕਾ ਪੈ ਚੁੱਕਾ ਹੈ। ਹੁਣ ਦੇਖਣਾ ਹੋਵੇਗਾ ਕਿ ਹੋਲੀ ਦੇ ਤਿਉਹਾਰ ਤੋਂ ਬਾਅਦ ਦੇਸ਼ ਅੰਦਰ ਕਿਹੜੀ ਪਾਰਟੀ ਦਾ ਰੰਗ ਗੂੜ੍ਹਾ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।