ਘੁੰਮਣ ਭਰਾਵਾਂ ਵੱਲੋਂ ਰਾਸ਼ਟਰਪਤੀ ਪੁਲਿਸ ਮੈਂਡਲ ਵਾਪਸ ਦਾ ਐਲਾਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕਿਸਾਨੀ ਅੰਦੋਲਨ ਦੇ ਹੱਕ ਵਿੱਚ ਖਿਡਾਰੀਆਂ, ਲੇਖਕਾਂ ਅਤੇ ਹੋਰ ਸਨਮਾਨਿਤ ਹਸਤੀਆਂ ਵੱਲੋਂ ਲਗਾਤਾਰ ਆਪਣੇ ਸਨਮਾਨ ਵਾਪਸ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਹੀ ਅੱਜ ਹਾਕੀ ਖਿਡਾਰਨ ਸੰਦੀਪ ਕੌਰ ਨੇ ਕਿਸਾਨੀ ਅੰਦੋਲਨ ਦੀ ਹਮਾਇਤ ਵਿੱਚ ਅੱਜ ਆਪਣਾ ਮੈਡਲ ਵਾਪਿਸ ਕਰਨ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਸੰਦੀਪ ਕੌਰ ਨੇ 1994 ਏਸ਼ੀਆ ਕੱਪ ਵਿੱਚ ਹਿੱਸਾ ਲਿਆ ਸੀ ਅਤੇ ਸਾਲ 1998 ਦੀਆਂ ਏਸ਼ੀਅਨ ਖੇਡਾਂ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਸੀ। ਉਸ ਨੇ 1998 ਵਿਸ਼ਵ ਕੱਪ ਦੌਰਾਨ ਭਾਰਤੀ ਹਾਕੀ ਟੀਮ ਦੀ ਕਪਤਾਨੀ ਵੀ ਕੀਤੀ ਸੀ।
ਉਸ ਨੇ 5 ਕੌਮਾਂਤਰੀ ਮੈਡਲ ਅਤੇ 20 ਰਾਸ਼ਟਰੀ ਮੈਡਲ ਹਾਸਲ ਕੀਤੇ ਹਨ। ਸੰਦੀਪ ਕੌਰ ਅੱਜ ਕੱਲ੍ਹ ਬਤੌਰ ਮੁੱਖ ਸੁਪਰਡੈਂਟ ਪਟਿਆਲਾ ਰੇਲਵੇ ਸਟੇਸ਼ਨ ‘ਤੇ ਤਾਇਨਾਤ ਹਨ। ਉਸ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੋਲਿਆ ਕਰ ਰਹੀ ਹੈ ਅਤੇ ਜਦਕਿ ਪੰਜਾਬ ਦੇ ਕਿਸਾਨ ਹੀ ਨਹੀਂ, ਹੁਣ ਤਾ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਕੜਾਕੇ ਦੀ ਠੰਡ ਵਿੱਚ ਡਟੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦਾ ਪਿਛੋਕੜ ਕਿਸਾਨੀ ਪਰਿਵਾਰ ਨਾਲ ਸਬੰਧਿਤ ਹੈ । ਉਨ੍ਹਾਂ ਮੋਦੀ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਉਹ ਜਲਦ ਹੀ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਵੇ।
ਇਸ ਤੋਂ ਇਲਾਵਾ ਪੰਜਾਬ ਪੁਲਿਸ ਵਿਚੋਂ ਏ.ਆਈ.ਜੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਘੁੰਮਣ ਭਰਾਵਾਂ ਨੇ ਪੁਲਿਸ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਹਾਸਲ ਕੀਤੇ ਵਕਾਰੀ ਰਾਸ਼ਟਰਪਤੀ ਮੈਡਲ ਵਾਪਸ ਕਰ ਦਿੱਤੇ ਹਨ। ਇਨ੍ਹਾਂ ਵਿਚੋਂ ਪ੍ਰਸਿੱਧ ਬਾਕਸਰ ਰਹੇ ਦਵਿੰਦਰ ਸਿੰਘ ਘੁੰਮਣ ਨੂੰ ਰਾਸ਼ਟਰਪਤੀ ਪੁਲਿਸ ਮੈਡਲ 2006 ਵਿੱਚ ਹਾਸਲ ਹੋਇਆ ਸੀ ਜਦਕਿ ਉਨ੍ਹਾਂ ਦੇ ਛੋਟੇ ਭਰਾ ਅਮਰਜੀਤ ਸਿੰਘ ਘੁੰਮਣ ਨੇ ਇਹ ਵਕਾਰੀ ਮੈਡਲ 2012 ਵਿੱਚ ਪ੍ਰਾਪਤ ਕੀਤਾ ਸੀ।
ਅੱਜ ਦੋਵਾਂ ਭਰਾਵਾਂ ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਇਹ ਰਾਸ਼ਟਰਪਤੀ ਪੁਲਿਸ ਮੈਡਲ ਵਾਪਸ ਕਰਦਿਆਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਹੈ ਅਤੇ ਜ਼ੋਰ ਦੇ ਕੇ ਆਖਿਆ ਹੈ ਕਿ ਕੇਂਦਰ ਸਰਕਾਰ ਇਹ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਲਏ ਜਾਣ। ਉਨ੍ਹਾਂ ਕਿਹਾ ਕਿਸ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਨੂੰ ਮੰਨਦਿਆ ਉਕਤ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ ਤਾ ਜੋਂ ਦੇਸ਼ ਦਾ ਅੰਨਦਾਤਾ ਇਨ੍ਹਾਂ ਠੰਡੀਆਂ ਰਾਤਾਂ ਵਿੱਚ ਸੰਘਰਸ ਦੀ ਥਾਂ ਆਪਣੇ ਘਰ ਖੁਸ਼ੀ-ਖੁਸ਼ੀ ਪਰਤੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.