ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਆਏ ਝੂਠ ਬੋਲਣ ਦੇ ਦੋਸ਼, 18 ਮੰਗਾਂ ਪੰਜਾਬ ਨਾਲ ਹੀ ਸਬੰਧਿਤ
Punjab Farmer News: (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੀ ਕਿਸਾਨ ਜਥੇਬੰਦੀਆਂ ਵੱਲੋਂ 26 ਮਾਰਚ ਨੂੰ ਬਜਟ ਵਾਲੇ ਦਿਨ ਪੰਜਾਬ ਵਿਧਾਨ ਸਭਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾਏਗੀ ਅਤੇ ਪੰਜਾਬ ਸਰਕਾਰ ਨੂੰ ਬਜਟ ਪੇਸ਼ ਕਰਨ ਤੋਂ ਰੋਕਿਆ ਵੀ ਜਾਏਗਾ ਤਾਂ ਕਿ ਕਿਸਾਨਾਂ ਦੇ ਪ੍ਰਤੀ ਦਿੱਤੇ ਜਾ ਰਹੇ ਵਿਵਾਦਿਤ ਬਿਆਨਾਂ ਦਾ ਸਪੱਸ਼ਟੀਕਰਨ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਤੋਂ ਹੀ ਲੈ ਲਿਆ ਜਾਵੇ। ਇਹ ਵੱਡਾ ਐਲਾਨ ਪੰਜਾਬ ਦੀ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਵਿਖੇ ਮੀਟਿੰਗ ਕਰਨ ਤੋਂ ਬਾਅਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Punjab Government: ਮਾਨ ਸਰਕਾਰ ਨੇ ਵਾਅਦੇ ਪੂਰੇ ਕਰਕੇ ਤਿੰਨ ਸਾਲਾਂ ’ਚ ਲੋਕਾਂ ਦਾ ਮਨ ਜਿੱਤਿਆ : ਬਰਿੰਦਰ ਕੁਮਾਰ ਗੋਇਲ…
ਚੰਡੀਗੜ੍ਹ ਵਿਖੇ ਸਾਂਝਾ ਕਿਸਾਨ ਮੋਰਚੇ ਦੇ ਕਿਸਾਨ ਆਗੂਆਂ ਵੱਲੋਂ ਮੀਟਿੰਗ ਕਰਨ ਤੋਂ ਬਾਅਦ ਡਾ. ਦਰਸ਼ਨ ਪਾਲ ਅਤੇ ਜੋਗਿੰਦਰ ਸਿੰਘ ਉਗਰਾਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਬੀਤੇ ਦੋ ਹਫ਼ਤੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕੀਤੀ ਗਈ ਸੀ ਪਰ ਉਹ ਖ਼ੁਦ ਹੀ ਮੀਟਿੰਗ ਛੱਡ ਕੇ ਭੱਜ ਗਏ ਸਨ ਤਾਂ ਹੁਣ ਭਗਵੰਤ ਮਾਨ ਝੂਠ ਬੋਲ ਰਹੇ ਹਨ ਕਿ ਕਿਸਾਨਾਂ ਦੀ 18 ਮੰਗਾਂ ਕੇਂਦਰ ਸਰਕਾਰ ਨਾਲ ਸਬੰਧਿਤ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਚੁਣੌਤੀ ਦਿੰਦੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਬਤ ਕਰਨ ਕਿ ਜਿਹੜੀਆਂ 18 ਮੰਗਾਂ ਲੈ ਕੇ ਕਿਸਾਨ ਆਗੂ ਆਏ ਸਨ, ਉਹ ਪੰਜਾਬ ਸਰਕਾਰ ਨਾਲ ਸੰਬੰਧਿਤ ਨਹੀਂ ਹਨ। ਉਨਾਂ ਕਿਹਾ ਕਿ ਜੇਕਰ ਭਗਵੰਤ ਮਾਨ ਸਾਬਤ ਕਰ ਦੇਣਗੇ ਤਾਂ ਕਿਸਾਨ ਆਗੂ ਖ਼ੁਦ ਅੱਗੇ ਆ ਕੇ ਮੁਆਫ਼ੀ ਮੰਗਣਗੇ ਪਰ ਮੁੱਖ ਮੰਤਰੀ ਨੂੰ ਕੁਝ ਵੀ ਬੋਲਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ।
ਉਨਾਂ ਅੱਗੇ ਕਿਹਾ ਕਿ ਅਸੀਂ ਅੱਜ ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਦਾ ਦਿੱਤਾ ਸੀ ਕਿ ਉਹ ਕਿਸਾਨ ਆਗੂਆਂ ਕੋਲ ਆ ਕੇ ਮੀਟਿੰਗ ਵਿੱਚ ਭਾਗ ਲੈਣ ਅਤੇ ਸਾਨੂੰ ਵੀ ਦੱਸਣ ਕਿ 18 ਵਿੱਚੋਂ ਕਿਹੜੀ ਮੰਗ ਪੰਜਾਬ ਨਾਲ ਸਬੰਧਿਤ ਨਹੀਂ ਹੈ, ਉਨਾਂ ਵੱਲੋਂ ਬਕਾਇਦਾ ਮੁੱਖ ਮੰਤਰੀ ਦੀ ਕੁਰਸੀ ਵੀ ਲਾਈ ਗਈ ਸੀ ਪਰ ਭਗਵੰਤ ਮਾਨ ਮੀਟਿੰਗ ਵਿੱਚ ਨਹੀਂ ਆਏ ਹਨ।
ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਕੱਠਾ ਹੋਣ ਦਾ ਸੱਦਾ | Punjab Farmer News
ਉਨਾਂ ਕਿਹਾ ਕਿ 26 ਮਾਰਚ ਨੂੰ ਚੰਡੀਗੜ੍ਹ ਦੇ ਸੈਕਟਰ 38 ਵਿਖੇ ਇਕੱਠ ਕੀਤਾ ਜਾਏਗਾ ਅਤੇ ਇਥੋਂ ਹੀ ਪੰਜਾਬ ਵਿਧਾਨ ਸਭਾ ਵੱਲ ਨੂੰ ਕੂਚ ਕੀਤਾ ਜਾਏਗਾ। ਉਨਾਂ ਕਿਹਾ ਕਿ ਜੇਕਰ ਪਿਛਲੀ ਵਾਰ ਵਾਂਗ ਸਾਨੂੰ ਫਿਰ ਤੋਂ ਹਿਰਾਸਤ ਵਿੱਚ ਲੈ ਕੇ ਚੰਡੀਗੜ੍ਹ ਆਉਣ ਤੋਂ ਰੋਕਿਆ ਗਿਆ ਤਾਂ ਸਾਡੇ ਵੱਲੋਂ ਵੱਡੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਏਗਾ। ਇਸ ਵੱਡੇ ਸੰਘਰਸ਼ ਨੂੰ ਲੈ ਕੇ ਮੌਕੇ ‘ਤੇ ਹੀ ਫੈਸਲਾ ਕਰਨ ਲਈ 9 ਕਿਸਾਨ ਆਗੂਆਂ ਦੀ ਕਮੇਟੀ ਵੀ ਬਣਾ ਦਿੱਤੀ ਗਈ ਹੈ। ਉਨਾਂ ਅੱਗੇ ਕਿਹਾ ਕਿ 23 ਮਾਰਚ ਨੂੰ ਪੰਜਾਬ ਭਰ ਵਿੱਚ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਜਾਏਗਾ ਅਤੇ 4 ਮਈ ਨੂੰ ਜਲੰਧਰ ਵਿਖੇ ਦੇਸ਼ ਭਗਤ ਹਾਲ ਵਿੱਚ ਸਾਰੀ ਕਿਸਾਨ ਜਥੇਬੰਦੀਆਂ ਨੂੰ ਇਕੱਠਾ ਹੋਣ ਦਾ ਸੱਦਾ ਦਿੱਤਾ ਗਿਆ ਹੈ ਤਾਂ ਕਿ ਉਸ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾ ਸਕੇ। Punjab Farmer News