Ferozepur News: ‘ਜੀਹਦਾ ਖੇਤ, ਓਹਦੀ ਰੇਤ’ ਤਹਿਤ ਕਿਸਾਨਾਂ ਨੂੰ ਬਣੀ ਨਵੀਂ ਮੁਸੀਬਤ, ਫਿਰੋਜ਼ਪੁਰ ਜ਼ਿਲ੍ਹਾ ਪ੍ਰੇਸ਼ਾਨ

Ferozepur News
Ferozepur News: ‘ਜੀਹਦਾ ਖੇਤ, ਓਹਦੀ ਰੇਤ’ ਤਹਿਤ ਕਿਸਾਨਾਂ ਨੂੰ ਬਣੀ ਨਵੀਂ ਮੁਸੀਬਤ, ਫਿਰੋਜ਼ਪੁਰ ਜ਼ਿਲ੍ਹਾ ਪ੍ਰੇਸ਼ਾਨ

Ferozepur News: ਕਈ ਖੇਤਾਂ ’ਚ ਜਮ੍ਹਾ ਹੋਈ 5-5 ਫੁੱਟ ਰੇਤ-ਸਿਲਟ, ਖੇਤ ਵਾਹੀਯੋਗ ਬਣਾਉਣ ਲਈ ਕਿਸਾਨਾਂ ਸਿਰ ਲੱਖਾਂ ਦਾ ਖਰਚ ਵਧਿਆ

Ferozepur News: ਫਿਰੋਜ਼ਪੁਰ (ਜਗਦੀਪ ਸਿੰਘ)। ਹੜ੍ਹਾਂ ਨਾਲ ਖੇਤਾਂ ’ਚ ਜਮ੍ਹਾ ਹੋਈ ਸਿਲਟ ਤੇ ਰੇਤ ਨੂੰ ਹਟਾਉਣ ਲਈ ਹੜ੍ਹ ਪੀੜਤ ਕਿਸਾਨਾਂ ਨੇ ਆਪਣੇ ਪੱਧਰ ‘ਤੇ ਯਤਨ ਸ਼ੁਰੂ ਕਰ ਦਿੱਤੇ ਹਨ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਪੰਜਾਬ ਮਾਈਨਰ ਮਿਨਰਲ ਰੂਲਜ਼, 2013 ਹੇਠ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਤਿਆਰ ਕੀਤੀ ਸਕੀਮ ਜੀਹਦਾ ਖੇਤ, ਓਹਦੀ ਰੇਤ ਅਨੁਸਾਰ ਕਿਸਾਨ ਨੂੰ 31 ਦਸੰਬਰ 2025 ਤੱਕ ਆਪਣੇ ਖੇਤਾਂ ਵਿੱਚ ਜਮ੍ਹਾਂ ਹੋਈ ਰੇਤ ਅਤੇ ਸਿਲਟ ਨੂੰ ਬਿਨਾਂ ਕਿਸੇ ਪਰਮਿਟ ਜਾਂ ਐਨਓਸੀ ਤੋਂ ਹਟਾ ਸਕਣ ਦੀ ਰਾਹਤ ਦਿੱਤੀ ਹੈ, ਪਰ ਵੱਡੀ ਮਾਤਰਾ ਵਿੱਚ ਜਮ੍ਹਾ ਹੋਈ ਰੇਤ ਤੇ ਸਿਲਟ ਨੂੰ ਹਟਾਉਣਾ ਕਿਸਾਨਾਂ ਲਈ ਇੱਕ ਵੱਡੀ ਚੁਣੌਤੀ ਬਣ ਗਈ ਹੈ।

ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆਂ ਗੱਲ ਕੀਤੀ ਜਾਵੇ ਤਾਂ ਇਸ ਸਾਲ ਦੇ ਹੜ੍ਹ ਦੌਰਾਨ ਵਗੇ ਪਾਣੀ ਦੇ ਪੱਧਰ ਦੇ ਨਵੇਂ ਰਿਕਾਰਡ ਦਰਜ ਹੋਏ ਹਨ ਅਤੇ ਕਈ ਥਾਵਾਂ ਤੋਂ ਸਤਲੁਜ ਦਰਿਆ ਨੇ ਆਪਣੇ ਨਵੇਂ ਰਸਤੇ ਅਪਣਾ ਕੇ ਕਾਫੀ ਜ਼ਮੀਨਾਂ ਨੂੰ ਆਪਣੇ ਨਾਲ ਰਲਾ ਲਿਆ ਅਤੇ ਕਈ ਥਾਈ ਰੇਤ ਦੇ ਢਿੱਗ ਲਾ ਦਿੱਤੇ ਹਨ, ਇਉਂ ਪ੍ਰਤੀਤ ਹੁੰਦਾ ਜਿਵੇ ਰੇਗੀਸਤਾਨ ਹੋਵੇ ਬੇਸ਼ੱਕ ਕਿਸਾਨਾਂ ਨੂੰ ਰੇਤ ਹਟਾਉਣ ਦੀ ਸਰਕਾਰ ਨੇ ਰਾਹਤ ਦਿੱਤੀ ਹੈ ਪਰ ਰੇਤ ਨੂੰ ਕੱਢਣਾ ਅਤੇ ਰੱਖਣਾ ਦੀ ਕਿਸਾਨਾਂ ਲਈ ਵੱਡੀ ਸਿਰਦਰਦੀ ਬਣ ਗਈ ਹੈ, ਕਿਉਂਕਿ ਕਿਤੇ–ਕਿਤੇ ਰੇਤ ਇੰਨੀ ਜਮ੍ਹਾ ਹੋ ਗਈ ਕਿ ਉਸ ਹੇਠੋਂ ਆਪਣੀ ਮੁੜ ਉਪਜਾਊ ਜ਼ਮੀਨਾਂ ਕੱਢਣਾ ਕਿਸਾਨਾਂ ਲਈ ਕਾਫੀ ਮੁਸ਼ਕਿਲ ਹੋ ਗਿਆ, ਜਿਸ ਲਈ ਅਗਲੀ ਫਸਲ ਵੀ ਬੀਜੇ ਜਾਣ ਦੀ ਕੋਈ ਉਮੀਦ ਨਹੀ ਲੱਗ ਰਹੀ।

Ferozepur News

ਦੂਜੀ ਸਮੱਸਿਆ ਰੇਤ ਵਿੱਚ ਕਾਫੀ ਮਿੱਟੀ ਵੀ ਰਲੀ ਹੋਣ ਕਾਰਨ ਰੇਤ ਨੂੰ ਉਸਾਰੀ ਕਾਰਜਾਂ ਲਈ ਵੇਚਣਾ ਮੁਸ਼ਕਿਲ ਹੈ ਜਿਸ ਨੂੰ ਨਵੇਂ ਥਾਵਾਂ ਦੀ ਭਰਤ ਪਾਉਣ ਲਈ ਵਰਤੋਂ ਕੀਤੀ ਜਾ ਸਕਦੀ ਹੈ ਤੇ ਤੀਜੀ ਵੱਡੀ ਸਮੱਸਿਆ ਰੇਤ ਕੱਢਕੇ ਕਿਥੇ ਰੱਖਣ ਦੀ ਹੈ। ਖੇਤ ਵਿੱਚ ਜਮ੍ਹਾ ਹੋਈ ਰੇਤ ਨੂੰ ਕੱਢ ਰਹੇ ਪਿੰਡ ਜੱਲੋ ਕੇ ਦੇ ਕਿਸਾਨ ਅਵਤਾਰ ਸਿੰਘ ਆਦਿ ਨੇ ਦੱਸਿਆ ਕਿ ਉਹਨਾਂ ਦੇ ਖੇਤ ਵਿੱਚ 5-5 ਫੁੱਟ ਤੱਕ ਰੇਤ-ਸਿਲਟ ਜਮ੍ਹਾ ਹੋ ਗਈ ਹੈ, ਇਸ ਨੂੰ ਕੱਢਣ ਲਈ ਜੇਸੀਬੀ ਮਸ਼ੀਨ ਲਾਈ ਗਈ ਹੈ ਪਰ ਉਹਨਾਂ ਕੋਲ ਰੇਤ ਦੇ ਡੰਪ ਲਈ ਕੋਈ ਥਾਂ ਟਿਕਾਣਾ ਨਹੀਂ ਹੈ, ਇਹ ਰੇਤ ਵੀ ਅਜਿਹੀ ਹੈ ਜਿਸ ਨੂੰ ਵੇਚਿਆ ਵੀ ਨਹੀਂ ਜਾ ਸਕਦਾ ਪਰ ਰੇਤ ਥੱਲੇ ਦੱਬੀ ਜ਼ਮੀਨ ਕੱਢਣ ਲਈ ਰੇਤ ਨੂੰ ਕੱਢਣਾ ਵੀ ਜ਼ਰੂਰੀ ਹੈ ।

Read Also : ਮਾਨਸਾ ਜ਼ਿਲ੍ਹੇ ਦੇ ਪਿੰਡ ਧਰਮਪੁਰਾ ’ਚ ਹੋਇਆ ਅਜਿਹਾ ਕੰਮ, ਇਲਾਕੇ ’ਚ ਹੋ ਰਹੀ ਐ ਚਰਚਾ

ਕਿਸਾਨ ਨੇ ਦੱਸਿਆ ਕਿ ਰੇਤ ਦੇ ਨਾਲ ਕਾਫੀ ਸਿੱਲ ਹੋਣ ਕਾਰਨ ਮਸ਼ੀਨਾਂ ਅਤੇ ਟਰੈਕਟਰਾਂ ਦੀ ਵਰਤੋਂ ਕਰਨਾ ਕਾਫੀ ਮੁਸ਼ਕਿਲ ਹੋ ਰਿਹਾ ਹੈ, ਜਿਸ ਕਾਰਨ ਰੇਤ ਨੂੰ ਕੱਢਣ ਵਿੱਚ 31 ਦਸੰਬਰ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ। ਕਿਸਾਨ ਨੇ ਦੱਸਿਆ ਕਿ ਫਿਲਹਾਲ ਉਹ ਆਪਣੇ ਖਰਚੇ ’ਤੇ ਰੇਤ ਕੱਢਵਾ ਰਹੇ ਹਨ ਲਗਭਗ 1 ਲੱਖ ਤੋਂ ਵੱਧ ਖਰਚਾ ਪ੍ਰਤੀ ਏਕੜ ਹੋ ਸਕਦਾ ਹੈ ਕਿਉਂਕਿ ਅਗਲੀ ਫਸਲ ਲਈ ਖੇਤ ਤਿਆਰ ਕਰਨ ਲਈ ਇਹ ਖਰਚਾ ਕਰਨਾ ਮਜ਼ਬੂਰੀ ਬਣ ਗਿਆ ਹੈ।

ਜ਼ਿਕਰਯੋਗ ਹੈ ਕਿ 2023 ਵਿੱਚ ਆਏ ਹੜ੍ਹ ਦੌਰਾਨ ਵੀ ਹੜ੍ਹ ਪ੍ਰਭਾਵਿਤ ਕਈ ਪਿੰਡਾਂ ਵਿੱਚ ਰੇਤ ਅਤੇ ਸਿਲਟ ਜਮਹ੍ਹਾ ਹੋਣ ਕਾਰਨ ਉਸ ਵੇਲੇ ਵੀ ਰੇਤ ਦੀ ਡੰਪਿਗ ਨਾ ਹੋ ਸਕਣ ਕਾਰਨ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਵੀ ਟਿੱਬੇ ਬਣਾ ਦਿੱਤੇ ਸਨ, ਜਿਹਨਾਂ ਵਿੱਚੋਂ ਸਮਾਂ ਰਹਿੰਦੇ ਕੁਝ ਟਿੱਬੇ ਚੁੱਕ ਵੀ ਲਏ ਗਏ ਪਰ ਅਜੇ ਵੀ ਸਤਲੁਜ ਦੇ ਦੁਆਲੇ ਲੱਗਦੇ ਖੇਤਾਂ ਵਿੱਚ ਕਿਤੇ-ਕਿਤੇ ਲੱਗੇ ਟਿੱਬੇ 2023 ਦੇ ਹੜ੍ਹਾਂ ਦੀ ਯਾਦ ਦਵਾਉਂਦੇ ਹਨ। ਕਿਸਾਨ ਫਿਰ ਫਿਕਰਮੰਦ ਹਨ ਇੰਨੀ ਮਾਤਰਾ ਵਿੱਚ ਨਾ ਵਰਤੋਂ ਯੋਗ ਰੇਤ-ਸਿਲਟ ਨੂੰ ਟਿੱਬਿਆਂ ਦਾ ਰੂਪ ਦੇਣਾ ਪਵੇਗਾ ਤਾਂ ਜਦੋਂ ਹੌਲੀ-ਹੌਲੀ ਨਿਕਾਸੀ ਹੁੰਦੀ ਰਹੇਗੀ ਤਾਂ ਉਹਨਾਂ ਦੀਆਂ ਜ਼ਮੀਨਾਂ ਹੇਠੋਂ ਨਿਕਲ ਆਉਣਗੀਆਂ।

ਕੀ ਕਹਿੰਦੇ ਹਨ ਮਾਈਨਿੰਗ ਵਿਭਾਗ ਦੇ ਅਧਿਕਾਰੀ

ਰੇਤ ਦੇ ਰੱਖ ਰਖਾਵ ਸਬੰਧੀ ਮਾਈਨਿੰਗ ਵਿਭਾਗ ਦੇ ਐੱਸਡੀਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਬਣਾਈ ਗਈ ਪਾਲਿਸੀ ਜੀਹਦਾ ਖੇਤ, ਓਹਦੀ ਰੇਤ ਤਹਿਤ ਖੇਤ ਦਾ ਮਾਲਕ ਕਿਸਾਨ ਆਪਣੇ ਖੇਤ ਵਿੱਚੋਂ ਰੇਤ ਕੱਢ ਸਕਦੇ ਹਨ ਪਰ ਰੇਤ ਦਾ ਰੱਖ ਰਖਾਵ ਲਈ ਵਿਭਾਗ ਵੱਲੋਂ ਕੋਈ ਪਰਵਿਜ਼ਨ ਨਹੀਂ ਬਣਾਈ ਗਈ ਹੈ ਜੇ ਕੋਈ ਅੱਗੇ ਬਣਦੀ ਹੈ ਤਾਂ ਜ਼ਰੂਰ ਦੱਸ ਦਿੱਤਾ ਜਾਵੇਗਾ।