ਦੇਸ਼ ਲਈ ਘਾਤਕ ਸਮੱਸਿਆ ਹੈ ਅਬਾਦੀ ਦਾ ਵਧਣਾ

FatalProblem, Country, PopulationGrowth

ਨਵਜੋਤ ਬਜਾਜ (ਗੱਗੂ) 

ਦੁਨੀਆ ਦੇ ਕੁਝ ਅਮੀਰਾਂ ਵਿੱਚ ਭਾਰਤੀਆਂ ਦਾ ਨਾਂਅ ਵੀ ਆਉਂਦਾ ਹੈ ਭਾਰਤ ਵਿੱਚ ਕਰੋੜਪਤੀਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਸਰਕਾਰ ਦਾ ਦਾਅਵਾ ਹੈ ਕਿ ਸਾਡੀ ਅਰਥ ਵਿਵਸਥਾ ਵੀ ਤੇਜੀ ਨਾਲ ਵਧ ਰਹੀ ਹੈ ਪਰ ਦੇਸ਼ ਦੀ ਦੂਜੀ ਤਸਵੀਰ ਚਿੰਤਾਜਨਕ ਤੇ ਸ਼ਰਮਨਾਕ ਵੀ ਹੈ ਕਿਉਂਕਿ ਪੂਰੇ ਦੇਸ਼ ਵਿੱਚ 25 ਫੀਸਦੀ ਲੋਕ ਝੁੱਗੀਆਂ-ਝੋਂਪੜੀਆਂ ਵਿੱਚ ਰਹਿੰਦੇ ਹਨ ਅਤੇ 20 ਫੀਸਦੀ ਲੋਕ ਅਤਿ ਦੀ ਗਰੀਬੀ ਵਿੱਚ ਜਿੰਦਗੀ ਬਤੀਤ ਕਰ ਰਹੇ ਹਨ ਇਸ ਦਾ ਵੱਡਾ ਕਾਰਨ ਹੈ ਅਬਾਦੀ ਦਾ ਵਧਣਾ ਪਿੰਡਾਂ-ਸ਼ਹਿਰਾਂ ਵਿੱਚ ਵਧਦੀ ਭੀੜ, ਕੂੜੇ-ਕਰਕਟ ਦੇ ਢੇਰਾਂ ਅਤੇ ਪ੍ਰਦੂਸ਼ਣ ਦਾ ਸ਼ਿਕਾਰ ਹੋ ਰਹੀ ਹੈ।

ਇਥੇ ਲਗਭਗ 19 ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਹਨ ਸਮਾਜਿਕ-ਆਰਥਿਕ ਸਰਵੇਖਣ ਅਨੁਸਾਰ 60 ਕਰੋੜ ਲੋਕ ਸਿਰਫ ਇੱਕ ਹਜ਼ਾਰ ਰੁਪਏ ਮਹੀਨਾ ਕਮਾਈ ਨਾਲ ਗੁਜਾਰਾ ਕਰ ਰਹੇ ਹਨ ਦੇਸ਼ ਦੇ ਇੱਕ ਸੂਬੇ ਵਿੱਚ ਲੋਕ ਗਰੀਬੀ ਤੋਂ ਇਨੇ ਮਜਬੂਰ ਸਨ ਕਿ ਉਹਨਾਂ ਨੂੰ ਘਾਹ ਦੀ ਰੋਟੀ ਖਾਣ ਲਈ ਮਜਬੂਰ ਹੋਣਾ ਪਿਆ ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਸਮਾਂ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ।

ਦਿਹਾਤੀ ਖੇਤਰਾਂ ਵਿੱਚ ਸਿਹਤ ਸਹੂਲਤਾਂ ਦੀ ਵੱਡੀ ਘਾਟ ਹੈ ਕਈ ਇਲਾਕਿਆਂ ਵਿੱਚ ਬਿਨਾ ਇਲਾਜ (ਗਰੀਬੀ ਕਾਰਨ) ਲੋਕ ਮਰ ਰਹੇ ਹਨ ਬੇਰੁਜਗਾਰੀ ਦੀ ਸਥਿਤੀ ਲਗਾਤਾਰ ਭਿਆਨਕ ਹੁੰਦੀ ਜਾ ਰਹੀ ਹੈ ਦੇਸ਼ ਦੇ ਇੱਕ ਸੂਬੇ ਵਿੱਚ ਪਿੱਛੇ ਜਿਹੇ 300 ਚਪੜਾਸੀ ਦੇ ਅਹੁਦਿਆਂ ਲਈ ਲਗਭਗ 22 ਲੱਖ ਉਮੀਦਵਾਰਾਂ ਨੇ ਅਰਜੀਆਂ ਭੇਜੀਆਂ, ਜਿਨਾਂ ‘ਚ ਬੀ.ਏ, ਐਮ.ਏ, ਪਾਸ ਨੌਜਵਾਨ ਵੀ ਸਨ ਨੌਜਵਾਨਾਂ ਦੀ ਵਧਦੀ ਬੇਰੁਜਗਾਰੀ ਨਿਰਾਸ਼ਾ ਫੈਲਾਅ ਰਹੀ ਹੈ ਤੇ ਦੇਸ਼ ‘ਚ ਅਪਰਾਧ ਵਧਣ ਦਾ ਵੀ ਇਹ ਇੱਕ ਬਹੁਤ ਵੱਡਾ ਕਾਰਨ ਹੈ।

ਦੇਸ਼ ਦੀ ਅਜਾਦੀ ਦੇ ਲੰਮੇ ਚੱਲੇ ਸੰਘਰਸ਼ ਵਿੱਚ ਲੱਖਾਂ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ ਫਾਂਸੀ ਦੇ ਰੱਸਿਆਂ ‘ਤੇ ਝੂਲਦੇ ਹੋਏ 1947 ਨੂੰ ਦੇਸ਼ ਅਜਾਦ ਕਰਵਾਇਆ ਉਨ੍ਹਾਂ ਦੀ ਆਖਰੀ ਇੱਛਾ ਸੀ ਕਿ ਭਾਰਤ ਦੇਸ਼ ਆਜਾਦ ਹੋ ਜਾਵੇ, ਇੱਥੇ ਖੁਸ਼ਹਾਲੀ ਹੋਵੇ, ਕੋਈ ਗਰੀਬ ਤੇ ਕੋਈ ਭੁੱਖਾ ਨਾ ਹੋਵੇ ਪਰ ਅੱਜ ਅਮੀਰੀ ਚਮਕ ਰਹੀ ਹੈ ਤੇ ਗਰੀਬੀ ਦਿਨੋ-ਦਿਨ ਵਧ ਰਹੀ ਹੈ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਧਸਦੇ ਜਾਂ ਰਹੇ ਹਨ ਵਧਦੀ ਅਬਾਦੀ ਕਾਰਨ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ, ਵਿੱਦਿਆ ਵਰਗੀਆਂ ਸਹੂਲਤਾਂ, ਕੁਝ ਕੁ ਲੋਕਾਂ ਤੱਕ ਹੀ ਸਿਮਟ ਕੇ ਰਹਿ ਜਾਂਦੀਆਂ ਹਨ।

ਵਧਦੀ-ਅਬਾਦੀ ਦੀ ਸਮੱਸਿਆ ਸਭ ਕੁਝ ਠੱਪ ਕਰਕੇ ਰੱਖ ਦਿੰਦੀ ਹੈ ਗਰੀਬੀ, ਬੇਰੁਜ਼ਗਾਰੀ, ਪ੍ਰਦੂਸ਼ਣ ਸਮੇਤ ਅਨੇਕਾਂ ਸਮੱਸਿਆਵਾਂ ਨਾਲ ਭਾਰਤ ਜੂਝ ਰਿਹਾ ਹੈ, ਪਰ ਸਭ ਤੋਂ ਵੱਡੀ ਸਮੱਸਿਆ ਅਬਾਦੀ-ਵਧਣ ਵੱਲ ਕਿਸੇ ਵੀ ਸਰਕਾਰ ਦਾ ਧਿਆਨ ਨਹੀਂ ਗਿਆ ਇਸ ਇੱਕ ਸਮੱਸਿਆ ਦਾ ਹੱਲ ਹੋਣ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਦੇਸ਼ ਦੀ ਆਜਾਦੀ ਮੌਕੇ ਭਾਰਤ ਦੀ ਅਬਾਦੀ 35 ਕਰੋੜ ਸੀ, ਜੋ ਪਿਛਲੇ 70 ਸਾਲਾਂ ਵਿੱਚ ਵਧ ਕੇ ਸਵਾ ਅਰਬ ਤੋਂ ਜਿਆਦਾ ਹੋ ਗਈ ਹੈ, ਭਾਵ ਹਰ ਸਾਲ 1 ਕਰੋੜ 80 ਲੱਖ ਅਬਾਦੀ ਵਧ ਰਹੀ ਹੈ।

ਅਬਾਦੀ ਵਧਣ ਨਾਲ ਮਕਾਨ (ਘਰ) ਵਧ ਰਹੇ ਹਨ ਪਿੰਡਾਂ ਦੇ ਲੋਕਾਂ ਦੀ ਰਿਹਾਇਸ਼ ਖੇਤਾਂ ਤੱਕ, ਸ਼ਹਿਰਾਂ ਦੇ ਲੋਕਾਂ ਦੀ ਰਿਹਾਇਸ਼ ਸ਼ਹਿਰਾਂ ਦੇ ਬਾਹਰ ਤੱਕ ਆ ਗਈ ਜੰਗਲ, ਦਰੱਖਤ ਕੱਟੇ ਜਾ ਰਹੇ ਹਨ ਇੰਡਸਟਰੀ ਵਧ ਰਹੀ ਹੈ ਗੱਡੀਆਂ ਜਿਆਦਾ ਚੱਲਣ ਲੱਗ ਪਈਆਂ, ਥਾਂ-ਥਾਂ ਲੋਕਾਂ ਦੀ ਭੀੜ ਵਧ ਗਈ, ਪ੍ਰਦੂਸ਼ਣ ਵੀ ਘਟਨ ਦਾ ਨਾਂਅ ਨਹੀਂ ਲੈ ਰਿਹਾ ਆਵਾਜਾਈ ਵਧਣ ਨਾਲ ਦੇਸ਼ ਭਰ ਵਿੱਚ ਹਾਦਸਿਆਂ ਕਾਰਨ ਅਨੇਕਾਂ ਲੋਕ ਰੋਜਾਨਾ ਬੇਵਕਤੀ ਮੌਤ ਮਰ ਰਹੇ ਹਨ ਵਧਦੀ ਅਬਾਦੀ ਨੇ ਬੱਚਿਆਂ ਦੇ ਖੇਡਣ ਤੇ ਲੋਕਾਂ ਦੇ ਘੁੰਮਣ-ਫਿਰਨ ਵਾਲੀਆਂ ਥਾਵਾਂ ਖਤਮ ਕਰ ਦਿੱਤੀਆ ਅਤੇ ਕੂੜੇ ਦੇ ਢੇਰ ਥਾਂ-ਥਾਂ ‘ਤੇ ਬਿਮਾਰੀਆਂ ਵਧਾ ਰਹੇ ਹਨ।

ਕਦੇ ਚੀਨ ਵੀ ਸਾਡੇ ਵਾਂਗ ਵਧਦੀ ਆਬਾਦੀ ਤੋਂ ਪੀੜਤ ਸੀ ਪਰ ਉਸ ਨੇ ਵਧਦੀ ਅਬਾਦੀ ‘ਤੇ ਰੋਕ ਲਾ ਕੇ ਚੀਨ ‘ਚੋਂ ਗਰੀਬੀ ਨੂੰ ਲਗਭਗ ਖਤਮ ਕਰ ਦਿੱਤਾ ਜਿਸ ਤਰ੍ਹਾਂ ਅੱਜ ਭਾਰਤ ਦੀ ਅਬਾਦੀ ਵਧ ਰਹੀ ਹੈ ਕੁਝ ਹੀ ਸਾਲਾਂ ‘ਚ ਭਾਰਤ ਦੁਨੀਆ ਵਿੱਚ ਸਭ ਤੋਂ ਜਿਆਦਾ ਆਬਾਦੀ ਵਾਲਾ ਦੇਸ਼ ਹੋਵੇਗਾ।

ਸਰਕਾਰ ਨੂੰ ਇਸ ਭਿਆਨਕ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ ਤੇ ਕੌਮੀ ਸਹਿਮਤੀ ਬਣਾ ਕੇ ਕਿਸੇ ਵੀ ਢੰਗ ਨਾਲ ਵਧਦੀ ਅਬਾਦੀ ‘ਤੇ ਰੋਕ ਲਾਉਣੀ ਪਵੇਗੀ ਇਸ ਨਾਲ ਬੇਰੁਜ਼ਗਾਰੀ ਤੇ ਪ੍ਰਦੂਸ਼ਣ ਖ਼ਤਮ ਹੋਏਗਾ, ਸ਼ੁੱਧ ਵਾਤਾਵਰਨ ਮਿਲੇਗਾ ਤੇ ਦੇਸ਼ ਦੁਨੀਆ ਦੇ ਨਕਸ਼ੇ ‘ਤੇ ਨਵੀਆਂ ਬੁਲੰਦੀਆਂ ਵੀ ਹਾਸਲ ਕਰੇਗਾ ਆਓ! ਸੁਚੇਤ ਹੋਈਏ ਤੇ ਦੇਸ਼ ਦੇ ਭਵਿੱਖ ਨੂੰ ਬਰਬਾਦ ਹੋਣ ਤੋਂ ਬਚਾਈਏ।

ਭਗਤਾ ਭਾਈ ਕਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।