ਕਿਸਾਨਾਂ ਦੇ ਭਾਰਤ ਬੰਦ ਦਾ ਅਸਰ
ਯਾਤਰੀਆਂ ਨੂੰ ਹੋ ਰਹੀ ਹੈ ਭਾਰੀ ਪਰੇਸ਼ਾਨੀ, ਦਵਾਈਆਂ, ਐਮਰਜੈਂਸੀ ਸੇਵਾਵਾਂ ਸਮੇਤ ਮੈਡੀਕਲ ਦੀਆਂ ਸਾਰੀਆਂ ਸੇਵਾਵਾਂ ਖੁੱਲੀਆਂ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਭਾਰਤ ਬੰਦ ਮੁਹਿੰਮ ਸੋਮਵਾਰ ਸਵੇਰੇ 6:00 ਵਜੇ ਸ਼ੁਰੂ ਹੋਈ। ਲਗਭਗ 40 ਸੰਗਠਨਾਂ ਦੇ ਸੰਯੁਕਤ ਕਿਸਾਨ ਮੋਰਚੇ ਨੇ ਸੋਮਵਾਰ ਨੂੰ ਸਵੇਰੇ 6:00 ਵਜੇ ਤੋਂ ਸ਼ਾਮ 4:00 ਵਜੇ ਤੱਕ ਦੇਸ਼ ਭਰ ਵਿੱਚ ਹੜਤਾਲਾਂ ਅਤੇ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਸੰਗਠਨਾਂ ਨੇ ਕਿਹਾ ਹੈ ਕਿ ਉਹ ਰਾਸ਼ਟਰੀ ਰਾਜ ਮਾਰਗਾਂ ‘ਤੇ ਕਈ ਥਾਵਾਂ ‘ਤੇ ਆਵਾਜਾਈ ਰੋਕ ਦੇਣਗੇ।
ਕਾਂਗਰਸ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਨੇ ਕਿਸਾਨਾਂ ਦੇ ਭਾਰਤ ਬੰਦ ਦਾ ਸਮਰਥਨ ਕੀਤਾ ਹੈ। ਦੂਜੇ ਪਾਸੇ, ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੰਦੋਲਨ ਦਾ ਰਾਹ ਛੱਡ ਕੇ ਗੱਲਬਾਤ ਰਾਹੀਂ ਮਸਲੇ ਦਾ ਹੱਲ ਲੱਭਣ। ਕਿਸਾਨਾਂ ਵੱਲੋਂ ਅੱਜ ਦੇ ਵਿਰੋਧ ਦੇ ਐਲਾਨ ਦੇ ਮੱਦੇਨਜ਼ਰ ਵੱਖ ਵੱਖ ਥਾਵਾਂ ‘ਤੇ ਆਵਾਜਾਈ ਵਿੱਚ ਵਿਘਨ ਪੈਣ ਦੀ ਸੰਭਾਵਨਾ ਹੈ। ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਸਮੇਤ ਕਈ ਹੋਰ ਰਾਜਾਂ ਦੀ ਪੁਲਿਸ ਨੇ ਸਥਿਤੀ ਨਾਲ ਨਜਿੱਠਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ।
ਅੱਜ ਸਵੇਰ ਤੋਂ ਹੀ ਪੰਜਾਬ ਵਿੱਚ ਵੱਖ ਵੱਖ ਥਾਵਾਂ ਉਤੇ ਸੰਘਰਸ਼ਕਾਰੀ ਕਿਸਾਨਾਂ ਨੇ ਰੇਲਵੇ ਲਾਈਨਾਂ ਅਤੇ ਸੜਕਾਂ ਉਤੇ ਧਰਨੇ ਕੇ ਦੇ ਆਵਾਜਾਈ ਨੂੰ ਬੰਦ ਕਰਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਰੋਸ ਪ੍ਰਗਟਾਇਆ ਜਾ ਰਿਹਾ ਹੈ। ਇਸ ਬੰਦ ਦੇ ਚਲਦਿਆਂ ਐਂਮਰਜੈਂਸੀ ਸੇਵਾਵਾਂ ਨੂੰ ਛੱਡਕੇ ਬਾਕੀ ਸਭ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਜ਼ਰੂਰੀ ਸੇਵਾਵਾਂ ਨੂੰ ਛੋਟੀ ਦਿੱਤੀ ਹੋਈ ਹੈ।
ਕੀ ਕੀ ਖੁੱਲਾ ਹੋਵੇਗਾ, ਕੀ ਰਹੇਗਾ ਬੰਦ
ਕਿਸਾਨਾਂ ਵੱਲੋਂ ਬਰਨਾਲਾ ਦੇ ਰੇਲਵੇ ਸਟੇਸ਼ਨ ਉਪਰ ਧਰਨਾ ਲਗਾਕੇ ਰੇਲ ਆਵਾਜਾਈ ਨੂੰ ਬੰਦ ਕੀਤਾ ਗਿਆ ਹੈ। ਟਾਂਡਾ ਵਿੱਚ ਕਿਸਾਨਾਂ ਨੇ ਸੜਕ ਉਤੇ ਰੋਡ ਉਤੇ ਧਰਨਾ ਲਗਾਕੇ ਜਾਮ ਲਗਾ ਦਿੱਤਾ ਹੈ। ਮੋਹਾਲੀ ਜ਼ਿਲ੍ਹੇ ਵਿੱਚ ਕਿਸਾਨਾਂ ਵੱਲੋਂ ਵੱਖ-ਵੱਖ ਥਾਵਾਂ ਉਤੇ ਧਰਨੇ ਦੇ ਕੇ ਜਾਮ ਕੀਤਾ ਹੋਇਆ ਹੈ। ਕਿਸਾਨਾਂ ਨੇ ਲੁਧਿਆਣਾ-ਫਿਰੋਜ਼ਪੁਰ, ਬਠਿੰਡਾ-ਦਿੱਲੀ ਮੁੱਖ ਮਾਰਗ ਵੀ ਕਿਸਾਨਾਂ ਨੇ ਜਾਮ ਕਰ ਦਿੱਤੇ।
ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਬੰਦ ਦਾ ਆਯੋਜਨ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਦਫਤਰ, ਵਿਦਿਅਕ ਅਤੇ ਹੋਰ ਸੰਸਥਾਵਾਂ, ਦੁਕਾਨਾਂ, ਉਦਯੋਗ ਅਤੇ ਕਾਰੋਬਾਰੀ ਅਦਾਰੇ ਬੰਦ ਰਹਿਣਗੇ। ਸਾਰੀਆਂ ਐਮਰਜੈਂਸੀ ਸੰਸਥਾਵਾਂ, ਸੇਵਾਵਾਂ, ਹਸਪਤਾਲ, ਦਵਾਈਆਂ ਦੀਆਂ ਦੁਕਾਨਾਂ, ਰਾਹਤ ਅਤੇ ਬਚਾਅ ਕਾਰਜ ਅਤੇ ਨਿੱਜੀ ਐਮਰਜੈਂਸੀ ਵਾਲੇ ਲੋਕਾਂ ਨੂੰ ਬੰਦ ਤੋਂ ਬਾਹਰ ਰੱਖਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ