
Farmers News: (ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆ। ਕਿਸਾਨਾਂ ਵੱਲੋਂ ਝੋਨੇ ਦੀ ਫਸਲ ਦੀ ਵਾਢੀ ਕਰਨ ਉਪਰੰਤ ਆਪਣੇ ਖੇਤਾਂ ਵਿੱਚ ਖੜੇ ਕਰਚਿਆਂ ਨੂੰ ਅੱਗ ਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਕਿਸਾਨਾਂ ਉੱਤੇ ਸਖਤਾਈ ਵਰਤ ਰਿਹਾ ਹੈ ,ਅੱਜ ਨੇੜਲੇ ਪਿੰਡ ਛਾਜਲੀ ਵਿਖੇ ਬਾਵਾ ਸਿੰਘ ਆਪਣੇ ਖੇਤਾਂ ਦੇ ਵਿੱਚ 10 ਏਕੜ ਖੜੇ ਖਰਚਿਆਂ ਨੂੰ ਅੱਗ ਲਾ ਰਿਹਾ ਸੀ, ਜਿਸ ਦੀ ਭਿਣਕ ਪੈਂਦਿਆਂ ਹੀ ਮੌਕੇ ’ਤੇ ਥਾਣਾ ਛਾਜਲੀ ਦੇ ਐਸਐਚਓ ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਪਹੁੰਚੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪ੍ਰਸ਼ਾਸਨ ਦਾ ਇੱਕ ਘੰਟਾ ਘਿਰਾਓ ਕੀਤਾ, ਜਿਸ ਨੂੰ ਲੈ ਕੇ ਦਿੜ੍ਹਬਾ ਦੇ ਡੀਐਸਪੀ ਡਾਕਟਰ ਰੁਪਿੰਦਰ ਕੌਰ ਬਾਜਵਾ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ।
ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮਕੇ ਕੀਤੀ ਨਾਅਰੇਬਾਜ਼ੀ
ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸੰਤ ਰਾਮ ਛਾਜਲੀ ਅਤੇ ਜਸਵੀਰ ਸਿੰਘ ਮੇਦੇਵਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੜੇ ਖਰਚੇ ਜੀਰੀ ਦੇ ਨੂੰ ਅੱਗ ਲਾਉਣਾ ਕਿਸਾਨਾਂ ਦਾ ਕੋਈ ਸ਼ੌਂਕ ਨਹੀਂ, ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕਣਕ ਦੀ ਬਿਜਾਈ ਇੱਕ ਨਵੰਬਰ ਅੱਜ ਤੋਂ ਸ਼ੁਰੂ ਹੋ ਗਈ ਹੈ, ਪ੍ਰੰਤੂ ਪਿੰਡ ਛਾਜਲੀ ਦਾ ਰਕਬਾ ਵੱਡਾ ਹੋਣ ਕਰਕੇ ਬੇਲਰਾਂ ਦੀ ਕਮੀ ਹੋਣ ਕਾਰਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਸਾਡੀ ਇੱਕ ਮਜ਼ਬੂਰੀ ਹੈ। Farmers News
ਉਹਨਾਂ ਕਿਹਾ ਕਿ ਜਿੰਨਾ ਕਿਸਾਨਾਂ ਦੇ ਖੇਤਾਂ ਦੇ ਵਿੱਚ ਬੇਲਰਾ ਨੇ ਗੱਠਾਂ ਬੰਨ ਦਿੱਤੀਆਂ ਹਨ, ਉਹ ਵੀ ਨਹੀਂ ਚੁੱਕੀਆਂ ਗਈਆਂ, ਕਿਸਾਨ ਮਜ਼ਬੂਰੀ ਬੱਸ ਉਹਨਾਂ ਨੂੰ ਵੀ ਅੱਗ ਲਾ ਰਹੇ ਹਨ। ਕਿਸਾਨ ਆਗੂ ਦਾ ਕਹਿਣਾ ਹੈ ਕਿ ਪਿੰਡ ਛਾਜਲੀ ਦੀ ਕੌਆਪਰੇਟਿਵ ਸੁਸਾਇਟੀ ਕੋਲ ਵੀ ਵੇਲਰ ਨਹੀਂ ਹੈ, ਇਹ ਸਰਕਾਰ ਵੱਲੋਂ ਮਹਿਜ਼ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਬੇਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Ransom Case: ਇਮੀਗ੍ਰੇਸ਼ਨ ਵਾਲੇ ਤੋਂ 10 ਲੱਖ ਦੀ ਫਿਰੋਤੀ ਮੰਗਣ ਵਾਲਾ ਫਰੀਦਕੋਟ ਪੁਲਿਸ ਨੇ ਕੁਝ ਘੰਟਿਆਂ ’ਚ ਕੀਤਾ ਕਾਬੂ…
ਉਹਨਾਂ ਕਿਹਾ ਕਿ ਜੇ ਅਸੀਂ ਆਪਣੇ ਖੇਤਾਂ ਵਿਚ ਖੜੇ ਕਰਚਿਆਂ ਨੂੰ ਅੱਗ ਨਹੀਂ ਲਾਵਾਂਗੇ ਤਾਂ ਅਸੀਂ ਕਣਕ ਦੀ ਬਿਜਾਈ ਕਰਨ ਤੋਂ ਪੱਛੜ ਜਾਵਾਂਗੇ, ਜਿਸ ਨਾਲ ਕਣਕ ਦੀ ਬਿਜਾਈ ਤੇ ਝਾੜਦਾ ਅਸਰ ਪਵੇਗਾ ਅਤੇ ਸੁੱਕੇ ਵਾਹਣ ਵਿੱਚ ਕੀਤੀ ਬਿਜਾਈ ਉਗਣ ਵਿੱਚ ਦੇਰੀ ਕਰਦੀ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਆਪੋ-ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਂਦੇ ਹਨ ਤਾਂ ਕਿਸਾਨਾਂ ’ਤੇ ਮਾਮਲੇ ਦਰਜ ਨਾ ਕੀਤੇ ਜਾਣ ਅਤੇ ਨਾ ਹੀ ਕਿਸਾਨਾਂ ਨੂੰ ਅੱਗ ਲਾਉਣ ਤੋਂ ਰੋਕਿਆ ਜਾਵੇ ,ਜਿਸ ਕਾਰਨ ਹਾੜੀ ਦੀ ਫਸਲ ਕਣਕ ਦੀ ਬਿਜਾਈ ਲੇਟ ਨਾ ਹੋਵੇ।
ਜਦੋਂ ਇਸ ਸਬੰਧੀ ਦਿੜ੍ਹਬਾ ਦੇ ਡੀਐਸਪੀ ਡਾਕਟਰ ਰੁਪਿੰਦਰ ਕੌਰ ਬਾਜਵਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਸਾਡੇ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪੈਂਦਾ ਹੈ ,ਅਸੀਂ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਖੇਤਾਂ ਦੇ ਵਿੱਚ ਅੱਗ ਨਾ ਲਾਉਣ, ਕਿਸਾਨਾਂ ਦੇ ਨਾਲ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਹਰ ਸਮੇਂ ਨਾਲ ਖੜਾ ਹੈ, ਉਹਨਾਂ ਕਿਹਾ ਕਿ ਜੋ ਛਾਜਲੀ ਦੇ ਬੇਲਰ ਬਾਹਰ ਚਲੇ ਗਏ ਹਨ, ਉਹਨਾਂ ਨੂੰ ਅਸੀਂ ਪਿੰਡ ਛਾਜਲੀ ਵਾਸੀਆਂ ਲਈ ਜਲਦੀ ਮੰਗਵਾ ਰਹੇ ਤਾਂ ਕਿ ਇੱਥੋਂ ਦੇ ਕਿਸਾਨ ਵੇਲਰਾਂ ਦੀ ਵਰਤੋਂ ਕਰਨ, ਉਹਨਾਂ ਕਿਹਾ ਕਿ ਐਨਾ ਕਹਿਣ ਦੇ ਬਾਵਜ਼ੂਦ ਵੀ ਜੇ ਕੋਈ ਕਿਸਾਨ ਫਿਰ ਵੀ ਆਪਣੀ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਾਉਂਦਾ ਹੈ ਤਾਂ ਉਹਨਾਂ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਇਸ ਮੌਕੇ ਭੋਲਾ ਸਿੰਘ ਛਾਜਲੀ ,ਦਰਸ਼ਨ ਸਿੰਘ ਮੀਤਾ, ਸ਼ੇਰਾ ਸਿੰਘ, ਗੋਕਲ ਰਾਮ ਪੰਡਿਤ ,ਕ੍ਰਿਸ਼ਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਆਗੂ ਹਾਜ਼ਰ ਸਨ।












