Punjab News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਅੱਜ ਮਿਥੇ ਪ੍ਰੋਗਰਾਮ ਤਹਿਤ ਰੇਲਾਂ ਰੋਕ ਕੇ ਪ੍ਰਦਰਸ਼ਨ ਕੀਤਾ ਗਿਆ। ਜਿਸ ਕਾਰਨ ਸੈਂਕੜਿਆਂ ਦੀ ਤਾਦਾਦ ’ਚ ਯਾਤਰੂਆਂ ਨੂੰ ਆਪਣੀ ਮੰਜ਼ਿਲ ਤੱਕ ਅੱਪੜਨ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਮੁਤਾਬਕ ਕਿਸਾਨਾਂ ਵੱਲੋਂ ਪੰਜਾਬ ਦੇ 15 ਜ਼ਿਲਿ੍ਹਆਂ ਵਿੱਚ ਲੱਗਭੱਗ 35 ਥਾਵਾਂ ’ਤੇ ਰੇਲਵੇ ਲਾਇਨਾਂ ’ਤੇ ਬੈਠ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਲੁਧਿਆਣਾ ਜ਼ਿਲ੍ਹੇ ’ਚ ਸਾਹਨੇਵਾਲ ਅਤੇ ਖੰਨਾ ਵਿਖੇ ਕਿਸਾਨਾਂ ਨੇ ਰੇਲਵੇ ਲਾਇਨ ’ਤੇ ਬੈਠ ਕੇ ਤਿੰਨ ਘੰਟੇ ਆਪਣੀਆਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਰੇਲਵੇ ਵੱਲੋਂ ਆਉਣ- ਜਾਣ ਵਾਲੀਆਂ ਰੇਲਾਂ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਰੋਕ ਕੇ ਰੱਖੀਆਂ ਗਈਆਂ। ਜਦਕਿ ਕੁੱਝ ਨੂੰ ਬਦਲਵੇਂ ਰਸਤਿਆਂ ਰਾਹੀਂ ਭੇਜਿਆ ਗਿਆ। Punjab News
ਕਿਸਾਨਾਂ ਵੱਲੋਂ ਰੇਲਾਂ ਰੋਕੇ ਜਾਣ ਕਾਰਨ ਆਉਣ ਵਾਲੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਯਾਤਰੂਆਂ ਦੀ ਸਹੂਲਤ ਲਈ ਸਥਾਨਕ ਸਟੇਸ਼ਨ ’ਤੇ ਰੇਲਵੇ ਵੱਲੋਂ ਵਿਸ਼ੇਸ਼ ਹੈਲਪ ਡੈਸਕ ਸਥਾਪਿਤ ਕੀਤਾ ਗਿਆ। ਲੁਧਿਆਣਾ ’ਚ ਦਾਦਰਾ ਤੇ ਸ਼ਾਨ- ਏ- ਪੰਜਾਬ ਨੂੰ ਕੈਂਸਲ ਕੀਤਾ ਗਿਆ। ਜਦਕਿ ਅਮਰਪਾਲੀ ਨੂੰ ਬਦਲਵੇਂ ਰਸਤੇ ਅੱਗੇ ਲਈ ਰਵਾਨਾ ਕੀਤਾ ਗਿਆ। ਕੁਰੂਸੇਤਰ ਤੋਂ ਅੰਮ੍ਰਿਤਸਰ ਜਾ ਰਹੇ ਇੱਕ ਪਰਿਵਾਰ ਦੇ ਮੈਂਬਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅੰਮ੍ਰਿਤਸਰ ਵਿਖੇ ਦਰਸ਼ਨਾਂ ਲਈ ਜਾ ਰਹੇ ਸਨ ਪਰ ਉਨ੍ਹਾਂ ਨੂੰ ਇੱਥੇ ਪਹੁੰਚ ਕੇ ਪਤਾ ਲੱਗਾ ਕਿ ਅੱਗੇ ਕਿਸਾਨਾਂ ਨੇ ਰੇਲਾਂ ਰੋਕੀਆਂ ਹੋਈਆਂ ਹਨ, ਜਿਸ ਕਰਕੇ ਸਾਰੀਆਂ ਰੇਲਾਂ ਰੱਦ ਕਰ ਦਿੱਤੀਆਂ ਗਈਆਂ ਹਨ।
Punjab News
ਉਨ੍ਹਾਂ ਕਿਹਾ ਕਿ ਰੇਲਾਂ ਰੋਕਣਾ ਕਿਸੇ ਵੀ ਮਸਲੇ ਦਾ ਹੱਲ ਨਹੀਂ। ਜੇਕਰ ਧਰਨੇ ਹੀ ਦੇਣੇ ਹਨ ਤਾਂ ਸਬੰਧਿਤ ਵਿਭਾਗਾਂ ਦੇ ਦਫ਼ਤਰਾਂ ਅੱਗੇ ਦਿੱਤੇ ਜਾਣ, ਨਾ ਕਿ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਉਹ ਵੀ ਕਿਸਾਨ ਹਨ ਤੇ ਚਾਹੁੰਦੇ ਹਨ ਕਿਸਾਨ ਨੂੰ ਉਸਦੀ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਹੈ ਪਰ ਇਹ ਕੋਈ ਤਰੀਕਾ ਨਹੀਂ। ਮਜ਼ਬੂਰਨ ਉਨ੍ਹਾਂ ਨੂੰ ਹੁਣ ਬੱਸਾਂ ’ਚ ਖੱਜ਼ਲ ਖੁਆਰ ਹੋਣਾ ਪਵੇਗਾ। ਉਨ੍ਹਾਂ ਇਹ ਵੀ ਕਿ ਉਹ ਘਰੋਂ ਅੱਪ- ਡਾਊਨ ਦੀਆਂ ਟਿਕਟਾਂ ਕਰਵਾਈਆਂ ਸਨ, ਪਰ ਇੱਥੋਂ ਉਨ੍ਹਾਂ ਨੂੰ ਅੱਗੇ ਦਾ ਸਫ਼ਰ ਬੱਸ ’ਤੇ ਤੈਅ ਕਰਨਾ ਪੈਣਾ ਹੈ। ਉਨ੍ਹਾਂ ਦੀਆਂ ਟਿਕਟਾਂ ਰਿਫੰਡ ਹੋਣਗੀਆਂ ਕਿ ਨਹੀਂ, ਉਨ੍ਹਾਂ ਨੂੰ ਨਹੀਂ ਪਤਾ ਪਰ ਉਹ ਇਸ ਸਮੇਂ ਆਪਣੇ ਛੋਟੇ- ਛੋਟੇ ਬੱਚਿਆਂ ਨਾਲ ਡਾਹਢੇ ਪ੍ਰੇਸ਼ਾਨ ਹੋ ਰਹੇ ਹਨ।