ਕਿਸਾਨੀ ਏਕੇ ਨੇ ਰੁਕਵਾਈ ਜ਼ਮੀਨ ਦੀ ਨਿਲਾਮੀ

ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ‘ਚ ਕਿਸਾਨਾਂ ਨੇ ਪਿੰਡ ਬਰਸਟ ‘ਚ ਲਾਇਆ ਧਰਨਾ

ਖੁਸ਼ਵੀਰ ਸਿੰਘ ਤੂਰ, ਪਟਿਆਲਾ, 22 ਜੂਨ: ਨਜ਼ਦੀਕੀ ਪਿੰਡ ਬਰਸਟ ਦੇ ਇੱਕ ਕਰਜ਼ਈ ਕਿਸਾਨ ਦੀ ਜ਼ਮੀਨ ਦੀ ਨਿਲਾਮੀ ਸਬੰਧੀ ਆਏ ਹੁਕਮਾਂ ਤਹਿਤ ਕਾਰਵਾਈ ਕਰਨ ਲਈ ਅੱਜ ਕੋਈ ਵੀ ਅਧਿਕਾਰੀ ਨਹੀਂ ਪੁੱਜਿਆ। ਅਦਾਲਤ ਵੱਲੋਂ ਕਰਜ਼ਈ ਕਿਸਾਨ ਦੀ ਜ਼ਮੀਨ ਦੀ ਨਿਲਾਮੀ ਸਬੰਧੀ ਅੱਜ ਦੂਜੀ ਵਾਰ ਹੁਕਮ ਜਾਰੀ ਕੀਤੇ ਗਏ ਸਨ। ਇਨ੍ਹਾਂ ਹੁਕਮਾਂ ਖਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਸਵੇਰ ਤੋਂ ਹੀ ਪਿੰਡ ਵਿੱਚ ਡੇਰੇ ਜਮਾ ਲਏ ਗਏ ਇਸ ਦੌਰਾਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਸਾਨ ਆਗੂਆਂ ਦੋਸ਼ ਲਾਇਆ ਕਿ ਇੱਕ ਪਾਸੇ ਸਰਕਾਰਾਂ ਕੁਰਕੀ ਨਾ ਹੋਣ ਦੇ ਬਿਆਨ ਜਾਰੀ ਕਰ ਰਹੀਆਂ ਹਨ, ਪਰ ਦੂਜੇ ਪਾਸੇ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਨਿਲਾਮੀਆਂ ਦੇ ਹੁਕਮ ਆ ਰਹੇ ਹਨ।

ਹੋਇਆ ਵੱਡਾ ਇਕੱਠ

ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਂਲੋਂ ਪਟਿਆਲਾ ਨੇੜਲੇ ਪਿੰਡ ਬਰਸਟ ਵਿਖੇ ਵੱਡਾ ਇਕੱਠ ਕੀਤਾ ਹੋਇਆ ਸੀ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਦੱਸਿਆ ਕਿ ਪਿੰਡ ਦੇ ਹੀ ਛੋਟੇ ਕਿਸਾਨ ਕਲਵੰਤ ਸਿੰਘ ਵੱਲੋਂ ਕੁਝ ਸਮਾਂ ਪਹਿਲਾ ਪਿੰਡ ਦੇ ਹੀ ਇੱਕ ਵਿਅਕਤੀ ਕਿਰਪਾਲ ਸਿੰਘ ਤੋਂ ਇੱਕ ਲੱਖ ਚਾਲੀ ਹਜ਼ਾਰ ਰੁਪਏ ਦੋ ਕਿਸ਼ਤਾਂ ਵਿੱਚ ਲਏ ਸਨ। ਪ੍ਰੰਤੂ ਥੋੜੇ ਹੀ ਸਮੇਂ ਵਿੱਚ ਉਸ ਦਾ ਵਿਆਜ ਸਮੇਤ ਇੱਕ ਲੱਖ ਇਕਾਸੀ ਹਜ਼ਾਰ ਵਾਪਿਸ ਵੀ ਕਰ ਦਿੱਤਾ। ਪ੍ਰੰਤੂ ਸੂਦ ਖੋਰ ਕਿਰਪਾਲ ਸਿੰਘ ਨੇ ਕਲਵੰਤ ਸਿੰਘ ਤੋਂ ਜੋਂ ਖਾਲੀ ਪ੍ਰਨੋਟਾਂ ‘ਤੇ ਦਸਤਖਤ (ਅੰਗੂਠੇ) ਲਗਵਾਏ ਸਨ ਤੇ ਉਹ ਉਨ੍ਹਾਂ ਕਾਗਜਾਂ ਨੂੰ ਵਾਪਿਸ ਦੇਣ ਤੋਂ ਲਾਰੇ ਲੱਪੇ ਲਾਉਂਦਾ ਰਿਹਾ।

ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ

ਉਨ੍ਹਾਂ ਦੱਸਿਆ ਕਿ ਕਲਵੰਤ ਸਿੰਘ ਦੀ ਜ਼ਮੀਨ ਉਸ ਦੇ ਨਾਲ ਲੱਗਦੀ ਸੀ ਜਿਸ ਕਾਰਨ ਉਸਦੀ ਮੰਸ਼ਾ ਜ਼ਮੀਨ ਹੜੱਪਣ ਦੀ ਸੀ। ਉਨ੍ਹਾਂ ਅੰਗੂਠੇ ਲੱਗੇ ਦਸਤਖਤਾਂ ਵਾਲੇ ਕਾਗਜਾਂ ਦਾ ਗਲਤ ਇਸਤੇਮਾਲ ਕਰਕੇ ਅਦਾਲਤ ਤੋਂ ਕਲਵੰਤ ਸਿੰਘ ਦੀ ਜ਼ਮੀਨ ਦੀ ਅੱਜ ਦੇ ਨਿਲਾਮੀ ਦੇ ਹੁਕਮ ਲੈ ਆਇਆ ਜਿਸ ਦਾ ਵਿਰੋਧ ਕਰਨ ਲਈ ਪਿੰਡ ਦੀਆਂ ਔਰਤਾਂ-ਮਰਦ ਸਮੇਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਮੈਂਬਰ ਕਲਵੰਤ ਸਿੰਘ ਦੀ ਜ਼ਮੀਨ ਦੀ ਨਿਲਾਮੀ ਰੁਕਵਾਉਣ ਲਈ ਇਕੱਠੇ ਹੋ ਗਏ। ਇਸ ਮੌਕੇ ਇਨਕਲਾਬੀ ਲੋਕ ਮੋਰਚੇ ਦੇ ਮੈਂਬਰ ਰਣਜੀਤ ਸਿੰਘ ਸਵਾਜਪੁਰ, ਸੂਬੇ ਦੇ ਜਰਨਲ ਸਕੱਤਰ ਸਤਵੰਤ ਸਿੰਘ ਵਜੀਦਪੁਰ, ਬਹਾਦਰ ਸਿੰਘ ਚੋਹਠ ਅਤੇ ਭਾ. ਕਿ. ਯੂ. ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਭਜਨ ਸਿੰਘ ਬੁਟਰ, ਕਰਨੈਲ ਸਿੰਘ ਲੰਗ, ਜ਼ਿਲ੍ਹਾ ਪ੍ਰਧਾਨ ਜੰਗ ਸਿੰਘ ਭਡੇੜੀ,  ਸੁੱਚਾ ਸਿੰਘ ਆਦਿ ਦੀ ਅਗਵਾਈ ‘ਚ ਕਿਸਾਨਾਂ ਨੇ ਪਿੰਡ ਵਿੱਚ ਧਰਨਾ ਠੋਕਕੇ ਨਿਲਾਮੀ ਦਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ।

ਇਸ ਮੌਕੇ ਕਿਸਾਨ ਆਗੂ ਅਵਤਾਰ ਸਿੰਘ ਕੋਰਜੀਵਾਲਾ ਨੇ ਕਿਹਾ ਕਿ ਛੋਟੀ ਕਿਸਾਨੀ ਦੀ ਜੋ ਪਿਛਲੇ ਲੰਮੇ ਸਮੇਂ ਤੋਂ ਦੁਰਦਸ਼ਾਂ ਹੋਈ ਹੈ ਉਸ ਕਾਰਨ ਹੀ ਖੁਦਕੁਸ਼ੀਆਂ ਦੀ ਗਿਣਤੀ ਵਧੀ ਹੈ।  ਇਸ ਲਈ ਕੁਰਕੀਆਂ ਸਬੰਧੀ ਬਣੀ ਧਾਰਾ 63 ਸੀ ਨੂੰ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਰੱਦ ਕਰਨਾ  ਚਾਹੀਦਾ ਹੈ।

ਇਸ ਸਬੰਧੀ ਨਾਇਬ ਤਹਿਸੀਲਦਾਰ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਧਰਨੇ ਦੀ ਸੂਚਨਾ ਮਿਲ ਗਈ ਸੀ ਇਸ ਲਈ ਅੱਜ ਦੀ ਕਾਰਵਾਈ ਮੌਕੇ ਦੀ ਨਿਜਾਕਤ ਨੂੰ ਦੇਖਦਿਆਂ ਮੁਲਤਵੀ ਕਰ ਦਿੱਤੀ ਗਈ ਹੈ

18 ਅਪ੍ਰੈਲ ਨੂੰ ਕਿਸਾਨਾਂ ਨੇ ਰੋਕੀ ਸੀ ਨਿਲਾਮੀ

ਜਾਣਕਾਰੀ ਅਨੁਸਾਰ ਕਿਸਾਨ ਕਲਵੰਤ ਸਿਘ ਦੀ ਨਿਲਾਮੀ ਸਬੰਧੀ 18 ਅਪਰੈਲ ਨੂੰ ਵੀ ਹੁਕਮ ਆਏ ਸਨ, ਪਰ ਉਸ ਦਿਨ ਵੀ ਕਿਸਾਨਾਂ ਵੱਲੋਂ ਉੱਥੇ ਧਰਨਾ ਠੋਕ ਦਿੱਤਾ ਗਿਆ ਸੀ। ਉਸ ਸਮੇਂ ਹਲਕੇ ਦਾ ਪਟਵਾਰੀ ਇਸ ਨਿਲਾਮੀ ਸਬੰਧੀ ਪਹੁੰਚਿਆ ਸੀ, ਪਰ ਕਿਸਾਨਾਂ ਨੇ ਉਸ ਨੂੰ ਫੜ੍ਹ ਕੇ ਆਪਣੇ ਧਰਨੇ ਵਿੱਚ ਹੀ ਬਿਠਾ ਲਿਆ ਸੀ। ਉਸ ਦਿਨ ਵੀ ਕਿਸਾਨਾਂ ਨੇ ਇਸ ਕਿਸਾਨ ਦੀ ਜ਼ਮੀਨ ਦੀ ਦੀ ਨਿਲਾਮੀ ਨਹੀਂ ਹੋਣ ਦਿੱਤੀ ਸੀ।