ਲੰਗਰ, ਚਾਹ-ਪਾਣੀ, ਚੌਲਾਂ ਦੇ ਕੜਾਹੇ ਅਤੇ ਹੋਰ ਸਾਮਾਨ ਆਪ ਮੁਹਾਰੇ ਹੀ ਲਿਆਉਂਦੇ ਰਹੇ ਲੋਕ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਬਿੱਲਾਂ ਖਿਲਾਫ਼ ਜਦੋਂ ਕਿਸਾਨੀ ਰੋਹ ਜਾਗਿਆ ਤਾਂ ਬਿੱਲਾਂ ਦੇ ਵਿਰੋਧ ‘ਚ ਲਾਏ ਮੋਰਚਿਆਂ ‘ਚ ਆਪ ਮੁਹਾਰੇ ਹੀ ਕਿਸਾਨਾਂ ਅਤੇ ਆਮ ਲੋਕਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਝੋਕ ਦਿੱਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਲਗਾਏ ਮੋਰਚੇ ਲਗਭਗ ਇੱਕ ਕਰੋੜ ਰੁਪਏ ਵਿੱਚ ਪਏ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਪਿੰਡਾਂ ਦੇ ਪਿੰਡਾਂ ਉੱਠ ਕੇ ਤੁਰੇ ਹਨ।
ਇਕੱਤਰ ਜਾਣਕਾਰੀ ਮੁਤਾਬਿਕ 15 ਸਤੰਬਰ ਤੋਂ ਸ਼ੁਰੂ ਹੋਏ ਪਟਿਆਲਾ ਤੇ ਪਿੰਡ ਬਾਦਲ ਵਿਖੇ ਮੋਰਚੇ ਅੱਜ ਸ਼ਾਮ ਨੂੰ ਅੱਠਵੇਂ ਦਿਨ ਕਿਸਾਨਾਂ ਦੇ ਜੋਸ਼ ਭਰੇ ਇਕੱਠ ਨਾਲ ਅਗਲੇ ਸੰਘਰਸ਼ ਲਈ ਖਤਮ ਹੋ ਗਏ। ਪਟਿਆਲਾ ਦੇ ਪੁੱਡਾ ਗਰਾਊਂਡ ਵਿਖੇ ਲੱਗੇ ਮੋਰਚੇ ‘ਚ ਰੋਜਾਨਾਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਅਤੇ ਆਮ ਲੋਕ ਪੁੱਜ ਰਹੇ ਸਨ। ਇਸ ਮੋਰਚੇ ਵਿੱਚ ਡਟੇ ਲੋਕਾਂ ਲਈ ਚਾਹ -ਪਾਣੀ, ਰੋਟੀ, ਚੌਲ, ਦੁੱਧ ਸਮੇਤ ਹੋਰ ਵਸਤਾਂ ਦੇ ਲੰਗਰ ਲਗਾਤਾਰ ਜਾਰੀ ਰਹੇ। ਪਿੰਡਾਂ ਤੋਂ ਆਉਣ ਵਾਲੇ ਕਿਸਾਨਾਂ ਵੱਲੋਂ ਆਪਣੀਆਂ ਟਰਾਲੀਆਂ ਅਤੇ ਹੋਰ ਸਾਧਨਾਂ ਵਿੱਚ ਰੋਜਾਨਾਂ ਹੀ ਦੁੱਧ, ਲੰਗਰ, ਇੱਥੋਂ ਤੱਕ ਕਿ ਚੌਲਾਂ ਦੇ ਕੜਾਹੇ ਪੁੱਜਦੇ ਰਹੇ।
ਕਿਸਾਨਾਂ ਦੇ ਬੈਠਣ ਲਈ ਟੈਂਟ ਸਮੇਤ ਹਵਾ ਦੇਣ ਵਾਲੇ ਅਨੇਕਾਂ ਵੱਡੇ ਪੱਖਿਆਂ ਦਾ ਪ੍ਰਬੰਧ ਕੀਤਾ ਗਿਆ ਸੀ। ਇੱਥੇ ਲਗਾਏ ਗਏ ਪੱਖਿਆਂ ਦਾ ਰੋਜਾਨਾ 25 ਰੁਪਏ ਖਰਚਾ ਆ ਰਿਹਾ ਸੀ ਅਤੇ ਲਗਭਗ ਅੱਠ ਦਿਨਾਂ ਵਿੱਚ 2 ਲੱਖ ਰੁਪਏ ਇਨ੍ਹਾਂ ਪੱਖਿਆਂ ‘ਤੇ ਹੀ ਖਰਚ ਹੋ ਗਿਆ। ਕਿਸਾਨਾਂ ਵੱਲੋਂ ਇਸ ਮੋਰਚੇ ਲਈ ਆਪਣਾ ਤਿਲ-ਫੁੱਲ ਰੋਜਾਨਾਂ ਦਿੱਤਾ ਜਾ ਰਿਹਾ ਸੀ ਤਾਂ ਜੋ ਉਹ ਆਪਣੇ ਖੇਤਾਂ ਦੀ ਲੜਾਈ ਲੜ ਸਕਣ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਗੱਲ ਕਰਦਿਆਂ ਦੱਸਿਆ ਕਿ ਪਟਿਆਲਾ ਅਤੇ ਬਾਦਲਾਂ ਦਾ ਮੋਰਚਾ ਹਜਾਰਾਂ ਜਾਂ ਲੱਖਾਂ ਦਾ ਮੋਰਚਾ ਨਹੀਂ ਸੀ ਸਗੋਂ ਇਹ ਮੋਰਚੇ ਲਗਭਗ ਇੱਕ ਕਰੋੜ ‘ਚ ਪਏ ਹਨ।
ਉਨ੍ਹਾਂ ਕਿਹਾ ਕਿ ਜਦੋਂ ਸਰਕਾਰਾਂ ਅੰਨਦਾਤੇ ਨੂੰ ਹੀ ਖਤਮ ਕਰਨ ਦੇ ਮਨਸੂਬੇ ਗੁੰਦ ਲੈਣ ਤਾਂ ਫਿਰ ਦੁਨੀਆਂ ਦਾ ਢਿੱਡ ਭਰਨ ਵਾਲਾ ਆਪਣਾ ਢਿੱਡ ਬਚਾਉਣ ਲਈ ਦਮੜੀਆਂ ਦੀ ਪਰਵਾਹ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਮੋਰਚਿਆਂ ‘ਤੇ ਕਿਸਾਨਾਂ ਦੇ ਖੂਨ ਪਸੀਨੇ ਦੀ ਕਮਾਈ ਖਰਚ ਹੋਈ ਹੈ ਜੋ ਕਿ ਅਜਾਈ ਨਹੀਂ ਜਾਵੇਗੀ ਅਤੇ ਪੰਜਾਬ ‘ਚੋਂ ਸ਼ੁਰੂ ਹੋਈ ਇਹ ਕ੍ਰਾਂਤੀ ਪੂਰੇ ਦੇਸ਼ ਵਿੱਚ ਫੈਲੇਗੀ ਜੋ ਕਿ ਮੋਦੀ ਸਰਕਾਰ ਲਈ ਕਫ਼ਨ ‘ਚ ਕਿੱਲ ਸਾਬਤ ਹੋਵੇਗੀ।
ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਕੋਈ 10-10 ਚੌਲਾਂ ਦੇ ਕੜਾਹੇ ਲੈ ਕੇ ਆਇਆ ਤੇ ਕੋਈ ਕੁਆਇੰਟਲਾਂ ਦੇ ਹਿਸਾਬ ਨਾਲ ਦੁੱਧ, ਕੋਈ ਲੱਸੀ ਲੈ ਕੇ ਅਇਆ, ਕੋਈ ਬਿਸਕੁੱਟ। ਗੱਲ ਕੀ ਕਿਸਾਨ ਮੋਰਚੇ ‘ਚ ਪੁੱਜਣ ਵਾਲੇ ਆਮ ਲੋਕਾਂ ਨੂੰ ਕੋਈ ਤੋਟ ਨਹੀਂ ਰਹੀ। ਇਸ ਦੌਰਾਨ ਦੇਖਿਆ ਗਿਆ ਕਿ ਧਰਨੇ ਵਿੱਚ ਪੁੱਜਣ ਵਾਲੇ ਲੋਕਾਂ ਵੱਲੋਂ ਇਸ ਸੰਘਰਸ਼ ‘ਚ ਹਿੱਸਾ ਪਾਉਣ ਲਈ ਤਿਲ-ਫੁੱਲ ਸਟੇਜ ‘ਤੇ ਦਿੱਤਾ ਜਾ ਰਿਹਾ ਸੀ ਅਤੇ ਆਗੂਆਂ ਵੱਲੋਂ ਬਕਾਇਦਾ ਨੋਟ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਅਨੇਕਾਂ ਬੱਸਾਂ, ਟਰਾਲੀਆਂ, ਗੱਡੀਆਂ ਆਦਿ ਵਾਹਨਾਂ ‘ਤੇ ਤੇਲ ਪਾਣੀ ‘ਤੇ ਵੀ ਲੱਖਾਂ ਰੁਪਏ ਖਰਚ ਹੋਏ ਹਨ।
ਪਿੰਡਾਂ ‘ਚ ਦਰਜ਼ਨਾਂ ਇਕਾਈਆਂ ਬਣੀਆਂ
ਇਸ ਮੋਰਚੇ ਦੌਰਾਨ ਖਾਸ ਗੱਲ ਇਹ ਰਹੀ ਕਿ ਪਿੰਡਾਂ ਵਿੱਚ ਲੋਕਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀਆਂ ਇਕਾਈਆਂ ਬਣਾਉਣ ਲਈ ਵੱਡੀ ਪੱਧਰ ‘ਤੇ ਪਹੁੰਚ ਕੀਤੀ ਗਈ। ਅੱਜ ਧਰਨੇ ਦੇ ਅੰਤਿਮ ਦਿਨ ਵੀ ਲਗਭਗ 15 ਪਿੰਡਾਂ ਵੱਲੋਂ ਇਕਾਈਆਂ ਬਣਾਉਣ ਲਈ ਸੂਬਾ ਆਗੂਆਂ ਕੋਲ ਪਹੁੰਚ ਕੀਤੀ ਹੋਈ ਸੀ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ ਕਿ ਕੁਝ ਦਿਨਾਂ ‘ਚ ਹੀ ਦਰਜ਼ਨਾਂ ਜਥੇਬੰਦੀਆਂ ਦੀਆਂ ਇਕਾਈਆਂ ਪਿੰਡਾਂ ‘ਚ ਬਣ ਚੁੱਕੀਆਂ ਹਨ ਜਦਕਿ ਹੋਰ ਪਿੰਡਾਂ ਵਾਲੇ ਸੰਪਰਕ ਕਰ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.