ਕਿਸਾਨ ਆਗੂ Jagjit Dallewal ਰਿਹਾਅ, ਪੁਲਿਸ ਨੇ ਰੱਖਿਆ ਸੀ ਹਸਪਤਾਲ ’ਚ
(ਸੁਖਜੀਤ ਮਾਨ) ਬਠਿੰਡਾ। ਪੰਜਾਬ-ਹਰਿਆਣਾ ਦੀ ਹੱਦ ਖਨੌਰੀ ਬਾਰਡਰ ’ਤੇ ਲੱਗੇ ਕਿਸਾਨੀ ਮੋਰਚੇ ’ਚੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਚੁੱਕਣ ਤੋਂ ਖਫ਼ਾ ਕਿਸਾਨ ਜਥੇਬੰਦੀਆਂ ਨੇ ਡੱਲੇਵਾਲ ਨੂੰ ਰਿਹਾਅ ਕਰਵਾ ਲਿਆ ਹੈ। ਡੱਲੇਵਾਲ ਵੱਲੋਂ ਮਰਨ ਵਰਤ ਲਗਾਤਾਰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀਆਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਨੂੰ ਇਹੋ ਦਲੀਲ ਦਿੱਤੀ ਜਾ ਰਹੀ ਸੀ ਕਿ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਨਾਲ ਸਬੰਧਿਤ ਹਨ ਤੇ ਕਿਸਾਨ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਕਰਕੇ ਹੀ ਘਰੋਂ ਨਿੱਕਲੇ ਸੀ ਪਰ ਪੰਜਾਬ ਪੁਲਿਸ ਨੇ ਡੱਲੇਵਾਲ ਨੂੰ ਕਿਉਂ ਗ੍ਰਿਫ਼ਤਾਰ ਕੀਤਾ ਹੈ, ਇਸਦਾ ਜਵਾਬ ਦਿੱਤਾ ਜਾਵੇ ਅਤੇ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। Jagjit Dallewal
ਕਿਸਾਨਾਂ ਦੇ ਲਗਾਤਾਰ ਵਧਦੇ ਰੋਹ ਨੂੰ ਦੇਖਦਿਆਂ ਅੱਜ ਦੇਰ ਸ਼ਾਮ ਸੀਨੀਅਰ ਪੁਲਿਸ ਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਖਨੌਰੀ ਬਾਰਡਰ ’ਤੇ ਹੋਈ ਮੀਟਿੰਗ ’ਚ ਅਫਸਰ ਇਸ ਗੱਲ ਲਈ ਰਾਜ਼ੀ ਹੋ ਗਏ ਕਿ ਡੱਲੇਵਾਲ ਨੂੰ ਰਿਹਾਅ ਕਰ ਦਿੱਤਾ ਜਾਵੇਗਾ, ਜਿਸ ਮਗਰੋਂ ਦੇਰ ਰਾਤ ਡੱਲੇਵਾਲ ਨੂੰ ਹਸਪਤਾਲ ’ਚੋਂ ਛੁੱਟੀ ਕਰਵਾ ਕੇ ਪੁਲਿਸ ਨੇ ਰਿਹਾਅ ਕਰ ਦਿੱਤਾ ਹਸਪਤਾਲ ਦੇ ਬਾਹਰ ਕਿਸਾਨ ਆਗੂਆਂ ਵੱਲੋਂ ਡੱਲੇਵਾਲ ਦਾ ਸੁਆਗਤ ਕੀਤਾ ਗਿਆ, ਜਿੱਥੋਂ ਉਹ ਸਿੱਧੇ ਖਨੌਰੀ ਬਾਰਡਰ ਮੋਰਚੇ ’ਚ ਪੁੱਜਣਗੇ।
ਡੀਐੱਮਸੀ ’ਚੋਂ ਬਾਹਰ ਪੁੱਜਦਿਆਂ ਹੀ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਦਾ ਮਰਨ ਵਰਤ ਉਸੇ ਦਿਨ ਤੋਂ ਜਾਰੀ ਹੈ ਤੇ ਜਾਰੀ ਰਹੇਗਾ ਉਨ੍ਹਾਂ ਕਿਹਾ ਕਿ ਹਸਪਤਾਲ ’ਚ ਡਾਕਟਰਾਂ ਵੱਲੋਂ ਉਨ੍ਹਾਂ ਦੇ ਸੈਂਪਲ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਕਿਸੇ ਤਰ੍ਹਾਂ ਦਾ ਕੋਈ ਸੈਂਪਲ ਨਹੀਂ ਦਿੱਤਾ ਉਹ ਭਵਿੱਖ ਬਚਾਉਣ ਦੀ ਲੜਾਈ ਲੜ ਰਹੇ ਹਨ ਅਤੇ ਲੜਦੇ ਰਹਿਣਗੇ।
ਇਹ ਵੀ ਪੜ੍ਹੋ: Airport Project Punjab: ਸਾਂਸਦ ਸੰਜੀਵ ਅਰੋੜਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
ਕਿਸਾਨ ਆਗੂ ਨੇ ਦੱਸਿਆ ਕਿ ਹਸਪਤਾਲ ’ਚ ਉਨ੍ਹਾਂ ਨੇ ਕੋਈ ਦਵਾਈ ਆਦਿ ਵੀ ਨਹੀਂ ਲਈ ਅਤੇ ਨਾ ਹੀ ਕੋਈ ਬਲੱਡ ਪ੍ਰੈਸ਼ਰ ਆਦਿ ਚੈੱਕ ਕਰਵਾਇਆ ਗਿਆ ਤੇ ਨਾ ਹੀ ਉਨ੍ਹਾਂ ਕਰਵਾਉਣਾ ਸੀ ਉਨ੍ਹਾਂ ਕਿਹਾ ਕਿ ਹਸਪਤਾਲ ’ਚ ਵਾਰ-ਵਾਰ ਇਹੋ ਕਿਹਾ ਜਾਂਦਾ ਰਿਹਾ ਕਿ ਮਰਨ ਵਰਤ ਖਤਮ ਕਰ ਦਿਓ ਪਰ ਉਨ੍ਹਾਂ ਨੇ ਭਵਿੱਖ ਦੀ ਲੜਾਈ ਲੜਨ ਦੀ ਗੱਲ ਕਹਿ ਕੇ ਮਰਨ ਵਰਤ ਕਿਸੇ ਵੀ ਹਾਲਤ ’ਚ ਖਤਮ ਨਾ ਕਰਨ ਦੀ ਗੱਲ ਕਹੀ ਉਨ੍ਹਾਂ ਦਾ ਮਰਨ ਵਰਤ ਮੰਗਾਂ ਮੰਨਵਾਉਣ ਤੱਕ ਜਾਰੀ ਰਹੇਗਾ ਡੱਲੇਵਾਲ ਨੇ ਖੁਲਾਸਾ ਕੀਤਾ ਕਿ ਹਸਪਤਾਲ ’ਚ ਇਕੱਲਾ ਉਨ੍ਹਾਂ ਦਾ ਮੋਬਾਇਲ ਹੀ ਨਹੀਂ, ਸਗੋਂ ਹੋਰ ਮਰੀਜ਼ਾਂ ਦੇ ਵਾਰਿਸਾਂ ਦੇ ਮੋਬਾਇਲ ਵੀ ਜ਼ਬਤ ਕਰ ਲਏ ਸਨ ਪੰਜਾਬ ਸਰਕਾਰ ਬਾਰੇ ਟਿੱਪਣੀ ਕਰਦਿਆਂ ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਦੇ ਸੰਘਰਸ਼ ’ਚੋਂ ਉਨ੍ਹਾਂ ਨੂੰ ਹਿਰਾਸਤ ’ਚ ਲੈ ਕੇ ਸਰਕਾਰ ਨੇ ਕੇਂਦਰ ਨਾਲ ਭਾਈਵਾਲੀ ਨਿਭਾਈ ਹੈ।
ਦੱਸਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਮੋਰਚੇ ’ਚ 26 ਨਵੰਬਰ ਨੂੰ ਮਰਨ ਵਰਤ ਸ਼ੁਰੂ ਕਰਨਾ ਸੀ ਪੁਲਿਸ ਨੇ 25-26 ਦੀ ਰਾਤ ਨੂੰ ਹੀ ਖਨੌਰੀ ਬਾਰਡ ਤੋਂ ਡੱਲੇਵਾਲ ਨੂੰ ਹਿਰਾਸਤ ’ਚ ਲੈ ਕੇ ਡੀਐੱਮਸੀ ਲੁਧਿਆਣਾ ਦਾਖਲ ਕਰਵਾ ਦਿੱਤਾ ਸੀ ਖਨੌਰੀ ਮੋਰਚੇ ’ਚ ਸ਼ਾਮਲ ਕਿਸਾਨ ਆਗੂਆਂ ਨੇ ਦੱਸਿਆ ਕਿ ਡੱਲੇਵਾਲ ਦੀ ਸਿਹਤ ਬਿਲਕੁਲ ਠੀਕ ਸੀ, ਜਿਸ ਤਰ੍ਹਾਂ ਉਹ ਕਿਸਾਨੀ ਧਰਨਿਆਂ ’ਚ ਆਵਾਜ਼ ਬੁਲੰਦ ਕਰਦੇ ਸਨ ਉਸੇ ਤਰ੍ਹਾਂ ਬੋਲ ਰਹੇ ਸਨ ਪਰ ਸਰਕਾਰ ਨੇ ਸੰਘਰਸ਼ ਨੂੰ ਤਾਰਪੀਡੋ ਕਰਨ ਦੇ ਇਰਾਦੇ ਨਾਲ ਉਨ੍ਹਾਂ ਨੂੰ ਹਿਰਾਸਤ ’ਚ ਲੈ ਕੇ ਡੀਐੱਮਸੀ ਦਾਖਲ ਕਰਵਾ ਦਿੱਤਾ ਸੀ
ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਬਾਰੇ ਫੈਸਲੇ ’ਤੇ ਹੋਵੇਗੀ ਮੀਟਿੰਗ : ਪੰਧੇਰ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਰਿਹਾਈ ਕਰਵਾਉਣ ਸਬੰਧੀ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਸੀ ਜਦੋਂ ਸਰਕਾਰ ਨੂੰ ਪਤਾ ਲੱਗਿਆ ਕਿ ਹੁਣ ਰੋਹ ਵਧਣ ਲੱਗਿਆ ਹੈ ਤਾਂ ਅੱਜ ਖਨੌਰੀ ਬਾਰਡਰ ’ਤੇ ਹੋਈ ਮੀਟਿੰਗ ’ਚ ਰਿਹਾਅ ਦਾ ਐਲਾਨ ਕੀਤਾ ਗਿਆ ਸੀ ਉਨ੍ਹਾਂ ਕਿਹਾ ਕਿ ਡੱਲੇਵਾਲ ਨੂੰ ਹਸਪਤਾਲ ’ਚ ਬੰਦੀ ਬਣਾ ਕੇ ਰੱਖਿਆ ਸੀ ਪਰ ਸੰਘਰਸ਼ ਸਦਕਾ ਕਿਸਾਨਾਂ ਦੀ ਜਿੱਤ ਹੋਈ ਹੈ ਤੇ ਉਨ੍ਹਾਂ ਨੂੰ ਰਿਹਾਅ ਕਰਵਾ ਲਿਆ ਗਿਆ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਤੇ ਅਗਲੇ ਹੋਰ ਪ੍ਰੋਗਰਾਮਾਂ ਬਾਰੇ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਖਨੌਰੀ ਬਾਰਡਰ ’ਤੇ ਮੀਟਿੰਗ ਕਰਕੇ ਐਲਾਨ ਕੀਤਾ ਜਾਵੇਗਾ