26 ਨੂੰ ਕਿਸਾਨਾਂ ਦਾ ਰਾਜ ਭਵਨ ਵੱਲ ਮਾਰਚ ਲਾਮਿਸਾਲ ਹੋਵੇਗਾ : ਤਿਆਰੀ ਕਮੇਟੀ
ਮੋਹਾਲੀ, ਕੁਲਵੰਤ ਕੋਟਲੀ। ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜੂਨ ਨੂੰ ਦੇਸ਼ ਭਰ ਵਿੱਚ ਰਾਜ ਭਵਨ ਮਾਰਚ ਕਰਕੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਣ ਦੇ ਦਿੱਤੇ ਸੱਦੇ ਨੂੰ ਲੈ ਕੇ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਵਿੱਚ ਹਰਿੰਦਰ ਸਿੰਘ ਲੱਖੋਵਾਲ, ਪਰਮਜੀਤ ਚਲਾਕੀ, ਪ੍ਰੇਮ ਭੰਗੂ, ਕੰਵਲਜੀਤ ਸਿੰਘ ਅਤੇ ਬਲਵੰਤ ਬੇਹਰਮਕੇ ਸ਼ਾਮਲ ਹਨ।
ਪੰਜਾਬ ਦੇ ਰਾਜਪਾਲ ਭਵਨ ਵੱਲ 26 ਜੂਨ ਦੇ ਮਾਰਚ ਪ੍ਰੋਗਰਾਮ ਨੂੰ ਲੈ ਕੇ ਅੱਜ ਕਮੇਟੀ ਦੀ ਗੁਰਦੁਆਰਾ ਅੰਬ ਸਾਹਿਬ ਵਿਖੇ ਮੀਟਿੰਗ ਹੋਈ। ਮੀਟਿੰਗ ਵਿੱਚ ਪ੍ਰੋਗਰਾਮ ਦੀ ਤਿਆਰੀ ਲਈ ਚਰਚਾ ਕੀਤੀ ਗਈ। ਆਗੂਆਂ ਨੇ ਦੱਸਿਆ ਕਿ 26 ਜੂਨ ਨੂੰ ਲਾਮਿਸਾਲ ਇਕੱਠ ਹੋਵੇਗਾ। ਪਹਿਲਾਂ ਗੁਰਦੁਆਰਾ ਅੰਬ ਸਾਹਿਬ ਦੇ ਨਜ਼ਦੀਕ ਖਾਲੀ ਥਾਂ ’ਤੇ ਇਕੱਠੇ ਹੋਣ ਤੋਂ ਬਾਅਦ ਪੰਜਾਬ ਦੇ ਰਾਜ ਭਵਨ ਵੱਲ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮਾਰਚ ਬਿਲਕੁਲ ਸ਼ਾਂਤਮਈ ਹੋਵੇਗਾ।
ਉਨ੍ਹਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਆਪਣੇ ਹੱਕਾਂ ਲਈ ਮਾਰਚ ਕਰਕੇ ਰਾਜਪਾਲ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਦੇਣ ਜਾਂਦੇ ਕਿਸਾਨਾਂ ਨੂੰ ਰੋਕਿਆ ਨਾ ਜਾਵੇ। ਉਨ੍ਹਾਂ ਕਿਹਾ ਕਿ 26 ਜੂਨ ਨੂੰ ਐਂਮਰਜੈਂਸੀ ਲਗਾਉਣ ਦਾ ਦਿਨ ਵੀ ਹੈ, ਜਦੋਂ ਇਸ ਦਿਨ ਦੇਸ਼ ਵਿੱਚ ਪਹਿਲੀ ਵਾਰ ਐਂਮਰਜੈਂਸੀ ਲਗਾਈ ਗਈ ਸੀ, ਹੁਣ ਕੇਂਦਰ ਦੀ ਮੋਦੀ ਸਰਕਾਰ ਵੀ ਅਣਐਲਾਨੀ ਐਂਮਰਜੈਂਸੀ ਲਗਾ ਰਹੀ ਹੈ।
ਆਗੂਆਂ ਨੇ ਕਿਹਾ ਕਿ ਪਿਛਲੇ 7 ਮਹੀਨਿਆਂ ਤੋਂ ਹਰ ਤਰ੍ਹਾਂ ਦੇ ਮੌਸਮ, ਕੁਦਰਤ ਦੀ ਮਾਰ ਦਾ ਸਾਹਮਣਾ ਕਰਦੇ ਹੋਏ ਕਿਸਾਨ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਦੇ ਬਾਰਡਰ ਉਤੇ ਬੈਠੇ ਹਨ। ਇਸ ਸਮੇਂ ਦੌਰਾਨ ਸੈਂਕੜੇ ਕਿਸਾਨ ਸ਼ਹੀਦ ਹੋ ਗਏ ਹਨ ਪਰ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ, ਤਾਨਾਸ਼ਾਹੀ ਢੰਗ ਨਾਲ ਹੱਕ ਮੰਗਦੇ ਲੋਕਾਂ ਨੂੰ ਦਬਾਉਣਾ ਚਾਹੁੰਦੀ ਹੈ।ਉਨ੍ਹਾਂ ਇਨਸਾਫ ਪਸੰਦ ਕਿਸਾਨ ਘੋਲ ਲਈ ਆਵਾਜ਼ ਬੁਲੰਦ ਕਰਦੇ ਆ ਰਹੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ 26 ਜੂਨ ਦੇ ਇਸ ਮਾਰਚ ਵਿੱਚ ਵੱਡੀ ਗਿਣਤੀ ਸ਼ਾਮਲ ਹੋਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।