ਭਾਜਪਾ ਦੀ ਸੀਨੀਅਰ ਲੀਡਰ ਸ਼ਿਪ ਨੂੰ ਤਿੰਨ ਘੰਟੇ ਤੱਕ ਕਿਸਾਨਾਂ ਨੇ ਨਹੀਂ ਨਿਕਲਣ ਦਿੱਤਾ ਬਾਹਰ
ਰਾਜਪੁਰਾ, (ਜਤਿੰਦਰ ਲੱਕੀ)। ਸਥਾਨਕ ਜੈਨ ਸਭਾ ਵਿੱਚ ਅੱਜ ਕਿਸਾਨਾਂ ਸਬੰਧੀ ਹੋਈ ਵਰਚੁਅਲ ਕਾਨਫਰੰਸ ਵਿੱਚ ਪੁੱਜੇ ਭਾਜਪਾ ਨੇਤਾਵਾਂ ਨੂੰ ਕਿਸਾਨਾਂ ਨੇ ਘੇਰ ਲਿਆ। ਸਭਾ ਵਾਲੀ ਥਾਂ ‘ਤੇ ਭਾਜਪਾ ਨੇਤਾਵਾਂ ਦੀ ਭਿਣਕ ਲੱਗਦੇ ਹੀ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਉੱਥੇ ਇਕਠੇ ਕੀਤਾ ਗਿਆ। ਗੁੱਸੇ ‘ਚ ਕਿਸਾਨਾਂ ਨੇ ਕਰੀਬ ਤਿੰਨ ਘੰਟੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਅਤੇ ਉਨ੍ਹਾਂ ਦੇ ਨਾਲ ਜੁੜੇ ਕਿਸਾਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ। ਕਿਸਾਨਾਂ ਨੇ ਜੈਨ ਸਥਾਨਕ ਦੇ ਮੁੱਖ ਗੇਟ ਉੱਤੇ ਜਮ ਕੇ ਬੈਠੇ ਅਤੇ ਕੇਂਦਰ ਸਰਕਾਰ ਅਤੇ ਭਾਜਪਾ ਨੇਤਾਵਾਂ ਦੇ ਖਿਲਾਫ ਜੰਮ ਕੇ ਰੋਸ ਪ੍ਰਗਟਾਇਆ ਕਿਸਾਨ ਅੜੇ ਰਹੇ ਕਿ ਜਦੋਂ ਤੱਕ ਭਾਜਪਾ ਨੇਤਾ, ਖੇਤੀ ਬਿਲ ਵਾਪਸ ਨਹੀਂ ਲੈਂਦੇ ਤੱਦ ਤੱਕ ਕਿਸੇ ਨੂੰ ਵੀ ਬਾਹਰ ਨਹੀਂ ਆਉਣ ਦਿੱਤਾ ਜਾਵੇਗਾ।
ਹਾਲਾਤ ਦੀ ਗੰਭੀਰਤਾ ਨੂੰ ਵੇਖਦੇ ਹੋਏ ਦੁਪਹਿਰ ਬਾਅਦ ਭਾਰੀ ਗਿਣਤੀ ਵਿੱਚ ਪੁਲਿਸ ਬਲ ਸਭਾ ਵਾਲੀ ਥਾਂ ਤੇ ਪੁੱਜਿਆ ਤੇ ਕਿਸਾਨ ਜੱਥੇਬੰਦੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਦੇ ਗੁੱਸੇ ਨੂੰ ਵੇਖਦੇ ਹੋਏ ਤਿੰਨ ਘੰਟੇ ਬਾਅਦ ਸਾਰੀ ਭਾਜਪਾ ਲੀਡਰਸ਼ਿਪ ਨੂੰ ਪਿਛਲੇ ਦਰਵਾਜੇ ਤੋਂ ਬਾਹਰ ਕੱਢਕੇ ਧਰਨਾ ਖ਼ਤਮ ਕਰਵਾਇਆ ਗਿਆ।
ਆਲ ਇੰਡਿਆ ਕਿਸਾਨ ਫੈਡਰੇਸ਼ਨ ਦੇ ਪ੍ਰਧਾਨ ਪ੍ਰੇਮ ਸਿੰਘ ਭੰਗੂ ਸਮੇਤ ਕਈ ਹੋਰ ਕਿਸਾਨਾਂ ਨੇ ਧਰਨੇ ਨੂੰ ਸੰਬੋਧਨ ਕਰਦੇ ਕਿਹਾ ਕਿ ਭਾਜਪਾ ਦੇ ਆਗੂ, ਕਿਸਾਨਾਂ ਦੇ ਜਖਮਾਂ ‘ਤੇ ਲੂਣ ਛਿੜਕ ਰਹੇ ਹਨ। ਖੇਤੀ ਕਾਨੂੰਨਾਂ ਨਾਲ ਕਿਸਾਨ ਹੀ ਨਹੀਂ ਪੰਜਾਬ ਦਾ ਹਰੇਕ ਵਰਗ ਬਰਬਾਦ ਹੋਵੇਗਾ। ਇਸ ਦੇ ਵਿਰੋਧ ਵਿੱਚ ਕਿਸਾਨ ਅੰਦੋਲਨ ਕਰ ਰਹੇ ਹਨ ਅਤੇ ਭਾਜਪਾ ਨੇਤਾ ਆਪਣੇ ਹੀ ਕਾਰਿਆਕਰਤਾਵਾਂ ਨੂੰ ਕਿਸਾਨ ਦੱਸਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਜੋ ਕਿ ਕਿਸਾਨਾਂ ਦੇ ਵਿਰੋਧ ਦਾ ਮਜਾਕ ਉਡਾਉਣ ਦੇ ਸਮਾਨ ਹੈ।
ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਭਾਜਪਾ ਨੇਤਾ ਭਰੋਸਾ ਨਹੀਂ ਦੇਣਗੇ ਕਿ ਖੇਤੀ ਕਾਨੂੰਨ ਵਾਪਸ ਹੋਣ ਤੱਕ ਕਿਸੇ ਵੀ ਸਿਆਸੀ ਗਤੀਵਿਧੀ ਨੂੰ ਅੰਜ਼ਾਮ ਨਹੀਂ ਦੇਣ ਦੇਵਾਂਗੇ। ਨਹੀਂ ਤਾਂ ਭਾਜਪਾ ਨੇਤਾਵਾਂ ਦਾ ਘਿਰਾਉ ਕੀਤਾ ਜਾਂਦਾ ਰਹੇਗਾ ਅਤੇ ਕਿਸੇ ਵੀ ਭਾਜਪਾ ਨੇਤਾ ਨੂੰ ਪਿੰਡ ਵਿੱਚ ਨਹੀਂ ਨਹੀਂ ਆਉਣ ਦਿੱਤਾ ਜਾਵੇਗਾ। ਕਿਸਾਨਾਂ ਵੱਲੋਂ ਪੂਰੀ ਭਾਜਪਾ ਲੀਡਰਸ਼ਿਪ ਲਈ ਜੰਮ ਕੇ ਨਾਅਰੇ ਬਾਜੀ ਕੀਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.