ਕੁਦਰਤੀ ਖੇਤੀ ਕਰਕੇ ਕਈ ਗੁਣਾ ਵੱਧ ਲਾਭ ਕਮਾਉਣ ਵਾਲੇ ਕਿਸਾਨ
ਪੰਜਾਬ ਵਿੱਚ ਪੈਦਾ ਹੋ ਰਹੀਆਂ ਨਵੀਆਂ ਤੋਂ ਨਵੀਆਂ ਬਿਮਾਰੀਆਂ ਤੇ ਖੁਦਕੁਸ਼ੀਆਂ ਵਰਗੀਆਂ ਅਲਾਮਤਾਂ ਨੂੰ ਰੋਕਣ ਲਈ ਕਿਸਾਨਾਂ ਨੇ ਕੁਦਰਤੀ ਖੇਤੀ ਵੱਲ ਮੋੜਾ ਕੱਟਣਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਰਾਜ ਦੇ ਕਿਸਾਨਾਂ ਵੱਲੋਂ ਸਭ ਤੋ ਵੱਧ ਅਨਾਜ ਪੈਦਾ ਕੀਤਾ ਜਾਂਦਾ ਹੈ ਪਰ ਪੰਜਾਬ ਦੇ ਕਿਸਾਨਾਂ, ਮਜਦੂਰਾਂ ਅਤੇ ਉਨ੍ਹਾਂ ਹਜਾਰਾਂ ਹੀ ਮਿਹਨਤਕਸ਼ ਲੋਕਾਂ ਨੂੰ ਸਰਕਾਰ ਨੇ ਵੱਧ ਅਨਾਜ ਪੈਦਾ ਕਰਨ ਬਦਲੇ ਕੀ ਕੁਝ ਦਿੱਤਾ ਹੈ ਜਿਨ੍ਹਾਂ ਦੇ ਭਾਈ-ਭੈਣ, ਪਤੀ ਜਾਂ ਛੋਟੇ-ਛੋਟੇ ਬੱਚਿਆਂ ਦੇ ਮਾਂ-ਬਾਪ ਇਸ ਅਨਾਜ ਦੀ ਵੱਧ ਪੈਦਾਵਾਰ ਕਰਨ ਦੇ ਚੱਕਰ ਵਿੱਚ ਹੀ ਖੁਦਕੁਸ਼ੀ ਕਰ ਗਏ ਜਾਂ ਫਿਰ ਨਾਮੁਰਾਦ ਬਿਮਾਰੀ ਦੀ ਲਪੇਟ ਵਿੱਚ ਆ ਕੇ ਲੱਖਾਂ ਰੁਪਏ ਖਰਚ ਕਰਨ ਤੋਂ ਬਾਅਦ ਵੀ ਦੁਨੀਆਂ ਛੱਡ ਕੇ ਚਲੇ ਗਏੇ।
ਜਿਲ੍ਹਾ ਸੰਗਰੂਰ ਦੇ ਪਿੰਡ ਚੋਟੀਆਂ ਦਾ ਕਿਸਾਨ ਜੀਵਾ ਸਿੰਘ
ਪਿਛਲੇ ਦੋ ਦਹਾਕੇ ਤੋਂ ਵਧ ਰਹੀਆਂ ਇਨ੍ਹਾਂ ਅਲਾਮਤਾਂ ਕਾਰਨ ਪੰਜਾਬ ਦੇ ਹੀ ਨਹੀਂ ਸਗੋਂ ਦੇਸ਼ ਭਰ ਦੇ ਜਾਗਰੂਕ ਕਿਸਾਨ ਅੰਨਦਾਤਾ ਕਹਾਉਣ ਦੀ ਬੱਲੇ-ਬੱਲੇ ਕਰਵਾਉਣ ਦੀ ਬਜਾਏ ਘੱਟ ਪੈਦਾਵਾਰ ਵਾਲੀ ਕੁਦਰਤੀ ਖੇਤੀ ਵੱਲ ਮੁੜੇ ਹਨ। ਜਿਲ੍ਹਾ ਸੰਗਰੂਰ ਦੇ ਪਿੰਡ ਚੋਟੀਆਂ ਦਾ ਕਿਸਾਨ ਜੀਵਾ ਸਿੰਘ ਅਜਿਹਾ ਕਿਸਾਨ ਹੈ ਜਿਸ ਕੋਲ ਜਮੀਨ ਭਾਵੇਂ ਥੋੜ੍ਹੀ ਹੈ ਪਰ ਬਲਦਾਂ ਨਾਲ ਜਮੀਨ ਦੀ ਵਹਾਈ ਕਰਕੇ ਬਿਨਾ ਕਿਸੇ ਖਾਦ ਤੇ ਦਵਾਈ ਤੋਂ ਕੁਦਰਤੀ ਖੇਤੀ ਕਰ ਰਿਹਾ ਹੈ।
ਪਿੰਡ ਘੁਲਾਲ ਦਾ ਕਿਸਾਨ ਜਸਬੀਰ ਸਿੰਘ ਕਿਸਾਨ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕੋਲੋਂ ਕਈ ਐਵਾਰਡ ਵੀ ਲੈ ਚੁੱਕਾ ਹੈ
ਲੁਧਿਆਣਾ ਜਿਲ੍ਹੇ ਦੇ ਪਿੰਡ ਘੁਲਾਲ ਦਾ ਕਿਸਾਨ ਜਸਬੀਰ ਸਿੰਘ ਵੱਡੇ ਪੱਧਰ ‘ਤੇ ਹਰ ਤਰ੍ਹਾਂ ਦੀਆਂ ਸਬਜ਼ੀਆਂ, ਫਲ ਅਤੇ ਅਨਾਜ ਕੁਦਰਤੀ ਢੰਗ ਨਾਲ ਹੀ ਪੈਦਾ ਕਰ ਰਿਹਾ ਹੈ। ਜਿਸ ਦੀ ਕੁਦਰਤੀ ਪੈਦਾਵਾਰ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼ ਤੇ ਵਿਦੇਸ਼ਾਂ ਵਿੱਚ ਮਸ਼ਹੂਰ ਹੋ ਚੁੱਕੀ ਹੈ। ਕਿਸਾਨਾਂ ਲਈ ਚਾਨਣ ਮੁਨਾਰਾ ਬਣਿਆ ਕੁਦਰਤੀ ਖੇਤੀ ਕਰਨ ਵਾਲਾ ਇਹ ਕਿਸਾਨ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕੋਲੋਂ ਕਈ ਐਵਾਰਡ ਵੀ ਲੈ ਚੁੱਕਾ ਹੈ ਅਤੇ ਕੁਦਰਤੀ ਖੇਤੀ ਦਾ ਪ੍ਰਚਾਰ ਕਰਨ ਲਈ ਜਲੰਧਰ ਦੂਰਦਰਸ਼ਨ ਦੇ ਨਾਲ ਹੀ ਹੋਰ ਕਈ ਸਾਧਨਾਂ ਨਾਲ ਜੁੜਿਆ ਹੋਇਆ ਹੈ।
natural farming
Farmers who earn many times more due to natural farming
ਖੇਤੀ ਵਿਰਾਸਤ ਮਿਸ਼ਨ ਜੈਤੋਂ ਨੇ ਬਹੁਤ ਸਾਰਾ ਇਲਾਕਾ ਹੀ ਕੁਦਰਤੀ ਖੇਤੀ ਵੱਲ ਮੋੜਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਖੇਤੀ ਕਰਨ ਨਾਲ ਪੈਦਾਵਾਰ ਜਰੂਰ ਆਮ ਨਾਲੋਂ ਘੱਟ ਹੁੰਦੀ ਹੈ ਪਰ ਵੱਧ ਭਾਅ ਮਿਲਣ ਕਾਰਨ ਕਮਾਈ ਆਮ ਫਸਲ ਦੇ ਬਰਾਬਰ ਹੀ ਹੋ ਜਾਂਦੀ ਹੈ। ਪੰਜਾਬ ਵਿੱਚ ਇਹ ਰਕਬਾ 10 ਹਜਾਰ ਏਕੜ ਤੋਂ ਵੀ ਜ਼ਿਆਦਾ ਹੋ ਚੁੱਕਿਆ ਹੈ। ਖੇਤੀ ਵਿਰਾਸਤ ਮਿਸ਼ਨ ਦੇ ਮੁਖੀ ਉਮੇਂਦਰ ਦੱਤ ਦਾ ਕਹਿਣਾ ਹੈ ਕਿ ਰਸਾਇਣਕ ਖਾਦਾਂ ਤੇ ਦਵਾਈਆਂ ਨਾਲ ਤਿਆਰ ਕੀਤੀ ਗਈ ਫਸਲ ‘ਤੇ ਪ੍ਰਤੀ ਏਕੜ ਤਿੰਨ ਹਜਾਰ ਰੁਪਏ ਖਰਚ ਆਉਂਦਾ ਹੈ ਪਰ ਕੁਦਰਤੀ ਪੈਦਾਵਾਰ ਕਰਨ ਨਾਲ ਇਹ ਖਰਚਾ ਸਿਰਫ਼ ਦੋ ਸੌ ਰੁਪਏ ਪ੍ਰਤੀ ਏਕੜ ਹੀ ਰਹਿ ਜਾਂਦਾ ਹੈ। ਜਿਸ ਕਰਕੇ ਚਾਰ ਹਜਾਰ ਤੋਂ ਵੱਧ ਕਿਸਾਨ ਇਕੱਲੇ ਫਰੀਦਕੋਟ ਜਿਲ੍ਹੇ ਵਿੱਚ ਹੀ ਕੁਦਰਤੀ ਖੇਤੀ ਕਰਨ ਲੱਗੇ ਹੋਏ ਹਨ।
ਜਿਲ੍ਹਾ ਸੰਗਰੂਰ ਦੀ ਤਹਿਸੀਲ ਲਹਿਰਾਗਾਗਾ ਨੇੜੇ ਪੈਂਦੇ ਪਿੰਡ ਛਾਜਲੇ ਦਾ ਇੱਕ Àੁੱਦਮੀ ਕਿਸਾਨ ਲਾਭ ਸਿੰਘ ਪਿਛਲੇ ਕਈ ਸਾਲਾਂ ਤੋਂ ਕੁਦਰਤੀ ਖੇਤੀ ਕਰਨ ਵਿੱਚ ਰੁੱਝਿਆ ਹੋਇਆ ਹੈ। ਜਿਹੜਾ ਕੀੜੇਮਾਰ ਜਹਿਰਾਂ ਅਤੇ ਰਸਾਇਣਕ ਖਾਦਾਂ ਨੂੰ ਅਲਵਿਦਾ ਕਹਿ ਕੇ ਸਿਰਫ ਕੁਦਰਤੀ ਖੇਤੀ ਹੀ ਕਰ ਰਿਹਾ ਹੈ। ਭਾਵੇਂ ਉਸ ਵੱਲੋਂ ਕੀਤੀ ਜਾ ਰਹੀ ਪੈਦਾਵਾਰ ਘੱਟ ਹੈ। ਪਰ ਕੀਮਤ ਵੱਧ ਮਿਲਣ ਕਰਕੇ ਦੂਸਰੀਆਂ ਫਸਲਾਂ ਦੇ ਬਰਾਬਰ ਹੀ ਪੈ ਜਾਂਦਾ ਹੈ। ਉਨ੍ਹਾਂ ਦੇ ਫਾਰਮ ‘ਤੇ ਕੁਦਰਤੀ ਵਿਰਾਸਤ ਮਿਸ਼ਨ ਜੈਤੋਂ ਵੱਲੋਂ ਲਾਏ ਗਏ ਕੈਂਪ ਦੌਰਾਨ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਲਾਭ ਸਿੰਘ ਨੇ ਦੱਸਿਆ ਕਿ ਉਹ ਤਿੰਨ ਏਕੜ ਵਿੱਚ ਪਿਛਲੇ ਪੰਜ ਸਾਲਾਂ ਤੋਂ ਕੁਦਰਤੀ ਖੇਤੀ ਕਰ ਰਿਹਾ ਹੈ। ਜਿਸ ਦੌਰਾਨ ਹਰ ਤਰ੍ਹਾਂ ਦੀਆਂ ਸਬਜ਼ੀਆਂ, ਦਾਲਾਂ ਅਤੇ ਕਣਕ ਦੇ ਨਾਲ ਹੀ ਕਮਾਦ ਵੀ ਬੀਜਿਆ ਜਾਂਦਾ ਹੈ।
Farmers who earn many times more due to natural farming
ਮੌਸਮ ਦੇ ਹਿਸਾਬ ਨਾਲ ਹਰ ਸਬਜੀ ਅਤੇ ਦਾਲਾਂ ਆਮ ਨਾਲੋਂ ਕਈ ਗੁਣਾਂ ਵੱਧ ਭਾਅ ‘ਤੇ ਵਿਕਦੀਆਂ ਹਨ। ਜੈਵਿਕ ਕਣਕ ਦਾ ਭਾਅ ਵੀ ਤਿੰਨ ਕੁ ਹਜਾਰ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਿਲ ਜਾਂਦਾ ਹੈ। ਸਬਜੀਆਂ, ਦਾਲਾਂ ਅਤੇ ਮੱਕੀ ਆਦਿ ਸਮੇਤ ਹੋਰ ਜੈਵਿਕ ਖਾਧ ਪਦਾਰਥਾਂ ਦੇ ਪੱਕੇ ਗਾਹਕ ਹਨ। ਜਿਹੜੇ ਪਹਿਲਾਂ ਹੀ ਸਬਜੀਆਂ ਦੀ ਬੁਕਿੰਗ ਕਰਵਾ ਦਿੰਦੇ ਹਨ। ਸਰਦੀ ਦੇ ਮੌਸਮ ਵਿੱਚ ਜੈਵਿਕ ਛੋਲੇ ਬਹੁਤ ਵਧੀਆ ਕੀਮਤ ‘ਤੇ ਵਿਕਦੇ ਹਨ।
ਇਸ ਤੋਂ ਬਿਨਾਂ ਹਲਦੀ, ਕਮਾਦ ਅਤੇ ਕਈ ਤਰ੍ਹਾਂ ਦੇ ਵੀ ਜੈਵਿਕ ਢੰਗ ਨਾਲ ਉਗਾਏ ਜਾ ਰਹੇ ਹਨ। ਲਾਭ ਸਿੰਘ ਦੇ ਪਰਿਵਾਰਕ ਮੈਂਬਰ ਮਾਲਵਿੰਦਰ ਵਸੀ ਨੇ ਕਿਹਾ ਕਿ ਪੰਜ ਸਾਲ ਤੋਂ ਬਾਅਦ ਹੁਣ ਜਮੀਨ ਵਿੱਚ ਗੰਡੋਏ ਅਤੇ ਹੋਰ ਕੁਦਰਤੀ ਜੀਵ ਆਉਣੇ ਸ਼ੁਰੂ ਹੋ ਗਏ ਹਨ। ਜਿਹੜੇ ਜਮੀਨ ਨੂੰ ਕੁਦਰਤੀ ਤੌਰ ‘ਤੇ ਉਪਜਾਊ ਬਣਾ ਰਹੇ ਹਨ। ਅਪਣਾਉਣਾ ਬਹੁਤ ਹੀ ਜਰੂਰੀ ਹੋ ਗਿਆ ਹੈ। ਕਿਉਂਕਿ ਕਿਸਾਨ ਵਪਾਰੀ ਦੇ ਮਗਰ ਲੱਗ ਕੇ ਬਹੁਤ ਵੱਡਾ ਨੁਕਸਾਨ ਕਰ ਚੁੱਕਾ ਹੈ। ਜਿਸ ਨੇ ਕਿਸਾਨ ਨੂੰ ਖੇਤਾਂ ਵਿੱਚੋਂ ਕੱਢ ਕੇ ਬਜਾਰ ਵਿੱਚ ਲਿਆ ਖੜ੍ਹਾ ਕੀਤਾ ਹੈ ਤੇ ਪੰਜਾਬ ਦਾ ਕਿਸਾਨ ਬਜਾਰ ਵਿੱਚੋਂ ਜਹਿਰਾਂ ਖਰੀਦ ਕੇ ਖੇਤਾਂ ਵਿੱਚ ਪਾ ਰਿਹਾ ਹੈ। ਜਿਸ ਨੂੰ ਰੋਕਣ ਲਈ ਬੀਜ ਅੰਮ੍ਰਿਤ ਤਿਆਰ ਕਰਕੇ ਫਸਲਾਂ ਵਿੱਚ ਪਾਉਣਾ ਚਾਹੀਦਾ ਹੈ।
Farmers | ਕਿਸਾਨਾਂ ਨੂੰ ਖੇਤੀ ਵਿਰਾਸਤ ਮਿਸ਼ਨ ਨਾਲ ਜੁੜ ਕੇ ਕੁਦਰਤੀ ਖੇਤੀ ਕਰਨੀ ਚਾਹੀਦੀ ਹੈ
ਜੈਵਿਕ ਖੇਤੀ ਕਰਨ ਨਾਲ ਹੀ ਮਨੁੱਖਤਾ ਦਾ ਭਲਾ ਹੋ ਸਕਦਾ ਹੈ। ਕਿਸਾਨਾਂ ਨੂੰ ਖੇਤੀ ਵਿਰਾਸਤ ਮਿਸ਼ਨ ਨਾਲ ਜੁੜ ਕੇ ਕੁਦਰਤੀ ਖੇਤੀ ਕਰਨੀ ਚਾਹੀਦੀ ਹੈ। ਜੇਕਰ ਪੰਜਾਬ ਦਾ ਕਿਸਾਨ ਕਿਸੇ ਵਾਸਤੇ ਨਹੀਂ ਤਾਂ ਆਪਣੇ ਪਰਿਵਾਰ ਲਈ ਹੀ ਜੈਵਿਕ ਖੇਤੀ ਕਰ ਸਕਦਾ ਹੈ।
ਇਸ ਤਰ੍ਹਾਂ ਕਰਨ ਨਾਲ ਹੀ ਸੈਂਕੜੇ ਏਕੜ ਕੁਦਰਤੀ ਖੇਤੀ ਹੋ ਸਕਦੀ ਹੈ। ਕੁਦਰਤੀ ਖੇਤੀ ਕਰਨ ਨਾਲ ਇਨਸਾਨ ਦਾ ਹੀ ਫਾਇਦਾ ਨਹੀਂ ਹੈ ਸਗੋਂ ਸਮੁੱਚੀ ਕਾਇਨਾਤ ਦਾ ਵੀ ਫਾਇਦਾ ਹੈ। ਰਸਾਇਣਕ ਖਾਦਾਂ ਤੇ ਦਵਾਈਆਂ ਦੀ ਵਰਤੋਂ ਕਰਨ ਨਾਲ ਕਿਸਾਨਾਂ ਦੇ ਬਹੁਤ ਗਿਣਤੀ ਮਿੱਤਰ ਕੀੜੇ ਅਲੋਪ ਹੋ ਚੁੱਕੇ ਹਨ। ਜਿਹੜੇ ਕਿਸਾਨ ਵੱਲੋਂ ਬੀਜੀ ਗਈ ਫਸਲ ਦੀ ਰਾਖੀ ਕਰਦੇ ਸਨ। ਕੁਦਰਤੀ ਖੇਤੀ ਕਰਨ ਨਾਲ ‘ਬਾਬੇ ਨਾਨਕ ਵਾਲੀ ਖੇਤੀ’ ਹੀ ਨਹੀਂ ਹੋ ਰਹੀ ਸਗੋਂ ਹਜਾਰਾਂ ਹੀ ਕੀੜੇ-ਮਕੌੜਿਆਂ ਨੂੰ ਬਚਾਉਣ ਦਾ ਵੀ ਉਪਰਾਲਾ ਹੋ ਰਿਹਾ ਹੈ। ਸਾਡੇ ਫਾਰਮ ‘ਤੇ ਕਈ ਦੇਸ਼ਾਂ ਦੀਆਂ ਟੀਮਾਂ ਵੀ ਆ ਚੁੱਕੀਆਂ ਹਨ। ਜਿਹੜੀਆਂ ਕੁਦਰਤੀ ਖੇਤੀ ਵੇਖ ਕੇ ਬਹੁਤ ਖੁਸ਼ ਹੁੰਦੀਆਂ ਹਨ।
ਮਿੱਤਰ ਕੀੜਿਆਂ ਦੀ ਫੌਜ ਨੂੰ ਸਬਜੀਆਂ, ਦਾਲਾਂ, ਤੇਲ ਬੀਜ ਫਸਲਾਂ ਆਦਿ ‘ਤੇ ਛੱਡ ਕੇ ਕਈ ਸਫਲ ਲੜਾਈਆਂ ਜਿੱਤੀਆਂ ਜਾ ਚੁੱਕੀਆਂ ਹਨ
ਆਉਣ ਵਾਲੇ ਸਮੇਂ ਵਿੱਚ ਇਹ ਵੀ ਹੋ ਸਕਦਾ ਹੈ ਕਿ ਜਦੋਂ ਤੁਸੀਂ ਆਉਣ ਵਾਲੇ ਸਮੇਂ ਵਿੱਚ ਕਿਸੇ ਬੀਜ ਸਟੋਰ ਜਾਂ ਹੋਰ ਕੀੜੇਮਾਰ ਦਵਾਈ ਵਾਲੇ ਕੋਲੋਂ ਫਸਲ ‘ਤੇ ਸਪਰੇਅ ਕਰਨ ਵਾਸਤੇ ਕੀੜੇਮਾਰ ਦਵਾਈ ਲੈਣ ਲਈ ਪਹੁੰਚੋ ਤਾਂ ਉਹ ਤੁਹਾਨੂੰ ਦਵਾਈ ਦੇ ਡੱਬੇ ਦੀ ਜਗ੍ਹਾ ਮਿੱਤਰ ਕੀੜਿਆਂ ਨਾਲ ਭਰਿਆ ਹੋਇਆ ਕੋਈ ਥੈਲਾ ਦੇ ਦੇਵੇ। ਕਿਉਂਕਿ ਜਹਿਰਾਂ ਤੋਂ ਮੁਕਤ ਖੇਤੀ ਕਰਵਾਉਣ ਲਈ ਵਿਗਿਆਨਕਾਂ ਨੇ 16 ਅਜਿਹੇ ਮਿੱਤਰ ਕੀੜਿਆਂ ਦੀ ਫੌਜ ਤਿਆਰ ਕੀਤੀ ਹੈ, ਜਿਹੜੀ ਖੇਤਾਂ ਵਿੱਚ ਜਾ ਕੇ ਦੁਸ਼ਮਣ ਕੀੜਿਆਂ ਨੂੰ ਮਾਰਨ ਦੇ ਨਾਲ ਹੀ ਫਸਲ ਦੇ ਝਾੜ ਵਿੱਚ ਵੀ ਵਾਧਾ ਕਰਦੀ ਹੈ। ਮਿੱਤਰ ਕੀੜਿਆਂ ਦੀ ਫੌਜ ਨੂੰ ਸਬਜੀਆਂ, ਦਾਲਾਂ, ਤੇਲ ਬੀਜ ਫਸਲਾਂ ਆਦਿ ‘ਤੇ ਛੱਡ ਕੇ ਕਈ ਸਫਲ ਲੜਾਈਆਂ ਜਿੱਤੀਆਂ ਜਾ ਚੁੱਕੀਆਂ ਹਨ। ਭਾਰਤੀ ਖੇਤੀ ਖੋਜ ਕੇਂਦਰ ਦਿੱਲੀ ਦੇ ਸਹਾਇਕ ਮਹਾਂ ਨਿਰਦੇਸ਼ਕ ਟੀ. ਪੀ. ਰਾਜੇਂਦਰ ਦਾ ਕਹਿਣਾ ਹੈ ਕਿ ਇਸ ਵੇਲੇ ਦੇਸ਼ ਵਿੱਚ ਕੀੜਿਆਂ ਦੀਆਂ 1225 ਜਾਤੀਆਂ ਹਨ।
252 ਕਿਸਮਾਂ ਨੂੰ ਦੋਸਤਾਂ ਦੇ ਰੂਪ ਵਿੱਚ ਵੇਖਿਆ ਗਿਆ
ਖੇਤੀ ਨਾਲ ਸਬੰਧ ਰੱਖਣ ਵਾਲੀਆਂ 315 ਜਾਤੀਆਂ ਦੀ ਖੋਜ ਕੀਤੀ ਗਈ ਹੈ। ਜਿਨ੍ਹਾਂ ਵਿੱਚੋਂ 63 ਜਾਤੀਆਂ ਦੀ ਪਹਿਚਾਣ ਫਸਲਾਂ ਨੂੰ ਨੁਕਸਾਨ ਕਰਨ ਵਾਲੇ ਕੀੜਿਆਂ ਵਜੋਂ ਹੋਈ ਹੈ। 252 ਕਿਸਮਾਂ ਨੂੰ ਦੋਸਤਾਂ ਦੇ ਰੂਪ ਵਿੱਚ ਵੇਖਿਆ ਗਿਆ ਹੈ। ਸਭ ਤੋਂ ਪ੍ਰਮੁੱਖ 16 ਕੀੜਿਆਂ ਦੀਆਂ ਕਿਸਮਾਂ ਦੀ ਪੈਦਾਵਾਰ ਕੀਤੀ ਜਾ ਰਹੀ ਹੈ ਕਿਉਂਕਿ ਹੁਣ ਖੇਤੀ ਮਾਹਿਰ ਮਹਿਸੂਸ ਕਰਨ ਲੱਗ ਪਏ ਹਨ ਕਿ ਖੇਤੀ ਦੀ ਪੈਦਾਵਾਰ ਲਈ ਬੀਜ ਅਤੇ ਖਾਦਾਂ ਦੇ ਨਾਲ ਹੀ ਮਿੱਤਰ ਕੀੜਿਆਂ ਦੀ ਵੀ ਜਰੂਰਤ ਹੈ।
ਫਸਲਾਂ ਦਾ ਨੁਕਸਾਨ ਕਰਨ ਵਾਲੇ ਕੀੜਿਆਂ ਦੇ ਖਾਤਮੇ ਲਈ ਖੇਤਾਂ ਵਿੱਚ ਮਿੱਤਰ ਕੀੜਿਆਂ ਲਈ ਆਲ੍ਹਣੇ ਤਿਆਰ ਕਰਕੇ ਉਨ੍ਹਾਂ ਵਿੱਚ ਛੱਡਿਆ ਜਾਂਦਾ ਹੈ। ਦੋਸਤ ਕੀੜੇ ਦੁਸ਼ਮਣਾਂ ਨੂੰ ਹੀ ਨਹੀਂ ਮਾਰਦੇ ਸਗੋਂ ਫੁੱਲਾਂ ‘ਤੇ ਇਹੋ-ਜਿਹਾ ਰਸ ਛੱਡ ਜਾਂਦੇ ਹਨ, ਜਿਸ ਨਾਲ ਫਸਲ ਦਾ ਝਾੜ ਵੀ ਵਧਦਾ ਹੈ। ਮਹਾਂਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਿੱਚ ਗੰਨੇ ਦੀ ਫਸਲ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਮਿੱਤਰ ਕੀੜੇ ਛੱਡੇ ਗਏ ਸਨ। ਜਿੱਥੇ ਬਿਨਾਂ ਦਵਾਈਆਂ ਤੋਂ ਫਸਲ ਦੀ ਰਾਖੀ ਕੀਤੀ ਗਈ।
Farmers who earn many times more due to natural farming
ਕੋਟਕਪੂਰੇ ਨੇੜੇ ਪੈਂਦੇ ਪਿੰਡ ਕੋਠੇ ਬੰਬੀਹਾ ਦੇ ਕਿਸਾਨ ਦਰਸ਼ਨ ਸਿੰਘ ਬਾਲੜੀਆ ਨੇ ਦੋ ਏਕੜ ਵਿੱਚ ਕੁਦਰਤੀ ਝੋਨੇ ਦੀ ਖੇਤੀ ਕੀਤੀ ਸੀ ਜਿਸ ‘ਤੇ 200 ਰੁਪਏ ਖਰਚ ਆਇਆ ਅਤੇ ਝਾੜ 18 ਕੁਇੰਟਲ ਦੇ ਕਰੀਬ ਰਿਹਾ ਜਦੋਂਕਿ ਆਮ ਖੇਤੀ ਕਰਨ ਵਾਲੇ ਕਿਸਾਨਾਂ ਨੇ ਪੰਦਰਾਂ ਸੌ ਰੁਪਏ ਖਰਚ ਕਰਕੇ ਵੀਹ ਕੁਇੰਟਲ ਝਾੜ ਹੀ ਪ੍ਰਾਪਤ ਕੀਤਾ।
ਇਸ ਧੰਦੇ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਸਾਲ 2012 ਤੱਕ ਦੇਸ਼ ਭਰ ਵਿੱਚ ਕੁਦਰਤੀ ਖੇਤੀ ਨਾਲ ਸਬੰਧਤ ਖਾਧ ਪਦਾਰਥਾਂ ਦਾ ਕਾਰੋਬਾਰ ਚਾਰ ਹਜਾਰ ਕਰੋੜ ਰੁਪਏ ਤੱਕ ਪਹੰਚ ਜਾਵੇਗਾ। ਇੰਟਰਨੈਸ਼ਨਲ ਕੰਪੀਟੈਸ ਸੈਂਟਰ ਫਾਰ ਆਰਗੈਨਿਕ ਐਗਰੀਕਲਚਰ ਬੰਗਲੌਰ ਦੇ ਨਿਰਦੇਸ਼ਕ ਮਨੋਜ ਮੈਨਨ ਦਾ ਕਹਿਣਾ ਹੈ ਕਿ ਹੁਣ ਕੁਦਰਤੀ ਢੰਗ ਨਾਲ ਪੈਦਾ ਕੀਤੇ ਜਾ ਰਹੇ ਉਤਪਾਦ ਸਿਰਫ ਬਰਾਮਦ ਤੱਕ ਹੀ ਸੀਮਤ ਨਹੀਂ ਰਹੇ। ਇਨ੍ਹਾਂ ਦਾ ਘਰੇਲੂ ਬਜਾਰ ਵੀ ਵਧ ਰਿਹਾ ਹੈ।
9.5 ਲੱਖ ਕਿਸਾਨਾਂ ਨੇ ਆਪਣੀਆਂ ਕੁਦਰਤੀ ਖੇਤੀ ਤੋਂ ਤਿਆਰ ਚੀਜਾਂ ਨੂੰ ਵੇਚਣ ਲਈ ਮਾਰਕੇ ਲਏ ਹੋਏ ਹਨ
ਦੇਸ਼ ਅੰਦਰ ਤਿੰਨ ਸੌ ਤੋਂ ਵੱਧ ਖਾਧ ਪਦਾਰਥਾਂ ਦਾ ਕੁਦਰਤੀ ਖੇਤੀ ਰਾਹੀਂ ਉਤਪਾਦਨ ਹੋ ਰਿਹਾ ਹੈ। ਸੈਂਟਰ ਫਾਰ ਆਰਗੈਨਿਕ ਦੇ ਅੰਦਾਜੇ ਮੁਤਾਬਿਕ ਪਿਛਲੇ ਇੱਕ ਦਹਾਕੇ ‘ਚ ਦੇਸ਼ ਅੰਦਰ ਕੁਦਰਤੀ ਖੇਤੀ ਤੋਂ ਤਿਆਰ ਉਤਪਾਦਾਂ ਦਾ ਕੁੱਲ ਬਜਾਰ ਕਈ ਗੁਣਾ ਵਧ ਕੇ ਚਾਰ ਹਜਾਰ ਕਰੋੜ ਰੁਪਏ ਤੱਕ ਪਹੁੰਚ ਗਿਆ ਸੀ। ਇਸ ਵਿੱਚੋਂ 2,500 ਕਰੋੜ ਰੁਪਏ ਦਾ ਬਰਾਮਦ ਤੇ 1,500 ਕਰੋੜ ਰੁਪਏ ਦਾ ਘਰੇਲੂ ਬਜਾਰ ਸੀ। ਇਸ ਤੋਂ ਪਹਿਲਾਂ ਇਹ ਕਾਰੋਬਾਰ ਸਿਰਫ਼ 700 ਤੋਂ 800 ਕਰੋੜ ਰੁਪਏ ਦਾ ਸੀ। ਜਿਸ ਵਿੱਚੋਂ 150 ਤੋਂ 200 ਕਰੋੜ ਰੁਪਏ ਦਾ ਘਰੇਲੂ ਬਜਾਰ ਸੀ। ਭਾਵੇਂ ਇਹ ਉਤਪਾਦ ਆਮ ਨਾਲੋਂ 15 ਤੋਂ 20 ਫੀਸਦੀ ਮਹਿੰਗੇ ਹਨ।
ਇਸ ਦੇ ਬਾਵਜੂਦ ਵੀ ਬਜਾਰ ਤੇਜ਼ੀ ਨਾਲ ਵਧ ਰਿਹਾ ਹੈ। ਕੁਦਰਤੀ ਖੇਤੀ ਹੇਠ ਸਾਲ 2008 ਵਿੱਚ ਰਕਬਾ 8.65 ਲੱਖ ਹੈਕਟੇਅਰ ਸੀ ਜਿਹੜਾ 2012 ਤੱਕ 20 ਲੱਖ ਹੈਕਟੇਅਰ ਤੋਂ ਵੀ ਵੱਧ ਹੋ ਗਿਆ। ਰਸਾਇਣਕ ਖਾਦਾਂ ਅਤੇ ਦਵਾਈਆਂ ਪਾ ਕੇ ਖੇਤੀ ਕਰਨ ਵਾਲੇ ਕਿਸਾਨ ਵੀ ਕੁਦਰਤੀ ਖੇਤੀ ਵਾਲੇ ਪਾਸੇ ਤੇਜ਼ੀ ਨਾਲ ਆ ਰਹੇ ਹਨ। ਸਮੁੱਚੇ ਦੇਸ਼ ਅੰਦਰ 9.5 ਲੱਖ ਕਿਸਾਨਾਂ ਨੇ ਆਪਣੀਆਂ ਕੁਦਰਤੀ ਖੇਤੀ ਤੋਂ ਤਿਆਰ ਚੀਜਾਂ ਨੂੰ ਵੇਚਣ ਲਈ ਮਾਰਕੇ ਲਏ ਹੋਏ ਹਨ।
ਹਰ ਰੋਜ਼ 60,000 ਹਜਾਰ ਕਰੋੜ ਦੇ ਖਾਧ ਪਦਾਰਥ ਬਰਬਾਦ ਹੋ ਜਾਂਦੇ ਹਨ
ਜੇਕਰ ਦੁਨੀਆਂ ਭਰ ਦਾ ਅੰਕੜਾ ਵੇਖਿਆ ਜਾਵੇ ਤਾਂ ਹਰ ਰੋਜ਼ 60,000 ਹਜਾਰ ਕਰੋੜ ਦੇ ਖਾਧ ਪਦਾਰਥ ਬਰਬਾਦ ਹੋ ਜਾਂਦੇ ਹਨ। ਕਿਉਂਕਿ ਰਸਾਇਣਾਂ ਨਾਲ ਤਿਆਰ ਇਨ੍ਹਾਂ ਪਦਾਰਥਾਂ ਨੂੰ ਜਿਆਦਾ ਸਮਾਂ ਸੰਭਾਲ ਕੇ ਨਹੀਂ ਰੱਖਿਆ ਜਾ ਸਕਦਾ ਜਦੋਂਕਿ ਕੁਦਰਤੀ ਖੇਤੀ ਰਾਹੀਂ ਤਿਆਰ ਕੀਤੇ ਗਏ ਪਦਾਰਥਾਂ ਨੂੰ ਲੰਮਾ ਸਮਾਂ ਸੰਭਾਲਿਆ ਜਾ ਸਕਦਾ ਹੈ। ਹਰ ਸਾਲ ਦੇਸ਼ ਵਿੱਚੋਂ 450 ਕਰੋੜ ਰੁਪਏ ਦੇ ਕੁਦਰਤੀ ਖੇਤੀ ਨਾਲ ਤਿਆਰ ਖਾਧ ਪਦਾਰਥ ਬਾਹਰਲੇ ਦੇਸ਼ਾਂ ਨੂੰ ਭੇਜੇ ਜਾਂਦੇ ਹਨ ਜਦੋਂਕਿ ਭਾਰਤ ਦੇ ਅੱਠ ਵੱਡੇ ਮਹਾਨਗਰਾਂ ਵਿੱਚ ਹੀ ਇਹ ਕਾਰੋਬਾਰ ਸਾਲਾਨਾ 14 ਅਰਬ ਤੋਂ ਜਿਆਦਾ ਹੈ। ਜਿਸ ਦੀ ਮੰਗ ਹਰ ਸਾਲ ਵਧਦੀ ਜਾ ਰਹੀ ਹੈ। ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਮੁਨਾਫੇਖੋਰੀ ਵਿਚੋਂ ਨਿੱਕਲ ਕੇ ਕੁਦਰਤੀ ਖੇਤੀ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ।
ਬ੍ਰਿਸ਼ਭਾਨ ਬੁਜਰਕ, ਪਾਤੜਾਂ, ਪਟਿਆਲਾ, ਮੋ. 98761-01698
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.