ਤਿੰਨ ਕਿੱਲੋ ਹੈਰੋਇਨ ਅਤੇ 8 ਲੱਖ ਦੀ ਭਾਰਤੀ ਕਰੰਸੀ ਸਮੇਤ ਤਿੰਨ ਜਣੇ ਗ੍ਰਿਫ਼ਤਾਰ
ਸੱਤਪਾਲ ਥਿੰਦ, ਫਿਰੋਜ਼ਪੁਰ : ਫਿਰੋਜ਼ਪੁਰ ਪੁਲਿਸ ਨੇ ਤਿੰਨ ਕਿੱਲੋ ਹੈਰੋਇਨ, 8 ਲੱਖ ਦੀ ਭਾਰਤੀ ਕਰੰਸੀ ਸਮੇਤ ਤਿੰਨ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਵਰਨ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਰਾਜੋ ਕੇ, ਜ਼ਿਲ੍ਹਾ ਤਰਨਤਾਰਨ, ਗੁਰਦੇਵ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਰਾਜਾਤਾਲ ਜ਼ਿਲ੍ਹਾ ਅੰਮ੍ਰਿਤਸਰ ਅਤੇ ਜਗਦੀਸ਼ ਸਿੰਘ ਉਰਫ਼ ਦੀਸਾ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਮੁਹਾਰ ਜਮਸ਼ੇਰ ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਗਦੀਸ਼ ਸਿੰਘ 2 ਕਿੱਲੋ ਹੈਰੋਇਨ ਦੀ ਸਪਲਾਈ ਸਵਰਨ ਸਿੰਘ ਅਤੇ ਗੁਰਦੇਵ ਸਿੰਘ ਨੂੰ ਕਰ ਚੁੱਕਿਆ ਹੈ। ਜਗਦੀਸ਼ ਸਿੰਘ ਦੀ ਜ਼ਮੀਨ ਹਿੰਦ-ਪਾਕਿ ਸਰਹੱਦ ਨਾਲ ਤਾਰਾਂ ਤੋਂ ਪਾਰ ਹੈ। ਜਿਸ ਜਗ੍ਹਾ ਜਗਦੀਸ਼ ਸਿੰਘ ਦੀ ਜ਼ਮੀਨ ਹੈ, ਉਸ ਜਗ੍ਹਾ ਤਾਰਾਂ ਦੇ ਹੇਠ ਸਤਿਲੁਜ ਦਰਿਆ ਦੇ ਪਾਣੀ ਦੀ ਨਿਕਾਸੀ ਲਈ ਪਾਈਪਾਂ ਦੱਬੀਆਂ ਹੋਈਆਂ ਹਨ। ਪਾਕਿਸਤਾਨੀ ਸਮੱਗਲਰ ਰਾਤ ਨੂੰ ਇਨ੍ਹਾਂ ਪਾਈਪਾਂ ਵਿੱਚ ਹੈਰੋਇਨ ਰੱਖ ਜਾਂਦੇ ਸਨ। ਜਗਦੀਸ਼ ਜਦੋਂ ਖੇਤਾਂ ਵਿੱਚ ਕੰਮ ਕਰਨ ਜਾਂਦੀ ਸੀ ਤਾ ਬੀਐੱਸਐਫ਼ ਦੀਆਂ ਨਜ਼ਰਾਂ ਤੋਂ ਬਚਾਅ ਕੇ ਹੈਰੋਇਨ ਆਪਣੇ ਨਾਲ ਲੈ ਆਉਂਦਾ ਸੀ। ਇਸ ਕੰਮ ਲਈ ਇੱਕ ਹੈਰੋਇਨ ਦੀ ਖੇਪ ਬਦਲੇ ਜਗਦੀਸ਼ 2 ਲੱਖ ਰੁਪਏ ਲੈਂਦਾ ਸੀ। ਇਹ ਧੰਦਾ ਕਾਫ਼ੀ ਸਮੇਂ ਤੋਂ ਜਾਰੀ ਸੀ।
ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ਼ ਮੁਕੱਦਮਾ ਨੰਬਰ 204 ਮਿਤੀ 28-7-2017 ਅ/ਧ 21,25,61/85 ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।ਮਾਮਲੇ ਦੀ ਤਫ਼ਤੀਸ਼ ਏਆਈਜੀ/ਕਾਊਂਟਰ ਇੰਟੈਂਲੀਜੈਂਸ ਨਰਿੰਦਰਪਾਲ ਸਿੰਘ ਵੱਲੋਂ ਖੁਦ ਕੀਤੀ ਜਾ ਰਹੀ ਹੈ।














