ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ ਫਰੀਦਕੋਟ ਵਾਸੀ – ਜਲ ਜੀਵਨ ਬਚਾਓ ਮੋਰਚਾ
Faridkot Water Crisis: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫ਼ਰੀਦਕੋਟ ਸ਼ਹਿਰ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਬਹੁਤ ਹੀ ਗੰਦਾ ਅਤੇ ਬਦਬੂਦਾਰ ਪਾਣੀ ਫਰੀਦਕੋਟ ਦੇ ਲੋਕਾਂ ਨੂੰ ਪੀਣ ਲਈ ਮੁਹੱਈਆ ਕਰਵਾਇਆ ਜਾ ਰਿਹਾ ਹੈ। ਫਰੀਦਕੋਟ ਦੇ ਲੋਕ ਪਿਛਲੇ ਇੱਕ ਮਹੀਨੇ ਤੋਂ ਪੀਣ ਵਾਲੇ ਪਾਣੀ ਦੀ ਵੱਡੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ। ਇਸ ਸਬੰਧ ਵਿੱਚ ਜਲ ਜੀਵਨ ਬਚਾਓ ਮੋਰਚਾ ਵੱਲੋਂ 21 ਅਪ੍ਰੈਲ ਨੂੰ ਸੰਬੰਧਿਤ ਮਹਿਕਮੇ ਨਾਲ ਮੀਟਿੰਗ ਕਰਕੇ ਕੁਝ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਅਤੇ ਕੁਝ ਸਮੱਸਿਆਵਾਂ ਜੋ ਜਲ ਸਪਲਾਈ ਵਿਭਾਗ ਤੋਂ ਹੱਲ ਨਹੀਂ ਹੋ ਸਕਦੀਆਂ ਸਨ ਉਸ ਨੂੰ ਲੈ ਕੇ 22 ਅਪ੍ਰੈਲ 2025 ਨੂੰ ਜਲ ਜੀਵਨ ਬਚਾਓ ਮੋਰਚਾ ਦੇ ਝੰਡੇ ਹੇਠ ਸ਼ਹਿਰ ਦੇ ਐਮਸੀ ਸਾਹਿਬਾਨ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ, ਨਗਰ ਸੁਧਾਰ ਕਮੇਟੀ ਦੇ ਮੈਂਬਰ ਅਤੇ ਸ਼ਹਿਰ ਦੇ ਸੁਹਿਰਦ ਸਾਥੀ ਇਕੱਠੇ ਹੋਏ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਂਦੇ ਹੋਏ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਦਫ਼ਤਰ ਤੋਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਗਿਆ।
ਇਹ ਵੀ ਪੜ੍ਹੋ: Faridkot News: ਮੀਂਹ ਤੇ ਗੜੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਲਈ ਫਰੀਦਕੋਟ ਡੀਸੀ ਨੂੰ ਦਿੱਤਾ ਮੰਗ ਪੱਤਰ
ਉੱਥੇ ਐਸਡੀਐਮ ਫ਼ਰੀਦਕੋਟ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਮੌਕੇ ’ਤੇ ਸੰਬੰਧਿਤ ਮਹਿਕਮੇ ਦੇ ਐਕਸਈਐਨ ਵੀ ਹਾਜ਼ਰ ਹੋਏ। ਮਹਿਕਮੇ ਵੱਲੋਂ ਸ਼ਹਿਰ ਵਾਸੀਆਂ ਨੂੰ ਇਹ ਭਰੋਸਾ ਦਿੱਤਾ ਗਿਆ ਕਿ 10 ਦਿਨ ਦੇ ਵਿੱਚ ਰਾਜਾ ਮਾਈਨਰ ਦਾ ਪਾਣੀ ਫਰੀਦਕੋਟ ਵਾਸੀਆਂ ਲਈ ਮੁਹੱਈਆ ਕਰਾਇਆ ਜਾਏਗਾ। ਇੱਕ ਨਿਗਰਾਨ ਕਮੇਟੀ ਬਣਾਉਣ ਦੀ ਵੀ ਸਹਿਮਤੀ ਬਣੀ। ਹਰ ਮਹੀਨੇ ਸਪਲਾਈ ਕੀਤੇ ਜਾਣ ਵਾਲੇ ਪਾਣੀ ਦਾ ਟੈਸਟ ਵੀ ਕਰਵਾਇਆ ਜਾਇਆ ਕਰੇਗਾ। ਸ਼ਹਿਰ ਵਾਸੀ ਇਸ ਗੱਲ ਤੋਂ ਆਸਵੰਦ ਕਿ 10 ਦਿਨ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਸਾਨੂੰ ਰਾਜਾ ਮਾਈਨਰ ਦਾ ਪਾਣੀ ਮੁਹੱਈਆ ਕਰਵਾਏਗਾ ਦੇ ਭਰੋਸੇ ’ਤੇ ਵਾਪਿਸ ਆਏ। ਜੇਕਰ ਦਸ ਦਿਨ ਬਾਅਦ ਵੀ ਸੰਬੰਧਿਤ ਮਹਿਕਮਾ ਸਾਫ ਪੀਣ ਯੋਗ ਪਾਣੀ ਫਰੀਦਕੋਟ ਵਾਸੀਆਂ ਨੂੰ ਉਪਲੱਬਧ ਨਹੀਂ ਕਰਵਾਉਂਦਾ ਤਾਂ ਜਲ ਜੀਵਨ ਬਚਾਓ ਮੋਰਚੇ ਵੱਲੋਂ ਕੋਈ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਜਿਸਦਾ ਜਿੰਮੇਵਾਰ ਸੰਬੰਧਿਤ ਮਹਿਕਮਾ, ਜ਼ਿਲ੍ਹਾ ਪ੍ਰਸ਼ਾਸਨ ਅਤੇ ਮੌਜੂਦਾ ਸਰਕਾਰ ਹੋਵੇਗੀ। Faridkot Water Crisis