ਨੂੰਹ ਦੇ ਕਤਲ ਦੇ ਦੋਸ਼ ’ਚ ਸਹੁਰੇ ਨੂੰ ਉਮਰ ਕੈਦ ਤੇ 1 ਲੱਖ ਰੁਪਏ ਜ਼ੁਰਮਾਨਾ
ਬਰਨਾਲਾ/ਹੰਢਿਆਇਆ, (ਜਸਵੀਰ ਸਿੰਘ ਗਹਿਲ/ਮਨੋਜ ਸ਼ਰਮਾ) ਸ਼ੈਸਨ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ ਨੇ ਪਿੰਡ ਠੀਕਰੀਵਾਲਾ ਦੇ ਇੱਕ ਵਿਅਕਤੀ ਨੂੰ ਆਪਣੀ ਨੂੰਹ ਦੇ ਕਤਲ ਦੇ ਦੋਸ਼ ’ਚ ਉਮਰ ਕੈਦ ਦੀ ਸ਼ਜਾ ਤੇ ਇੱਕ ਲੱਖ ਰੁਪਏ ਜ਼ੁਰਮਾਨਾ ਕੀਤਾ ਹੈ।
ਮਾਮਲੇ ਦੇ ਪਿਛੋਕੜ ਮੁਤਾਬਕ ਸਾਲ ਕੁ ਪਹਿਲਾਂ 1 ਸਤੰਬਰ 2020 ਨੂੰ ਪਿੰਡ ਠੀਕਰੀਵਾਲਾ ਦੇ ਗੁਰਚਰਨ ਸਿੰਘ ਉਰਫ ਚਰਨਾ ਨੇ ਆਪਣੀ ਨੂੰਹ ਲਵਪ੍ਰੀਤ ਕੌਰ ਦੇ ਸਿਰ ਵਿੱਚ ਕਹੀ ਮਾਰਨ ਪਿੱਛੋਂ ਪੈਟਰੋਲ ਛਿੜਕ ਕੇ ਉਸ ਨੂੰ ਉਸ ਸਮੇਂ ਅੱਗ ਲਗਾ ਦਿੱਤੀ ਸੀ ਜਦੋਂ ਪਰਿਵਾਰ ਦਾ ਹੋਰ ਕੋਈ ਵੀ ਮੈਂਬਰ ਘਰ ਨਹੀ ਸੀ।
ਇਸ ਪਿੱਛੋਂ ਕਹੀ ਵੱਜਣ ਤੇ ਅੱਗ ਲੱਗਣ ਕਾਰਨ ਗੰਭੀਰ ਜਖ਼ਮੀ ਹੋਈ ਲਵਪ੍ਰੀਤ ਕੌਰ ਨੂੰ ਗੁਆਂਢੀਆਂ ਦੀ ਮੱਦਦ ਨਾਲ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਸੀ,
ਜਿੱਥੋੋਂ ਡਾਕਟਰਾਂ ਨੇ ਲਵਪ੍ਰੀਤ ਕੌਰ ਦੀ ਹਾਲਤ ਨੂੰ ਭਾਂਪਦਿਆਂ ਪੀ ਜੀ ਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਸੀ, ਜਿੱਥੇ ਲਵਪ੍ਰੀਤ ਕੌਰ ਦੀ ਲਗਭਗ 12 ਦਿਨਾਂ ਬਾਅਦ ਜ਼ੇਰੇ ਇਲਾਜ਼ ਮੌਤ ਹੋ ਗਈ ਸੀ। ਪੀ ਜੀ ਆਈ ਵਿਖੇ ਦਾਖਲ ਕਰਨ ਉਪਰੰਤ ਚੰਡੀਗੜ੍ਹ ਦੀ ਪੁਲਿਸ ਵੱਲੋਂ ਜਖ਼ਮੀ ਲਵਪ੍ਰੀਤ ਕੌਰ ਦੇ ਬਿਆਨ ਲਿਖਿਆ ਗਿਆ ਸੀ ਜੋ ਮੌਜ਼ੂਦ ਡਾਕਟਰਾਂ ਨੇ ਤਸਦੀਕ ਕੀਤਾ ਸੀ।
ਇਨ੍ਹਾਂ ਬਿਆਨਾਂ ਦੇ ਅਧਾਰ ’ਤੇ ਹੀ ਦੋਸ਼ੀ ਗੁਰਚਰਨ ਸਿੰਘ ਖ਼ਿਲਾਫ਼ ਸ਼ਿਕਾਇਤ ਨੰ: 128, 1 ਨਵੰਬਰ 2020 ਥਾਣਾ ਬਰਨਾਲਾ ਵਿਖੇ ਕੇਸ ਦਰਜ ਹੋਇਆ ਸੀ। ਜਿਸਦਾ ਚਲਾਨ ਪੇਸ਼ ਹੋਣ ਤੋਂ ਬਾਅਦ ਕੇਸ ਸ਼ੈਸਨ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ ਵਿੱਚ ਚੱਲਿਆ। ਜਿੱਥੇ ਜੱਜ ਵਰਿੰਦਰ ਅਗਰਵਾਲ ਨੇ ਦੋਵਾਂ ਧਿਰਾਂ ਦੀ ਬਹਿਸ ਸੁਣਨ ਉਪਰੰਤ ਮੁਦੱਈ ਦੇ ਵਕੀਲ ਜਤਿੰਦਰ ਕੁਮਾਰ ਬਹਾਦਰਪੁਰੀਆ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਸ਼ੀ ਗੁਰਚਰਨ ਸਿੰਘ ਉਰਫ਼ ਚਰਨਾ ਨੂੰ ਉਮਰ ਕੈਦ ਅਤੇ ਇਕ ਲੱਖ ਰੁਪਏ ਜ਼ੁਰਮਾਨੇ ਦੀ ਸ਼ਜਾ ਸੁਣਾਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ