ਬੀਮਾਰੀ ਕਾਰਨ ਦਿੱਲੀ ਸੰਘਰਸ਼ ਤੋਂ ਪਰਤੇ ਕਿਸਾਨ ਚਾਨਣ ਸਿੰਘ ਦਾ ਹੋਇਆ ਦੇਹਾਂਤ

ਚਾਨਣ ਸਿੰਘ ਦੀ ਕੁਰਬਾਨ ਵਿਅਰਥ ਨਹੀਂ ਜਾਵੇਗੀ : ਸਿੰਘੇਵਾਲਾ

ਲੰਬੀ/ਮੰਡੀ ਕਿੱਲਿਆਂਵਾਲੀ, (ਮੇਵਾ ਸਿੰਘ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਪਿੰਡ ਕੱਖਾਂਵਾਲੀ ਦੇ ਕਿਸਾਨ ਚਾਨਣ ਸਿੰਘ (56) ਪੁੱਤਰ ਸਰਵਨ ਸਿੰਘ ਜੋ ਕੜਕਦੀ ਠੰਢ ਵਿਚ ਜਥੇਬੰਦੀ ਵੱਲੋਂ ਰਾਜਧਾਨੀ ਦਿੱਲੀ ਦੀਆਂ ਹੱਦਾਂ ’ਤੇ ਚਲਾਏ ਜਾ ਰੋਸ ਮੋਰਚੇ ਵਿਚ ਡੱਟਕੇ ਹਿਸਾ ਲੈ ਰਹੇ ਸਨ, ਪਰੰਤੂ ਕੁਝ ਬੀਮਾਰ ਹੋਣ ਕਾਰਨ ਬੀਤੀ ਕੱਲ ਉਨ੍ਹਾਂ ਨੂੰ ਪਿੰਡ ਕੱਖਾਂਵਾਲੀ ਵਾਪਿਸ ਆਉਣਾ ਪਿਆ। ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਬਲਾਕ ਪ੍ਰਧਾਨ ਗੁਰਪਾਸ ਸਿੰਘ ਸਿੰਘੇਵਾਲਾ, ਜ਼ਿਲ੍ਹਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਚੰਨੂੰ ਅਤੇ ਕਿਸਾਨ ਨਿਸ਼ਾਨ ਸਿੰਘ ਨੇ ਦੱਸਿਆ ਕਿ ਕਿਸਾਨ ਚਾਨਣ ਸਿੰਘ ਕੱਲ ਤੱਕ ਤਾਂ ਠੀਕ ਸਨ, ਪਰੰਤੂ ਉਹ ਅਚਾਨਕ ਹੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ।

ਬਲਾਕ ਪ੍ਰਧਾਨ ਨੇ ਕਿਹਾ ਜਿਥੇ ਚਾਨਣ ਸਿੰਘ ਦੇ ਜਾਣ ਨਾਲ ਪਰਿਵਾਰ ਨੂੰ ਨਾ ਪੁੂਰਾ ਹੋਣ ਵਾਲਾ ਘਾਟਾ ਪਿਆ ਉਥੇ ਜਥੇਬੰਦੀ ਨੂੰ ਵੀ ਚਾਨਣ ਸਿੰਘ ਵਰਗੇ ਅਣਥੱਕ ਤੇ ਜੁਝਾਰੂ ਕਿਸਾਨ ਜੋ ਜਥੇਬੰਦੀ ਵੱਲੋਂ ਬੀਤੇ ਸਮੇਂ ਦੌਰਾਨ ਕੀਤੇ ਵੱਖ ਵੱਖ ਘੋਲਾਂ ਦੌਰਾਨ ਵੱਧ ਚੜਕੇ ਹਿੱਸਾ ਲੈਂਦੇ ਰਹੇ, ਤੇ ਜਥੇਬੰਦੀ ਦੇ ਹਰ ਪ੍ਰੋਗਰਾਮ ਵਿਚ ਮੋਢੇ ਨਾਲ ਮੋਢਾ ਮਿਲਾਕੇ ਚੱਲਦੇ ਰਹੇ ਦੇ ਸਦੀਵੀ ਵਿਛੋੜੇ ਕਾਰਨ ਬਹੁਤ ਵੱਡਾ ਘਾਟਾ ਪਿਆ ਹੈ। ਬਲਾਕ ਪ੍ਰਧਾਨ ਸਿੰਘੇਵਾਲਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਥੇਬੰਦੀ ਦੇ ਕਾਫੀ ਸਾਰੇ ਕਿਸਾਨ ਸੰਘਰਸ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਹਨ।

ਉਨਾਂ ਮੋਦੀ ਸਰਕਾਰ ਦੀ ਸਖ਼ਤ ਲਫਜਾਂ ਵਿਚ ਨਿਖੇਧੀ ਕਰਦਿਆਂ ਕਿਹਾ ਅਜੇ ਤੱਕ ਪਤਾ ਨਹੀਂ ਕੇਂਦਰ ਦੀ ਮੋਦੀ ਹਕੂਮਤ ਹੋਰ ਕਿੰਨੇ ਕਿਸਾਨਾਂ ਦੀਆਂ ਕੁਰਬਾਨੀਆਂ ਲਵੇਗੀ। ਉਨਾਂ ਕਿਹਾ ਕੇਂਦਰ ਦੀ ਹੰਕਾਰੀ ਸਰਕਾਰ ਜਿੰਨੀਆਂ ਮਰਜੀ ਲੂੰਬੜ ਚਾਲਾਂ ਚੱਲ ਲਵੇਂ, ਪਰ ਕਿਸਾਨ ਜਥੇਬੰਦੀਆਂ ਨੂੰ ਉਨ੍ਹਾਂ ਦੇ ਨਿਸ਼ਾਨੇ ’ਤੇ ਪਹੁੰਚਣ ਤੋਂ ਰੋਕ ਨਹੀਂ ਸਕਦੀ। ਕਿਸਾਨ ਜਥੇਬੰਦੀਆਂ ਹੁਣ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਕੇ ਵੀ ਘਰਾਂ ਨੂੰ ਵਾਪਿਸ ਆਉਣਗੀਆਂ। ਇਸ ਵਕਤ ਕਿਸਾਨ ਆਗੂਆਂ ਭੁਪਿੰਦਰ ਸਿੰਘ ਸੀਨੀ: ਮੀਤ ਪ੍ਰਧਾਨ, ਗੁਰਪਾਸ ਸਿੰਘ ਸਿੰਘੇਵਾਲਾ ਬਲਾਕ ਪ੍ਰਧਾਨ ਤੇ ਨਿਸ਼ਾਨ ਸਿੰਘ ਕਿਸਾਨ ਆਗੂ ਨੇ ਕਿਸਾਨ ਚਾਨਣ ਸਿੰਘ ਦੀ ਮੌਤ ਪਰਿਵਾਰ ਨਾਲ ਡੂੰਘਾ ਦੁੱਖ ਵੰਡਾਇਆ ਤੇ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.