ਐੱਸਕੇਐਮ ਨਾਲ ਮੀਟਿੰਗ ਲਈ ਚੰਡੀਗੜ੍ਹ ਪੁੱਜਣਗੇ ਸ਼ੰਭੂ ਬਾਰਡਰ ਦੇ ਆਗੂ | Shambhu Border
Shambhu Border: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸ਼ੰਭੂ ਬਾਰਡਰ ਤੇ ਕਿਸਾਨੀ ਮੰਗਾਂ ਸਬੰਧੀ ਚੱਲ ਰਿਹਾ ਸੰਘਰਸ 13 ਫਰਵਰੀ ਨੂੰ ਇੱਕ ਸਾਲ ’ਚ ਪੁੱਜ ਜਾਵੇਗਾ, ਜਿਸ ਸਬੰਧੀ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਪੁੱਜਣਾ ਸ਼ੁਰੂ ਹੋ ਗਿਆ ਹੈ। ਇੱਧਰ ਅੱਜ ਸ਼ੰਭੂ ਬਾਰਡਰ ’ਤੇ ਆਗੂਆਂ ਵੱਲੋਂ ਮੀਟਿੰਗ ਕਰਕੇ ਅਗਲੇ ਸਮਾਗਮਾਂ ਦੀ ਰੂਪ ਰੇਖਾ ਉਲੀਕੀ ਗਈ ਅਤੇ ਵੱਡੇ ਇਕੱਠ ਸਬੰਧੀ ਪ੍ਰਬੰਧਾਂ ਦੀ ਵਿਊਤਬੰਦੀ ਕੀਤੀ ਗਈ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 13 ਫਰਵਰੀ ਸਬੰਧੀ ਪੰਜਾਬ ਅਤੇ ਹਰਿਆਣਾ ਤੋਂ ਲੋਕਾਂ ਦਾ ਸ਼ੰਭੂ ਬਾਰਡਰ ’ਤੇ ਪਹੁੰਚਣਾ ਜਾਰੀ ਹੈ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੀਆਂ ਜਥੇਬੰਦੀਆਂ ਦੇ ਆਗੂਆਂ ਦੀ 3 ਘੰਟੇ ਤੱਕ ਮੀਟਿੰਗ ਹੋਈ, ਜਿਸ ਵਿੱਚ ਲੰਗਰਾਂ, ਪਾਰਕਿੰਗ, ਪਾਣੀ ਦੀ ਸੁਵਿਧਾ ਅਤੇ ਸਟੇਜ ਸੰਚਾਲਨ ਆਦਿ ਕੰਮਾਂ ਸਬੰਧੀ ਵਿਉਂਤਬੰਦੀ ਕੀਤੀ ਗਈ।
ਇਹ ਵੀ ਪੜ੍ਹੋ: Punjab CM: ਮੁੱਖ ਮੰਤਰੀ ਭਗਵੰਤ ਮਾਨ ਦੀ ਵਿਰੋਧੀ ਧਿਰ ਦੇ ਆਗੂ ’ਤੇ ਤਲ਼ਖ ਟਿੱਪਣੀ
ਉਨ੍ਹਾਂ ਜਾਣਕਾਰੀ ਦਿੱਤੀ ਕਿ 12 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸ਼ੰਭੂ ਮੋਰਚੇ ਦੀ ਸਟੇਜ ਤੋਂ ਮਨਾਇਆ ਜਾਵੇਗਾ। ਇਸ ਤੋਂ ਇਲਾਵਾ ਰੁਝੇਵਿਆਂ ਦੇ ਬਾਵਜ਼ੂਦ ਕੱਲ੍ਹ ਚੰਡੀਗੜ੍ਹ ਐਸਕੇਐਮ ਭਾਰਤ ਨਾਲ ਹੋਣ ਜਾ ਰਹੀ ਏਕਤਾ ਮੀਟਿੰਗ ਵਿੱਚ ਦਿੱਲੀ ਅੰਦੋਲਨ 2 ਵੱਲੋਂ ਵਫ਼ਦ ਸ਼ਾਮਿਲ ਹੋਵੇਗਾ ਅਤੇ ਆਸ ਹੈ ਕਿ ਕਿਸਾਨਾਂ-ਮਜ਼ਦੂਰਾਂ ਅਤੇ ਖੇਤੀ ਸੈਕਟਰ ਨੂੰ ਬਚਾਉਣ ਦੇ ਸੰਘਰਸ਼ ਵਿੱਚ ਸਾਰੀਆਂ ਜਥੇਬੰਦੀਆਂ ਇੱਕਜੁੱਟ ਹੋ ਕੇ ਯੋਗਦਾਨ ਪਾਉਣ ਲਈ ਹਾਮੀਂ ਭਰਨ ਭਰਨਗੀਆਂ। Shambhu Border
ਆਗੂਆਂ ਨੇ ਕਿਹਾ ਕਿ ਐਮਐਸਪੀ ਗਰੰਟੀ ਕਨੂੰਨ ਅਤੇ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੈਣ, ਕਿਸਾਨ ਮਜ਼ਦੂਰਾਂ ਦੀ ਕਰਜ਼ ਮੁਕਤੀ, ਮਨਰੇਗਾ ਤਹਿਤ ਸਾਲ ਵਿੱਚ 200 ਦਿਨ ਰੁਜ਼ਗਾਰ ਅਤੇ ਦਿਹਾੜੀ 700 ਕਰਨ, ਕਿਸਾਨ-ਮਜ਼ਦੂਰ ਲਈ ਪੈਨਸ਼ਨ ਸਕੀਮ, ਆਦਿਵਾਸੀਆਂ ਲਈ ਸਵਿਧਾਨ ਦੀ ਪੰਜਵੀਂ ਸੂਚੀ ਲਾਗੂ ਕਰਨ ਸਮੇਤ ਸਾਰੀਆਂ ਮੰਗਾਂ ਦੇ ਹੱਲ ਕਰਨ ਤੱਕ ਇਹ ਮੋਰਚਾ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਜਸਵਿੰਦਰ ਸਿੰਘ ਲੌਂਗੋਵਾਲ, ਬਲਕਾਰ ਸਿੰਘ ਬੈਂਸ, ਹਰਜੀਤ ਸਿੰਘ ਮਾਂਗਟ, ਤੇਜਬੀਰ ਸਿੰਘ (ਹਰਿਆਣਾ), ਨੰਦ ਕੁਮਾਰ (ਤਾਮਿਲਨਾਡੂ) ਹਰਪ੍ਰੀਤ ਸਿੰਘ ਬਹਿਰਾਮਕੇ, ਜੰਗ ਸਿੰਘ ਭਟੇੜੀ, ਜਰਮਨਜੀਤ ਸਿੰਘ ਬੰਡਾਲਾ, ਬਾਜ਼ ਸਿੰਘ ਸਾਰੰਗੜਾ, ਕੰਧਾਰ ਸਿੰਘ ਭੋਏਵਾਲ, ਸੁਖਦੇਵ ਸਿੰਘ ਚਾਟੀਵਿੰਡ ਅਤੇ ਕੰਵਰਦਲੀਪ ਸੈਦੋਲੇਹਲ ਆਦਿ ਆਗੂ ਹਾਜ਼ਰ ਸਨ। Shambhu Border