ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home ਸਿਹਤ ਬਹੁਤ ਗੁਣਕਾਰੀ ...

    ਬਹੁਤ ਗੁਣਕਾਰੀ ਹੈ ਸੌਂਫ (Fennel seeds)

    ਬਹੁਤ ਗੁਣਕਾਰੀ ਹੈ ਸੌਂਫ (Fennel seeds)

    ਸੌਂਫ ਦਾ ਨਾਂਅ ਲੈਦਿਆਂ ਹੀ ਮੈਨੂੰ ਬਚਪਨ ਯਾਦ ਆ ਗਿਆ। ਨਿੱਕੇ ਹੁੰਦੇ ਜਦੋਂ ਅਸੀਂ ਬਾਪੂ ਦੇ ਨਾਲ ਖੇਤੋਂ ਬਰਸੀਣ ਲੈਣ ਜਾਂਦੇ ਸਾਂ ਤਾਂ ਗਾਜਰਾਂ, ਮੂਲੀਆਂ ਅਤੇ ਗੋਂਗਲੂਆਂ ਦੇ ਆਹੂ ਲਾਹੁਣ ਦੇ ਨਾਲ-ਨਾਲ ਵੱਟਾਂ ਉੱਤੇ ਬਾਪੂ ਦੇ ਸ਼ੌਂਕ ਨਾਲ ਲਗਾਏ ਸੌਂਫ ਦੇ ਬੂਟੇ ਵੀ ਰੁੰਡ-ਮਰੁੰਡ ਕਰ ਆਉਂਦੇ ਸਾਂ। ਹਰੀ-ਹਰੀ ਕੱਚੀ ਸੌਂਫ ਖਾ ਕੇ ਖਾਲ ‘ਚੋਂ ਵਗਦਾ ਕੱਸੀ ਦਾ ਪਾਣੀ ਪੀਣਾ ਤਾਂ ਪਾਣੀ ਮਿੱਠਾ-ਮਿੱਠਾ ਲੱਗਣਾ। ਸੌਂਫ ਖਾ ਕੇ ਸਭ ਖਾਧਾ-ਪੀਤਾ ਹਜ਼ਮ ਹੋ ਜਾਂਦਾ ਸੀ। ਘਰੇ ਮੁੜਦਿਆਂ-ਮੁੜਦਿਆਂ ਭੁੱਖ ਏਨੀ ਲੱਗਦੀ ਸੀ ਕਿ ਬੀਬੀ ਦੀਆਂ ਬਣਾ ਕੇ ਰੱਖੀਆਂ ਰੋਟੀਆਂ ਥੋੜ੍ਹੀਆਂ ਪੈ ਜਾਂਦੀਆਂ ਸਨ।

    ਹੁਣ ਤਾਂ ਬਚਪਨ ਦੇ ਜ਼ਮਾਨੇ ਬੜੇ ਪਿੱਛੇ ਰਹਿ ਗਏ ਹਨ। ਨਾ ਬਾਪੂ ਰਿਹਾ ਤੇ ਨਾ ਬੀਬੀ। ਯਾਦ ਹਨ ਤਾਂ ਬੱਸ ਲੂਣ-ਤੇਲ-ਲੱਕੜੀਆਂ! ਨਿੱਤ ਦਿਨ ਦੀਆਂ ਲੋੜਾਂ ਤੇ ਪਰਿਵਾਰ ਦੀ ਚਿੰਤਾ!!! ਬਾਲਪਣ ਦੀਆਂ ਉਹ ਗੱਲਾਂ ਤਾਂ ਹੁਣ ਯਾਦਾਂ ਬਣ ਕੇ ਮਨ ਵਿੱਚ ਹੀ ਰਹਿ ਗਈਆਂ ਹਨ।
    ਖੈਰ! ਗੱਲ ਸੌਂਫ ਦੀ ਕਰ ਰਹੇ ਸਾਂ। ਆਯੁਰਵੇਦ ਵਿੱਚ ਸੌਂਫ ਬਹੁਤ ਹੀ ਗੁਣਕਾਰੀ ਦੱਸੀਦੀ ਹੈ।

    ਇਹ ਸਰਦੀਆਂ ਵਿੱਚ ਬਰਸੀਣ ਦੀ ਰੁੱਤੇ ਬੀਜੀ ਜਾਂਦੀ ਹੈ। ਇਸ ਦੇ ਬੂਟਿਆਂ ਦੀ ਉਚਾਈ ਤਿੰਨ ਤੋਂ ਚਾਰ ਫੁੱਟ ਦੇ ਦਰਮਿਆਨ ਹੁੰਦੀ ਹੈ। ਇਸ ਦੀ ਤਾਸੀਰ ਗਰਮ ਖੁਸ਼ਕ ਹੁੰਦੀ ਹੈ। ਇਹ ਮਿਹਦੇ ਅਤੇ ਅੰਤੜੀਆਂ ਦੇ ਰੋਗ ਦੂਰ ਕਰਨ ਵਾਸਤੇ ਉੱਤਮ ਮੰਨੀ ਗਈ ਹੈ। ਇਹ ਅੱਖਾਂ ਦੀ ਰੌਸ਼ਨੀ ਵਧਾਉਂਦੀ ਹੈ। ਬਲਗਮ ਦੂਰ ਕਰਦੀ ਹੈ।

    ਪਿਸ਼ਾਬ ਲਿਆਉਂਦੀ ਹੈ। ਇਹ ਦ੍ਰਵਕ ਹੈ, ਇਸ ਲਈ ਕਬਜ਼ ਵਿੱਚ ਵੀ ਗੁਣਕਾਰੀ ਹੈ। ਇਸ ਦੀ ਵਰਤੋਂ ਅਨੇਕਾਂ ਦਵਾਈਆਂ ਵਿੱਚ ਹੁੰਦੀ ਹੈ। ਸਬਜ਼ੀਆਂ ਅਤੇ ਅਚਾਰਾਂ ਵਿੱਚ ਇਸ ਦਾ ਉਪਯੋਗ ਕੀਤਾ ਜਾਂਦਾ ਹੈ। ਇਹ ਪੇਟ ਦੀਆਂ ਬਿਮਾਰੀਆਂ ਵਾਸਤੇ ਰਾਮਬਾਣ ਬੂਟੀ ਹੈ। ਇਸ ਦਾ ਨਿਰੰਤਰ ਇਸਤੇਮਾਲ ਕਰਨ ਨਾਲ ਪੇਚਸ਼ ਅਤੇ ਸੰਗ੍ਰਿਹਣੀ ਦੇ ਰੋਗੀਆਂ ਨੂੰ ਬਹੁਤ ਲਾਭ ਹੁੰਦਾ ਹੈ। ਇਸ ਦਾ ਰਸ ਖਾਂਸੀ ਰੋਕਣ ਵਿੱਚ ਸਹਾਇਤਾ ਕਰਦਾ ਹੈ।

    ਆਯੁਰਵੇਦ ਵਿੱਚ ਇਸ ਦੇ ਮਹੱਤਵ ਨੂੰ ਸਵੀਕਾਰਦੇ ਹੋਏ ਇਸ ਨੂੰ ਤ੍ਰਿਦੋਸ਼ ਨਾਸ਼ਕ (ਵਾਤ, ਪਿੱਤ ਅਤੇ ਕਫ਼ ਨਾਸ਼ਕ) ਬੁੱਧੀ ਵਧਾਉਣ ਵਾਲੀ, ਪਾਚਕ ਆਦਿ ਅਨੇਕਾਂ ਗੁਣਾਂ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਹੈ। ਕਬਜ਼ ਦੂਰ ਕਰਨ ਵਾਸਤੇ ਸੌਂਫ ਪੀਹ ਕੇ ਰੱਖ ਲਵੋ। ਇਸ ਦਾ ਇੱਕ ਚਮਚ ਗੁਲਕੰਦ ਵਿੱਚ ਮਿਲਾ ਕੇ ਸਵੇਰੇ-ਸ਼ਾਮ ਖਾਣਾ-ਖਾਣ ਤੋਂ ਮਗਰੋਂ ਲੈਣ ਨਾਲ ਕਬਜ਼ ਦੂਰ ਹੋ ਜਾਂਦੀ ਹੈ। ਨਜ਼ਲਾ-ਜ਼ੁਕਾਮ ਹੋਣ ‘ਤੇ ਇੱਕ ਕੱਪ ਚਾਹ ਜਾਂ ਪਾਣੀ ਵਿੱਚ ਇੱਕ ਚਮਚਾ ਸੌਂਫ ਉਬਾਲ ਕੇ ਰਾਤੀਂ ਸੌਣ ਤੋਂ ਪਹਿਲਾਂ ਪੀ ਲਵੋ। ਨਜ਼ਲੇ-ਜ਼ੁਕਾਮ ਨੂੰ ਦੋ-ਤਿੰਨ ਦਿਨਾਂ ਵਿੱਚ ਅਰਾਮ ਆ ਜਾਵੇਗਾ।

    ਪਾਚਣ ਕਿਰਿਆ ਖਰਾਬ ਹੋਣ ‘ਤੇ ਮੂੰਹ ਵਿੱਚੋਂ ਬੋ ਆਉਣ ਲੱਗਦੀ ਹੈ। ਇਸ ਦਾ ਅੱਧਾ ਚਮਚ ਦਿਨ ਵਿੱਚ ਤਿੰਨ-ਚਾਰ ਵਾਰ ਚਬਾਉਣ ਨਾਲ ਮੂੰਹ ਦੀ ਬਦਬੂ ਹਟ ਜਾਂਦੀ ਹੈ। ਪਾਚਣ ਕਿਰਿਆ ਵੀ ਠੀਕ ਹੋ ਜਾਂਦੀ ਹੈ। ਗਲੇ ਦੀ ਖਰਾਬੀ ਅਤੇ ਖੱਟੇ ਡਕਾਰ ਆਉਂਦੇ ਹੋਣ ਤਾਂ ਇੱਕ ਚਮਚ ਸੌਂਫ ਇੱਕ ਕੱਪ ਪਾਣੀ ਵਿੱਚ ਉਬਾਲ ਕੇ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਕੇ ਪੀਣ ਨਾਲ ਇੱਕ-ਦੋ ਦਿਨਾਂ ਵਿੱਚ ਅਰਾਮ ਆ ਜਾਂਦਾ ਹੈ। ਇਹ ਦਿਮਾਗੀ ਕਮਜ਼ੋਰੀ ਅਤੇ ਸਰੀਰਕ ਕਮਜ਼ੋਰੀ ਦੂਰ ਕਰਦੀ ਹੈ। ਕਮਜ਼ੋਰੀ ਕਾਰਨ ਚੱਕਰ ਆਉਂਦੇ ਹੋਣ ਤਾਂ ਸੌਂਫ ਕਿਸੇ ਵੀ ਤਰ੍ਹਾਂ ਖਾਧੀ ਲਾਭਕਾਰੀ ਹੈ।

    ਇਸ ਦੀ ਨਿਰੰਤਰ ਵਰਤੋਂ ਨਾਲ ਅੱਖਾਂ ਦੀ ਰੌਂਸ਼ਨੀ ਤੇਜ਼ ਹੁੰਦੀ ਹੈ। ਜੇਕਰ ਪੇਟ ਵਿੱਚ ਦਰਦ ਹੋ ਜਾਵੇ ਤਾਂ ਇੱਕ-ਡੇਢ ਚਮਚ ਸੌਂਫ ਤਵੇ ‘ਤੇ ਭੁੰਨ੍ਹ ਕੇ ਚਬਾ ਕੇ ਖਾਵੋ। ਮਿੰਟਾਂ ਵਿੱਚ ਦਰਦ ਠੀਕ ਹੋ ਜਾਵੇਗਾ। ਸੰਗ੍ਰਿਹਣੀ ਦੇ ਰੋਗੀ ਭੁੰਨੀ ਹੋਈ ਸੌਂਫ ਖਾਣਾ ਖਾਣ ਤੋਂ ਬਾਅਦ ਰੋਜ਼ਾਨਾ ਚਬਾ-ਚਬਾ ਕੇ ਖਾਣ ਤਾਂ ਬਹੁਤ ਫਾਇਦਾ ਹੁੰਦਾ ਹੈ। ਇਸ ਦਾ ਇਸਤੇਮਾਲ ਹਰ ਆਮ ਆਦਮੀ ਨੂੰ ਵੀ ਕਰਨਾ ਚਾਹੀਦਾ ਹੈ। ਇਸ ਨਾਲ ਅਨੇਕਾਂ ਪੇਟ ਦੀਆਂ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।
    ਓਮਕਾਰ ਸੂਦ
    ਐੱਸ.ਜੀ.ਐੱਮ. ਨਗਰ, ਫ਼ਰੀਦਾਬਾਦ (ਹਰਿਆਣਾ)
    ਮੋ. 86540-36080

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here