ਤਿਉਹਾਰ: ਕੋਰੋਨਾ ਕਾਲ ਤੋਂ ਬਾਅਦ ਪਹਿਲੀ ਵਾਰ ਜੇਲ੍ਹਾਂ ਅੰਦਰ ਮਨਾਇਆ ਰੱਖੜੀ ਦਾ ਤਿਉਹਾਰ

ਪੰਜਾਬ ਦੀਆਂ ਜੇਲ੍ਹਾਂ ਅੰਦਰ ਵੀ ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ’ਤੇ ਸਜਾਈ ਰੱਖੜੀ (Rakhi festival)

  • ਕੇਂਦਰੀ ਜੇਲ੍ਹ ਪਟਿਆਲਾ ਅਤੇ ਨਾਭਾ ਵਿਖੇ ਵੀ ਵੱਡੀ ਗਿਣਤੀ ਭੈਣਾਂ ਪੁੱਜੀਆਂ ਰੱਖੜੀ ਬੰਨਣ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭੈਣਾਂ ਵੱਲੋਂ ਅੱਜ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਸਜਾ ਕੇ ਭੈਣ-ਭਰਾ ਦੇ ਰਿਸ਼ਤੇ ਦੀ ਡੋਰ ਨੂੰ ਹੋਰ ਪੱਕਾ ਕੀਤਾ ਗਿਆ। ਇਸ ਰੱਖੜੀ ਦੇ ਤਿਉਹਾਰ (Rakhi festival) ਮੌਕੇ ਪੰਜਾਬ ਭਰ ਦੀਆਂ ਜੇਲ੍ਹਾਂ ਅੰਦਰ ਵੀ ਬੰਦ ਕੈਦੀਆਂ ਤੇ ਹਵਾਲਾਤੀਆਂ ਦੇ ਗੁੱਟਾਂ ’ਤੇ ਭੈਣਾਂ ਵੱਲੋਂ ਰੱਖੜੀ ਸਜਾਈ ਗਈ। ਪਟਿਆਲਾ ਦੀ ਕੇਂਦਰੀ ਜੇਲ੍ਹ ਸਮੇਤ ਪੰਜਾਬ ਭਰ ਦੀਆਂ ਜੇਲ੍ਹਾਂ ਵਿੱਚ ਵੀ ਰੱਖੜੀ ਦੇ ਤਿਉਹਾਰ ਮੌਕੇ ਰੌਣਕਾਂ ਲੱਗੀਆਂ ਰਹੀਆਂ।

ਜਾਣਕਾਰੀ ਅਨੁਸਾਰ ਭੈਣ-ਭਰਾ ਦੇ ਮਜ਼ਬੂਤ ਰਿਸ਼ਤੇ ਦਾ ਪ੍ਰਤੀਕ ਰੱਖੜੀ ਦੇ ਤਿਉਹਾਰ ਦੀ ਜਿੱਥੇ ਅੱਜ ਦੇਸ਼ ਭਰ ਵਿੱਚ ਧੂੰਮ ਰਹੀ, ਉੱਥੇ ਹੀ ਜੇਲ੍ਹਾਂ ਵਿੱਚ ਵੀ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਵੱਲੋਂ ਵਿਸ਼ੇਸ ਪ੍ਰਬੰਧ ਕੀਤੇ ਗਏ। ਕੇਂਦਰੀ ਜੇਲ੍ਹ ਪਟਿਆਲਾ ਤੋਂ ਇਲਾਵਾ ਨਾਭਾ, ਸੰਗਰੂਰ, ਬਠਿੰਡਾ, ਲੁਧਿਆਣਾ, ਰੋਪੜ ਆਦਿ ਜੇਲ੍ਹਾਂ ਵਿੱਚ ਰੱਖੜੀ ਦੇ ਤਿਉਹਾਰ ਦੀ ਧੂੰਮ ਰਹੀ। ਪਤਾ ਲੱਗਾ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਜੇਲ੍ਹਾ ਅੰਦਰ ਬੰਦ ਬੰਦੀ ਭਰਾਵਾਂ ਦੇ ਭੈਣਾਂ ਵੱਲੋਂ ਰੱਖੜੀ ਦਾ ਤਿਉਹਾਰ ਹੀ ਨਹੀਂ ਮਨਾਇਆ ਗਿਆ। ਹੁਣ ਦੋ ਸਾਲਾਂ ਤੋਂ ਬਾਅਦ ਰੱਖੜੀ ਦਾ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਹੀ ਸੂਬਾ ਸਰਕਾਰ ਵੱਲੋਂ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਬੰਦੀ ਭਰਾਵਾਂ ਦੀਆਂ ਭੈਣਾਂ ਵੱਲੋਂ ਰੱਖੜੀ ਦੇ ਤਿਉਂਹਾਰ ਸਬੰਧੀ ਵਿਸੇਸ ਛੂਟ ਦਿੱਤੀ ਗਈ।

ਭਰਾਵਾਂ ਨੂੰ ਭੈਣਾਂ ਦੀ ਅਪੀਲ : ਅਪਰਾਧ ਕਰਕੇ ਆਪਣੀ ਜ਼ਿੰਦਗੀ ਨੂੰ ਖਰਾਬ ਨਾ ਕਰਨ

ਇਸ ਮੌਕੇ ਜੇਲ੍ਹ ’ਚ ਪੁੱਜੀ ਭੈਣ ਅਮਰਜੀਤ ਕੌਰ, ਹਰਿੰਦਰ ਕੌਰ ਅਤੇ ਰਜਨੀ ਨੇ ਕਿਹਾ ਕਿ ਸਾਨੂੰ ਆਪਣੇ ਭਰਾ ਦੇ ਰੱਖੜੀ ਬੰਨ ਕੇ ਬਹੁਤ ਖੁਸ਼ੀ ਮਿਲੀ ਅਤੇ ਉਹ ਸਾਰੇ ਭਰਾਵਾਂ ਨੂੰ ਅਪੀਲ ਕਰਨਾ ਚਾਹੁੰਦੀ ਹੈ ਕਿ ਕੋਈ ਵੀ ਅਪਰਾਧ ਕਰਕੇ ਆਪਣੀ ਜ਼ਿੰਦਗੀ ਨੂੰ ਖਰਾਬ ਨਾ ਕਰਨ ਕਿਉਂਕਿ ਅਪਰਾਧ ਕਰਨ ਤੋਂ ਬਾਅਦ ਜਿੱਥੇ ਉਹ ਆਪ ਜੇਲ੍ਹ ਵਿੱਚ ਬੈਠ ਕੇ ਪਛਤਾਵਾ ਕਰਦੇ ਹਨ, ਉੱਥੇ ਹੀ ਪਰਿਵਾਰਕ ਮੈਂਬਰਾਂ ਨੂੰ ਉਸ ਤੋਂ ਜਿਆਦਾ ਦੁੱਖ ਸਹਿਣਾ ਪੈਂਦਾ ਹੈ।

Jail photo

ਇਸ ਦੌਰਾਨ ਜੇਲ੍ਹ ਵਿੱਚ ਨਜ਼ਰਬੰਦ ਬੰਦੀਆਂ ਗੁਰਪ੍ਰੀਤ ਸਿੰਘ ਅਤੇ ਪੂਰਨ ਸਿੰਘ ਨੇ ਕਿਹਾ ਕਿ ਅਸੀਂ ਜ਼ੇਲ੍ਹ ਪ੍ਰਸਾਸ਼ਨ ਦੇ ਧੰਨਵਾਦੀ ਹਾਂ ਕਿ ਸਾਡੀਆਂ ਭੈਣਾਂ ਨੂੰ ਰੱਖੜੀ ਬੰਨਣ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਅਪਰਾਧ ਕਰਕੇ ਖੁਦ ਪਛਤਾਵਾ ਕਰ ਰਹੇ ਹਾਂ ਅਤੇ ਜੇਲ੍ਹ ਦੀਆਂ ਸਲਾਖਾਂ ਵਿੱਚ ਸਜ਼ਾ ਕੱਟ ਰਹੇ ਹਾਂ।

ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰੱਖੜੀ ਬੰਨਣ ਦਾ ਦਿੱਤਾ ਸਮਾਂ : ਜੇਲ੍ਹ ਸੁਪਰਡੈਂਟ

ਇਸ ਮੌਕੇ ਪਟਿਆਲਾ ਕੇਂਦਰੀ ਜੇਲ੍ਹ ਦੇ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਭੈਣਾਂ ਨੂੰ ਇਸ ਰੱਖੜੀ ਦੇ ਤਿਉਹਾਰ ਦੇ ਸਰਕਾਰ ਦੇ ਨਿਯਮਾਂ ਤਹਿਤ ਰੱਖੜੀ ਬੰਨਣ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜੇਲ੍ਹ ਅੰਦਰ ਵੀ ਅੱਜ ਵੱਡੀ ਗਿਣਤੀ ’ਚ ਦੂਰੋਂ-ਦੂਰੋਂ ਆਕੇ ਭੈਣਾਂ ਵੱਲੋਂ ਰੱਖੜੀ ਬੰਨੀ ਗਈ। ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਤੋਂ ਬਾਅਦ ਇਹ ਪਹਿਲੀ ਵਾਰ ਜੇਲ੍ਹਾਂ ਅੰਦਰ ਭੈਣਾਂ ਵੱਲੋਂ ਰੱਖੜੀ ਬੰਨੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤਿਉਹਾਰ ਮੌਕੇ ਵੀ ਜੇਲ੍ਹ ਅੰਦਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ