Farmers News Bathinda: ਪੱਕਾ ਮੋਰਚਾ ਹਟਾਉਣ ਤੋਂ ਹਰਖੇ ਕਿਸਾਨਾਂ ਦੀ ਮਾਲਵਾ ਪੱਟੀ ’ਚ ਪੁਲਿਸ ਨਾਲ ਕਈ ਥਾਈਂ ਖਿੱਚ-ਧੂਹ

Farmers News Bathinda
Farmers News Bathinda: ਪੱਕਾ ਮੋਰਚਾ ਹਟਾਉਣ ਤੋਂ ਹਰਖੇ ਕਿਸਾਨਾਂ ਦੀ ਮਾਲਵਾ ਪੱਟੀ ’ਚ ਪੁਲਿਸ ਨਾਲ ਕਈ ਥਾਈਂ ਖਿੱਚ-ਧੂਹ

Farmers News Bathinda: ਮੋਗਾ, ਰਾਮਪੁਰਾ, ਗਿੱਦੜਬਾਹਾ ਅਤੇ ਫਰੀਦਕੋਟ ’ਚ ਕਿਸਾਨਾਂ ਨੇ ਕਰਨੀਆਂ ਸੀ ਸੜਕਾਂ ਜਾਮ

Farmers News Bathinda: ਬਠਿੰਡਾ (ਸੁਖਜੀਤ ਮਾਨ)। ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਯੂਨੀਅਨਾਂ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਲਗਾਏ ਧਰਨੇ ਨੂੰ ਦੇਰ ਰਾਤ ਪੰਜਾਬ ਪੁਲਿਸ ਵੱਲੋਂ ਖਦੇੜਣ ਤੇ ਕਿਸਾਨਾਂ ’ਚ ਸਰਕਾਰ ਖਿਲਾਫ ਰੋਸ ਦੀ ਲਹਿਰ ਵਧ ਗਈ ਹੈ। ਇਸ ਰੋਸ ਵਜੋਂ ਕਿਸਾਨਾਂ ਨੇ ਅੱਜ ਕਈ ਜ਼ਿਲ੍ਹਿਆਂ ’ਚ ਅੰਦਰ ਖਾਤੇ ਸੜਕਾਂ ਜਾਮ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਕਿਸਾਨਾਂ ਦੇ ਇਸ ਫੈਸਲੇ ਨੂੰ ਭਾਂਪਦਿਆਂ ਪੁਲਿਸ ਪਹਿਲਾਂ ਹੀ ਪੱਬਾਂ ਭਾਰ ਸੀ, ਜਿਸ ਨੇ ਕਿਸਾਨਾਂ ਨੂੰ ਸੜਕਾਂ ਜਾਮ ਕਰਨ ਤੋਂ ਰੋਕ ਦਿੱਤਾ। ਇਸ ਦੌਰਾਨ ਮੋਗਾ, ਗਿੱਦੜਬਾਹਾ ਅਤੇ ਬਠਿੰਡਾ ’ਚ ਕਿਸਾਨਾਂ ਤੇ ਪੁਲਿਸ ਦਰਮਿਆਨ ਕਾਫੀ ਖਿੱਚ-ਧੂਹ ਵੀ ਹੋਈ। ਮੋਗਾ ਨੇੜਲੇ ਇੱਕ ਪਿੰਡ ’ਚ ਕਿਸਾਨ ਪੁਲਿਸ ਦੇ ਬੈਰੀਕੇਡ ਤੋੜ ਕੇ ਅੱਗੇ ਵਧ ਗਏ।

Read Also : BHIM-UPI New Update: ਭੀਮ-ਯੂਪੀਆਈ ਦਾ ਆਇਆ ਨਵਾਂ ਅਪਡੇਟ, ਮਿਲੇਗੀ ਵੱਡੀ ਰਾਹਤ

ਵੇਰਵਿਆਂ ਮੁਤਾਬਿਕ ਪੰਜਾਬ ਸਰਕਾਰ ਅਤੇ ਪੁਲਿਸ ਦੀ ਕੱਲ੍ਹ ਦੇਰ ਰਾਤ ਦੀ ਕਾਰਵਾਈ ਤੋਂ ਖਫਾ ਕਿਸਾਨਾਂ ਵੱਲੋਂ ਅੱਜ ਸੜਕਾਂ ਜਾਮ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਸੀ। ਕਿਸਾਨਾਂ ਦੇ ਕੱਲ੍ਹ ਤੋਂ ਹੀ ਤਿੱਖੇ ਤੇਵਰ ਦੇਖਦਿਆਂ ਪੁਲਿਸ ਅੱਜ ਮੂੰਹ ਹਨ੍ਹੇਰੇ ਮੁੱਖ ਮਾਰਗਾਂ ਤੇ ਡਟ ਗਈ। ਜਿੱਥੇ-ਜਿੱਥੇ ਕਿਸਾਨਾਂ ਨੇ ਸੜਕਾਂ ਜਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਤਾਂ ਪੁਲਿਸ ਨੇ ਉਹਨਾਂ ਨੂੰ ਖਦੇੜ ਦਿੱਤਾ। ਬਠਿੰਡਾ ਦੇ ਰਾਮਪੁਰਾ ਫੂਲ ਦੇ ਮੌੜ ਚੌਂਕ ’ਚ ਕਿਸਾਨਾਂ ਨੇ ਬਠਿੰਡਾ-ਚੰਡੀਗੜ੍ਹ ਸੜਕ ਤੇ ਧਰਨਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਕਿਸਾਨਾਂ ਨੂੰ ਫੜ੍ਹ ਕੇ ਬੱਸਾਂ ’ਚ ਬਿਠਾ ਲਿਆ। Farmers News Bathinda

ਇਸ ਮੌਕੇ ਕਿਸਾਨਾਂ ਅਤੇ ਪੁਲਿਸ ਦਰਮਿਆਨ ਕਾਫੀ ਖਿੱਚ-ਧੂਹ ਹੋਈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪੁਲਿਸ ਵੱਲੋਂ ਕੱਲ੍ਹ ਮੀਟਿੰਗ ’ਚੋਂ ਪਰਤ ਰਹੇ ਜਿਹੜੇ ਕਿਸਾਨ ਆਗੂਆਂ ਨੂੰ ਡਿਟੇਨ ਕੀਤਾ ਗਿਆ ਹੈ ਉਹਨਾਂ ਨੂੰ ਰਿਹਾਅ ਕਰਵਾਉਣ ਲਈ ਹਰ ਹੀਲਾ ਵਰਤਾਂਗੇ। ਰਾਮਪੁਰਾ ਤੋਂ ਇਲਾਵਾ ਬਠਿੰਡਾ-ਅੰਮ੍ਰਿਤਸਰ ਸੜਕ ਤੇ ਜੀਦਾ ਟੋਲ ਪਲਾਜੇ ਉੱਤੇ ਜਾਮ ਲਗਾਉਣ ਦੀ ਤਿਆਰੀ ’ਚ ਆਏ ਕਿਸਾਨਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।

Farmers News Bathinda

ਜ਼ਿਲ੍ਹਾ ਮੋਗਾ ’ਚ ਕਿਸਾਨਾਂ ਵੱਲੋਂ ਡੀਸੀ ਦਫਤਰ ਦਾ ਘਿਰਾਓ ਕੀਤਾ ਜਾਣਾ ਸੀ। ਇਸ ਘਿਰਾਓ ਤੋਂ ਪਹਿਲਾਂ ਕਿਸਾਨ ਪਿੰਡ ਤਲਵੰਡੀ ਭਗੇਰੀਆਂ ’ਚ ਇਕੱਠੇ ਹੋਏ। ਇਕੱਠੇ ਹੋਏ ਕਿਸਾਨ ਜਦੋਂ ਵੱਡੇ ਕਾਫਲੇ ਦੇ ਰੂਪ ’ਚ ਅੱਗੇ ਵਧਣ ਲੱਗੇ ਤਾਂ ਪੁਲਿਸ ਫੋਰਸ ਨੇ ਉਹਨਾਂ ਨੂੰ ਰੋਕਣ ਲਈ ਹਰ ਹੀਲਾ ਵਰਤਿਆ। ਪੁਲਿਸ ਨੇ ਬੈਰੀਕੇਡ ਲਗਾ ਕੇ ਅੱਗੇ ਮਹਿਲਾ ਪੁਲਿਸ ਨੂੰ ਲਗਾਇਆ ਗਿਆ ਪਰ ਰੋਹ ’ਚ ਆਏ ਕਿਸਾਨ, “ਹੱਕਾਂ ਲਈ ਜੋ ਲੜਦੇ ਲੋਕ, ਜੇਲ੍ਹਾਂ ਤੋਂ ਨਹੀਂ ਡਰਦੇ ਲੋਕ” ਨਾਅਰੇ ਲਗਾਉਂਦੇ ਹੋਏ ਬੈਰੀਕੇਡ ਤੋੜ ਕੇ ਅੱਗੇ ਵਧ ਗਏ।

ਇਸ ਮੌਕੇ ਪੁਲਿਸ ਅਤੇ ਕਿਸਾਨਾਂ ਦੀ ਏਨੀ ਜ਼ਿਆਦਾ ਖਿੱਚ-ਧੂਹ ਹੋਈ ਕਿ ਕਈ ਕਿਸਾਨਾਂ ਦੀਆਂ ਪੱਗਾਂ ਲਹਿ ਗਈਆਂ। ਕਿਸਾਨਾਂ ਨੂੰ ਮੋਗਾ ਪਹੁੰਚਣ ਤੋਂ ਪਹਿਲਾਂ ਹੀ ਰੋਕਣ ਲਈ ਹੋਰ ਵੀ ਪੁਲਿਸ ਤਾਇਨਾਤ ਕੀਤੀ ਹੋਈ ਹੈ ਜਿੱਥੇ ਕਿਸਾਨਾਂ ਤੇ ਪੁਲਿਸ ਦਰਮਿਆਨ ਮੁੜ ਟਕਰਾਅ ਹੋਣ ਦੇ ਆਸਾਰ ਬਣੇ ਹੋਏ ਹਨ।

Farmers News Bathinda

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ’ਚ ਬਠਿੰਡਾ-ਗੰਗਾਨਗਰ ਸੜਕ ਉੱਤੇ ਜਾਮ ਲਗਾਉਣ ਦੀ ਤਿਆਰੀ ’ਚ ਆਏ ਕਿਸਾਨਾਂ ਨੂੰ ਪੁਲਿਸ ਨੇ ਸੜਕ ਜਾਮ ਕਰਨ ਤੋਂ ਪਹਿਲਾਂ ਹੀ ਰੋਕ ਲਿਆ। ਇਸ ਮੌਕੇ ਦੇਖਣ ’ਚ ਆਇਆ ਕਿ ਕਿਸਾਨਾਂ ਨਾਲੋਂ ਪੁਲਿਸ ਦੀ ਗਿਣਤੀ ਕਾਫੀ ਘੱਟ ਸੀ। ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਲਿਜਾਣ ਲਈ ਪੁਲਿਸ ਨੇ ਮੌਕੇ ਉੱਤੇ ਉੱਥੋਂ ਲੰਘ ਰਹੇ ਆਮ ਰਾਹਗੀਰਾਂ ਦੇ ਵਹੀਕਲ ਰੋਕ ਕੇ ਕਿਸਾਨਾਂ ਨੂੰ ਉਹਨਾਂ ਵਿੱਚ ਲਿਜਾਇਆ ਗਿਆ ਜਿਸ ਕਾਰਨ ਰਾਹਗੀਰਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਇਸ ਤੋਂ ਇਲਾਵਾ ਜ਼ਿਲ੍ਹਾ ਫਰੀਦਕੋਟ ਦੇ ਕਿਸਾਨਾਂ ਵੱਲੋਂ ਕੱਲ੍ਹ ਦੀ ਪੁਲਿਸ ਕਾਰਵਾਈ ਦੇ ਰੋਹ ’ਚ ਫਰੀਦਕੋਟ ਨੇੜੇ ਟਹਿਣਾ ਟੀ-ਪੁਆਇੰਟ ਅਤੇ ਜੀਦਾ ਟੋਲ ਪਲਾਜਾ ਜਾਮ ਕਰਨ ਦਾ ਪ੍ਰੋਗਰਾਮ ਸੀ। ਪੁਲਿਸ ਨੇ ਕਿਸਾਨਾਂ ਦੇ ਇਸ ਪ੍ਰੋਗਰਾਮ ਨੂੰ ਅਸਫਲ ਕਰਨ ਲਈ ਕਿਸਾਨਾਂ ਨੂੰ ਪਿੰਡਾਂ ’ਚੋਂ ਆਉਂਦਿਆਂ ਨੂੰ ਹੀ ਵੱਖ-ਵੱਖ ਥਾਈਂ ਘੇਰ ਲਿਆ। ਅੱਗੇ ਨਾ ਵਧਣ ਦੇਣ ਤੋਂ ਕਿਸਾਨਾਂ ਨੇ ਪਿੰਡ ਵਾੜਾ ਭਾਈਕਾ ਕੋਲ ਬਠਿੰਡਾ-ਫਰੀਦਕੋਟ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਸੜਕ ਤੇ ਬੈਠੇ ਕਿਸਾਨਾਂ ਨੇ ਪੁਲਿਸ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਗ੍ਰਿਫਤਾਰ ਕਿਸਾਨ ਰਿਹਾਅ ਨਹੀਂ ਕੀਤੇ ਜਾਂਦੇ ਉਦੋਂ ਤੱਕ ਉਹਨਾਂ ਦਾ ਰੋਸ ਪ੍ਰਦਰਸ਼ਨ ਜਾਰੀ ਰਹੇਗਾ।