ਪੰਜਾਬ ਦੇ ਕਿਸਾਨ 27 ਨੂੰ ਟਰੈਕਟਰ ਮਾਰਚ ਰਾਹੀਂ ਜਗਾਉਂਣਗੇ ਰਾਜਸੀ ਆਗੂਆਂ ਨੂੰ

ਟਰੈਕਟਰ ਮਾਰਚ ਲਈ ਰੋਕਾਂ ਲਾ ਰਹੀ ਐ ਕੈਪਟਨ ਸਰਕਾਰ: ਬੁਰਜ਼ਗਿੱਲ, ਜਗਮੋਹਨ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੀਆਂ 10 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ 27 ਜੁਲਾਈ ਨੂੰ ਅਕਾਲੀ-ਭਾਜਪਾ ਦੇ ਮੰਤਰੀਆਂ, ਪਾਰਲੀਮੈਂਟ ਮੈਂਬਰਾਂ, ਵਿਧਾਇਕਾਂ, ਹਲਕਾ ਇੰਚਾਰਜਾਂ ਦੀਆਂ ਰਿਹਾਇਸ਼ਾਂ ਵੱਲ ਕੀਤੇ ਜਾਣ ਵਾਲੇ ਇਤਿਹਾਸਕ ਟਰੈਕਟਰ ਮਾਰਚ ਦੀਆਂ ਤਿਆਰੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸਮੇਤ ਹੋਰ ਯੂਨੀਅਨਾਂ ਵੱਲੋਂ ਜ਼ੋਰ ਸ਼ੋਰ ਨਾਲ ਵਿੱਢੀਆਂ ਹੋਈਆਂ ਹਨ। ਇਸ ਟਰੈਕਟਰ ਮਾਰਚ ਅਤੇ ਸੰਘਰਸ਼ ਨੂੰ ਸਫ਼ਲ ਬਣਾਉਣ ਲਈ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ।  ਜਾਣਕਾਰੀ ਮੁਤਾਬਿਕ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਵੱਲੋਂ ਹੁਣ ਤੱਕ ਬਰਨਾਲਾ, ਮਾਨਸਾ, ਬਠਿੰਡਾ, ਸੰਗਰੂਰ, ਪਟਿਆਲਾ, ਫਰੀਦਕੋਟ, ਫਿਰੋਜਪੁਰ ਅਤੇ ਲੁਧਿਆਣਾ ਆਦਿ ਜ਼ਿਲ੍ਹਿਆਂ ਦੇ ਦੋ ਸੌ ਤੋਂ ਵਧੇਰੇ ਪਿੰਡਾਂ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ , ਰਹਿੰਦੇ ਪਿੰਡਾਂ ਦੀ ਤਿਆਰੀ ਮੁਹਿੰਮ ਜਾਰੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਦੱਸਿਆ ਕਿ ਤਿੰਨ ਸੌ ਤੋਂ ਵਧੇਰੇ ਪਿੰਡਾਂ ਵਿੱਚ ਜੋਰਦਾਰ ਤਿਆਰੀ ਕਰਦਿਆਂ ਜਥੇਬੰਦੀ ਦੇ ਕਾਫਲੇ ਹਜਾਰਾਂ ਟਰੈਕਟਰਾਂ ਰਾਹੀਂ ਮਾਰਚ ਕਰਨਗੇ। ਪਿੰਡਾਂ ਦੀਆਂ ਸੱਥਾਂ ਵਿੱਚ ਕਿਸਾਨਾਂ-ਮਜਦੂਰਾਂ ਨੂੰ ਸੰਬੋਧਨ ਹੁੰਦਿਆਂ ਆਗੂਆਂ ਕਿਹਾ ਕਿ ਲੋਕ ਕੋਰੋਨਾ ਸੰਕਟ ਦੌਰਾਨ ਮੋਦੀ ਸਰਕਾਰ ਵੱਲੋਂ ਜਬਰੀ ਠੋਸੇ ਲਾਕਡਾਊਨ ਨੇ ਸਭ ਦੇ ਕੰਮ ਧੰਦੇ ਚੌਪਟ ਕਰ ਦਿੱਤੇ ਹਨ, ਲੋਕ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਹਨ।

ਕੋਰੋਨਾ ਦੀ ਆੜ ਹੇਠ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕਰਕੇ ਕਿਸਾਨਾਂ ਦੇ ਉਜਾੜੇ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਅਕਾਲੀ-ਭਾਜਪਾ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਕਿ ਐਮ.ਐਸ.ਪੀ. ਖਤਮ ਨਹੀਂ ਕੀਤੀ ਜਾ ਰਹੀ, ਉਲਟਾ ਜੱਥੇਬੰਦੀਆਂ ‘ਤੇ ਦੋਸ਼ ਲਾਇਆ ਜਾ ਰਿਹਾ ਕਿ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ।  ਅਸਲ ਸੱਚਾਈ ਇਹ ਹੈ ਕਿ ਜੇਕਰ ਖੁੱਲ੍ਹੀ ਮੰਡੀ ਦਾ ਸਿਧਾਂਤ ਲਾਗੂ ਕੀਤਾ ਗਿਆ ਤਾਂ ਸਰਕਾਰੀ ਖਰੀਦ ਬੰਦ ਹੋ ਜਾਵੇਗੀ ਜਿਸ ਨਾਲ ਘੱਟੋ ਘੱਟ ਸਮਰੱਥਨ ਮੁੱਲ ਦਾ ਭੋਗ ਪੈ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਕਿਸਾਨ ਪੱਖੀ ਹੋਣ ਦਾ ਪਖੰਡ ਕਰ ਰਹੀ ਹੈ ਦੂਜੇ ਪਾਸੇ ਸੰਘਰਸ਼ ਕਰ ਰਹੇ ਕਿਸਾਨ ਆਗੂਆਂ ਨੂੰ ਕੋਰੋਨਾ ਦੀ ਆੜ ਹੇਠ ਚਿੱਠੀਆਂ ਕੱਢ ਕੇ ਸੰਘਰਸ਼ ਕਰਨ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੈਪਟਨ ਸਰਕਾਰ ਟਰੈਕਟਰ ਮਾਰਚ ‘ਤੇ ਰੋਕਾਂ ਲਾਕੇ ਬਾਦਲਾਂ ਦਾ ਪੱਖ ਪੂਰ ਰਹੀ ਹੈ ਜਦੋਂ ਕਿ ਬੱਸਾਂ ਪੂਰੀਆਂ ਭਰੀਆਂ ਜਾ ਰਹੀਆਂ ਹਨ ਤਾਂ ਟਰੈਕਟਰ ਮਾਰਚ ‘ਤੇ ਰੋਕ ਕਿਉਂ। ਆਗੂਆਂ ਨੇ ਪੰਜਾਬ ਸਰਕਾਰ ਨੂੰ ਸਖਤ ਲਹਿਜੇ ਵਿੱਚ ਚਿਤਾਵਨੀ ਦਿੱਤੀ ਕਿ ਅਜਿਹੇ ਹਥਕੰਡਿਆਂ ਤੋਂ ਬਾਜ ਆਵੇ

9 ਅਗਸਤ ਨੂੰ ਨਾਅਰਾ ਹੋਵੇਗਾ, ਕਾਰਪੋਰੇਟ ਘਰਾਣਿਓ, ਖੇਤੀ ਖੇਤਰ ਛੱਡੋ

ਪੰਜਾਬ ਚੈਪਟਰ ਦੇ ਕਨਵੀਨਰ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਦੇ ਕੇਂਦਰੀ ਵਰਕਿੰਗ ਗਰੁੱਪ ਵੱਲੋਂ ਲਏ ਗਏ ਫੈਸਲੇ ਜਿਸ ਅਨੁਸਾਰ 9 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਵਾਲੇ ਦਿਨ ਸਾਰੇ ਭਾਰਤ ਵਿੱਚ ਕਿਸਾਨ ਸੰਘਰਸ਼ ਵੱਲੋਂ ਇਹ ਨਾਅਰਾ ਬੁਲੰਦ ਕੀਤਾ ਜਾਵੇਗਾ ਕਿ 9 ਅਗਸਤ 1942 ਨੂੰ ਸਾਡਾ ਨਾਅਰਾ ਸੀ ਅੰਗਰੇਜ਼ੋ ਭਾਰਤ ਛੱਡੋ, 9 ਅਗਸਤ 2020 ਨੂੰ ਸਾਡਾ ਨਾਅਰਾ ਹੈ ਕਾਰਪੋਰੇਟ ਘਰਾਣਿਓ- ਖੇਤੀ ਖੇਤਰ ਛੱਡੋ ‘ ਨੂੰ ਪੰਜਾਬ ਵਿੱਚ ਜੋਰ ਸ਼ੋਰ ਨਾਲ ਲਾਗੂ ਕੀਤਾ ਜਾਵੇਗਾ।  ਉਸ ਦਿਨ ਪੂਰੇ ਭਾਰਤ ਦੇ ਕਿਸਾਨ ਆਪਣੀਆਂ 9 ਮੰਗਾਂ ਲਈ ਭਾਰਤ ਭਰ ‘ਚ ਅੰਦੋਲਨ ਕਰਦੇ ਹੋਏ ਮੰਗ ਪੱਤਰ ਕੇਂਦਰ ਸਰਕਾਰ ਨੂੰ ਭੇਜਣਗੇ। 9 ਅਗਸਤ ਦੇ ਪ੍ਰੋਗਰਾਮ ਨੂੰ ਪੰਜਾਬ ਵਿੱਚ ਠੋਸ ਰੂਪ ਵਿੱਚ ਲਾਗੂ ਕਰਨ ਲਈ ਅਤੇ ਸੰਘਰਸ਼ ਦੀ ਠੋਸ ਰੂਪ ਰੇਖਾ ਉਲੀਕਣ ਲਈ 10 ਕਿਸਾਨ ਜਥੇਬੰਦੀਆਂ ਦੀ ਮੀਟਿੰਗ 31 ਜੁਲਾਈ ਨੂੰ ਮੋਗਾ ਵਿਖੇ ਹੋ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ