ਕਿਸਾਨਾਂ ਨੇ ਕੇਂਦਰ ਦੇ ਪਾਲੇ ’ਚ ਸੁੱਟੀ ਗੇਂਦ , ਪ੍ਰਪੋਜਲ ਨੂੰ ਰੱਦ ਕਰਕੇ ਅਸੀਂ ਆਪਣਾ ਫੈਸਲਾ ਸੁਣਾ ਦਿੱਤਾ, ਹੁਣ ਕੇਂਦਰ ਸਰਕਾਰ ਦੀ ਵਾਰੀ (Farmers Protest )
ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਤਾਕਤਵਰ ਤਾਂ ਕਿਸਾਨਾਂ ਦੀਆਂ ਮੰਗਾਂ ਤੇ ਆਪਣਾ ਫੈਸਲਾ ਸੁਣਾਉਣ, ਇਸ ਨਾਲ ਭਾਜਪਾ ਦੇ ਪ੍ਰਚਾਰ ’ਤੇ ਵੀ ਲੱਗੇਗੀ ਮੋਹਰ : ਕਿਸਾਨ ਆਗੂ
(ਖੁਸ਼ਵੀਰ ਸਿੰਘ ਤੂਰ) ਸ਼ੰਭੂ ਬਾਰਡਰ। Farmers Protest ਦਿੱਲੀ ਕੂਚ ਲਈ ਸ਼ੰਭੂ ਬਾਰਡਰ ’ਤੇ ਕਿਸਾਨਾਂ ਦੀਆਂ ਫੁੱਲ ਤਿਆਰੀਆਂ ਹਨ ਅਤੇ 21 ਫਰਵਰੀ ਨੂੰ ਹਰਿਆਣਾ ਫੋਰਸ ਅਤੇ ਕਿਸਾਨਾਂ ਵਿਚਕਾਰ ਪੂਰੀ ਤਰ੍ਹਾ ਟਕਰਾਅ ਦੇ ਅਸਾਰ ਹਨ। ਇੱਧਰ ਕਿਸਾਨ ਆਗੂਆਂ ਵੱਲੋਂ ਦਿੱਲੀ ਕੂਚ ਤੋਂ ਇੱਕ ਦਿਨ ਪਹਿਲਾ ਗੇਂਦ ਕੇਂਦਰ ਸਰਕਾਰ ਦੇ ਪਾਲੇ ਵਿੱਚ ਸੁੱਟ ਦਿੱਤੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਲਿਆਂਦੇ ਪ੍ਰਸਤਾਵ ਨੂੰ ਕਿਸਾਨਾਂ ਵੱਲੋਂ ਚਰਚਾ ਕਰਨ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਹੈ ਜਦਕਿ ਮੀਟਿੰਗ ਦੌਰਾਨ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਕੇਂਦਰੀ ਮੰਤਰੀਆਂ ਅੱਗੇ ਰੱਖੇ ਗਏ ਤੱਥਾਂ ਨੂੰ ਸਰਕਾਰ ਨਾਲ ਚਰਚਾ ਕਰਨ ਤੋਂ ਬਾਅਦ ਆਪਣਾ ਫੈਸਲਾ ਸੁਣਾਉਣ ਦੀ ਗੱਲ ਆਖੀ ਗਈ ਸੀ। ਹੁਣ ਕੇਂਦਰ ਸਰਕਾਰ ਬਿਆਨ ਦਾਗੇ ਕੀ ਉਹਨਾਂ ਨੂੰ ਕਿਸਾਨਾਂ ਦੀ ਕਿਹੜੀ ਗੱਲ ਮਨਜ਼ੂਰ ਹੈ ਅਤੇ ਕਿਹੜੀ ਮਨਜੂਰ ਨਹੀਂ ਹੈ।
ਕਿਸਾਨਾਂ ਵੱਲੋਂ 21 ਫਰਵਰੀ ਦੇ ਦਿੱਲੀ ਕੂਚ ਲਈ ਜੋਰ ਸ਼ੋਰ ਨਾਲ ਤਿਆਰੀਆਂ
ਜਾਣਕਾਰੀ ਅਨੁਸਾਰ ਅੱਜ ਜਦੋਂ ਸ਼ੰਭੂ ਬਾਰਡਰ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਕਿਸਾਨਾਂ ਵੱਲੋਂ 21 ਫਰਵਰੀ ਦੇ ਦਿੱਲੀ ਕੂਚ ਲਈ ਜੋਰ ਸ਼ੋਰ ਨਾਲ ਤਿਆਰੀਆਂ ਖਿੱਚੀਆਂ ਹੋਈਆਂ ਸਨ। ਕਿਸਾਨਾਂ ਵੱਲੋਂ ਅੱਗੇ ਵੱਧਣ ਲਈ ਜੇਸੀਬੀ ਮਸ਼ੀਨਾਂ ਇਕੱਠੀਆਂ ਕੀਤੀਆਂ ਹੋਈਆਂ ਹਨ ਅਤੇ ਹਰਿਆਣਾ ਸਰਕਾਰ ਦੀਆਂ ਰੋਕਾਂ ਤੋੜਨ ਲਈ ਆਪਣੇ ਜੰਗਾੜ ਲਾਏ ਹੋਏ ਹਨ। Farmers Protest
ਜੇਕਰ 21 ਤਾਰੀਖ ਨੂੰ ਦੁਪਹਿਰ 11 ਵਜੇਂਤੋਂ ਪਹਿਲਾ ਕੇਂਦਰ ਸਰਕਾਰ ਵੱਲੋਂ ਕੋਈ ਵਿੱਚ ਵਿਚਾਲੇ ਦਾ ਰਸਤਾ ਨਾ ਕੱਢਿਆ ਗਿਆ ਤਾਂ ਇੱਥੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇੱਧਰ ਅੱਜ ਸ਼ੰਭੂ ਬਾਰਡਰ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੁੱਖ ਆਗੂ ਸਰਵਨ ਸਿੰਘ ਪੰਧੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਹੈ ਕਿ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਦੇਸ਼ ਦੇ ਸਭ ਤੋਂ ਤਾਕਤਵਰ ਪ੍ਰਧਾਨ ਮੰਤਰੀ ਹਨ।
ਇਹ ਵੀ ਪੜ੍ਹੋ: ਤਿੰਨ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਿਪਾਹੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਉਨਾਂ ਕਿਹਾ ਕਿ ਜੇਕਰ ਅਜਿਹਾ ਹੀ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 80 ਕਰੋੜ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਕਰਜ ਮਾਫ ਕਰਨ ਦਾ ਐਲਾਨ ਕਰਨ ਤੇ ਇਸ ਨਾਲ ਭਾਜਪਾ ਦੇ ਪ੍ਰਚਾਰ ਤੇ ਵੀ ਮੋਹਰ ਲੱਗ ਜਾਵੇਗੀ ਕਿ ਵਾਕਿਆ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਤਾਕਤਵਰ ਅਤੇ ਤਕੜੇ ਫੈਸਲੇ ਲੈਣ ਵਾਲੇ ਹਨ। Farmers Protest
ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੀਆਂ ਮੰਗਾਂ ਸਬੰਧੀ ਇੱਕ ਦਿਨਾਂ ਵਿਸ਼ੇਸ ਇਜ਼ਲਾਸ ਸੱਦ ਕੇ ਇਨ੍ਹਾਂ ਮੰਗਾਂ ਤੇ ਆਪਣੀ ਮੋਹਰ ਲਾਉਣ ਅਤੇ ਦੇਸ਼ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਇਨਾਂ ਮੰਗਾਂ ਦੇ ਹੱਕ ਵਿੱਚ ਆਪਣਾ ਫ਼ਤਵਾ ਦੇਣ। ਪੰਧੇਰ ਨੇ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੀਆਂ ਵਿਰੋਧੀ ਪਾਰਟੀਆਂ ਨੂੰ ਇਹ ਵੀ ਆਖਿਆ ਕਿ ਉਹ ਕਿਸਾਨਾਂ ਦੀਆਂ ਮੰਗਾਂ ਸਬੰਧੀ ਆਪਣੀ ਸਥਿਤੀ ਸਪੱਸਟ ਕਰਨ ਕਿ ਉਹ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਖੜ੍ਹੇ ਹਨ ਜਾ ਨਹੀਂ।
ਉਹਨਾਂ ਕਿਹਾ ਕਿ ਕੇਂਦਰੀ ਮੰਤਰੀਆਂ ਵੱਲੋਂ ਆਖਿਆ ਗਿਆ ਸੀ ਕਿ ਉਹ ਨਰੇਗਾ, ਕਰਜ਼ਾ ਮੁਕਤੀ, ਡਬਲਯੂਐਚਓ ਤੋਂ ਖੇਤੀਬਾੜੀ ਨੂੰ ਬਾਹਰ ਕਰਨਾ, ਕਿਸਾਨਾਂ ਦੀ ਪੈਨਸ਼ਨ ਆਦਿ ਬਾਰੇ ਕੇਂਦਰ ਸਰਕਾਰ ਨਾਲ ਚਰਚਾ ਕਰਨ ਤੋਂ ਬਾਅਦ ਆਪਣਾ ਫੈਸਲਾ ਦੱਸਣ ਲਈ ਸਮਾਂ ਮੰਗਿਆ ਸੀ। ਇਸ ਲਈ ਕਿਸਾਨ ਜਥੇਬੰਦੀਆਂ ਵੱਲੋਂ ਆਪਣਾ ਪ੍ਰਸਤਾਵ ਤੇ ਸਰਕਾਰ ਅਤੇ ਦੇਸ਼ ਨੂੰ ਆਪਣਾ ਫੈਸਲਾ ਸੁਣਾ ਦਿੱਤਾ ਹੈ ਅਤੇ ਹੁਣ ਸਰਕਾਰ ਦੀ ਵਾਰੀ ਹੈ ਕਿ ਉਹ ਆਪਣੀ ਸਥਿਤੀ ਸਪੱਸ਼ਟ ਕਰੇ ਕਿ ਉਹਨਾਂ ਨੂੰ ਕਿਹੜੀਆਂ ਮੰਗਾਂ ਮਨਜ਼ੂਰ ਹਨ ਤੇ ਕਿਹੜੀਆਂ ਨਾ ਮਨਜੂਰ।