ਮਲੋਟ, (ਮਨੋਜ/ਸੱਚ ਕਹੂੰ ਨਿਊਜ਼)। ਸਥਾਨਕ ਮਲੋਟ ਸ਼ਹਿਰ ਦੀ ਸਬਜ਼ੀ ਮੰਡੀਓਂ ਖਰੀਦ ਕੇ ਸਬਜ਼ੀ ਅਤੇ ਫਲਾਂ ਨਾਲ ਲੱਦੀਆਂ ਗੱਡੀਆਂ ਜਦੋਂ ਸ਼ਹਿਰ ਤੋਂ ਗਿੱਦੜਬਾਹਾ ਜਾ ਰਹੀਆਂ ਸਨ ਤਾਂ ਕਿਸਾਨਾਂ ਵੱਲੋਂ ਗੱਡੀਆਂ ਰੋਕ ਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ ‘ਤੇ ਪਹੁੰਚੇ ਵਪਾਰੀਆਂ ਤੇ ਗੱਡੀਆਂ ਕਾਬੂ ਕਰਨ ਵਾਲੇ ਕਿਸਾਨਾਂ ‘ਚ ਟਕਰਾਅ ਵਾਲੀ ਸਥਿਤੀ ਪੈਦਾ ਹੋ ਗਈ ਤਾਂ ਥਾਣਾ ਸਿਟੀ ਦੇ ਮੁਖੀ ਜਸਵੀਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਗੱਡੀਆਂ ਨੂੰ ਛੁਡਵਾਇਆ। ਇਸ ਦੌਰਾਨ ਵਪਾਰੀਆਂ ਨੇ ਆਪਣਾ ਰੋਸ ਪ੍ਰਗਟ ਕਰਦਿਆਂ ਗੱਡੀਆਂ ਨੂੰ ਸੜਕ ਵਿਚਾਲੇ ਖੜ੍ਹਾ ਕਰ ਦਿੱਤਾ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਤੇ ਇਸ ਦੌਰਾਨ ਕਰੀਬ 1 ਘੰਟਾ ਜਾਮ ਲੱਗਾ ਰਿਹਾ।
ਸਬਜ਼ੀ ਮੰਡੀ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਰਾਕੇਸ਼ ਗਰੋਵਰ, ਸਤੀਸ਼ ਅਰੋੜਾ ਨੇ ਦੱਸਿਆ ਕਿ ਸਬਜ਼ੀ ਮੰਡੀ ਤੋਂ ਗਿੱਦੜਬਾਹਾ ਦੇ ਕੁਝ ਵਪਾਰੀਆਂ ਨੇ ਸਬਜ਼ੀ ਤੇ ਫ਼ਰੂਟ ਖਰੀਦਿਆਂ ਤੇ ਆਪਣੇ ਸਾਧਨਾਂ ਰਾਹੀਂ ਕਰੀਬ ਸਾਢੇ 8 ਵਜੇ ਗਿੱਦੜਬਾਹਾ ਲਈ ਰਵਾਨਾ ਕੀਤਾ ਗਿਆ ਤੇ ਸਾਨੂੰ ਕੁਝ ਸਮੇਂ ਬਾਅਦ ਹੀ ਪਤਾ ਚੱਲਿਆ ਕਿ ਕੁਝ ਕਿਸਾਨਾਂ ਨੇ ਮਲੋਟ-ਬਠਿੰਡਾ ਰੋਡ ਦੇ ਪਿੰਡ ਜੰਡਵਾਲਾ ਦੇ ਨਜ਼ਦੀਕ ਸਿਲਵਰ ਪਾਮ ਹੋਟਲ ਦੇ ਕੋਲ ਕੁਝ ਗੱਡੀਆਂ ਨੂੰ ਆਪਣੇ ਕਬਜ਼ੇ ‘ਚ ਲੈਣ ਦੀ ਕੋਸ਼ਿਸ਼ ਕੀਤੀ, ਇਸ ਗੱਲ ਦਾ ਸਬਜ਼ੀ ਮੰਡੀ ‘ਚ ਜਦੋਂ ਪਤਾ ਲੱਗਾ ਤਾਂ ਮੰਡੀ ‘ਚ ਕੰਮ ਕਰਨ ਵਾਲੇ ਵਪਾਰੀ ਘਟਨਾ ਵਾਲੀ ਜਗ੍ਹਾ ‘ਤੇ ਪਹੁੰਚ ਗਏ। ਇਸ ਦੌਰਾਨ ਕਿਸਾਨਾਂ ਤੇ ਵਪਾਰੀਆਂ ‘ਚ ਕਾਫ਼ੀ ਬਹਿਸਬਾਜ਼ੀ ਹੋਈ, ਜਿਸ ਕਾਰਨ ਵਾਹਨਾਂ ਦੀ ਲੰਮੀ ਲਾਈਨ ਲੱਗ ਗਈ। ਥਾਣਾ ਮੁਖੀ ਵੱਲੋਂ ਕਿਸਾਨਾਂ ਨੂੰ ਕਾਨੂੰਨ ਹੱਥ ‘ਚ ਨਾ ਲੈਣ ਲਈ ਕਿਹਾ ਤੇ ਗੱਡੀਆਂ ਨੂੰ ਆਪਣੀ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ।