4 ਵਿਅਕਤੀਆਂ ਸਮੇਤ 2 ਔਰਤਾਂ ਸਮੇਤ 6 ਜਣੇ ਕੀਤੇ ਕਾਬੂ
International Drug Racket: (ਗੁਰਪ੍ਰੀਤ ਪੱਕਾ) ਫਰੀਦਕੋਟ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ) ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਨਸ਼ਾ ਤਸਕਰੀ ਨੈੱਟਵਰਕਾਂ ਵਿਰੁੱਧ ਯੋਜਨਾਬੱਧ ਅਤੇ ਸਰੋਤ-ਅਧਾਰਤ ਆਪ੍ਰੇਸ਼ਨ ਤਹਿਤ ਕਾਰਵਾਈ ਦੌਰਾਨ ਫਰੀਦਕੋਟ ਪੁਲਿਸ ਨੇ 2 ਮਹਿਲਾਵਾਂ ਸਮੇਤ 6 ਨਸ਼ਾ ਤਸਕਰਾਂ ਨੂੰ 4.804 ਕਿਲੋਗ੍ਰਾਮ ਹੈਰੋਇਨ ਅਤੇ 1 ਅਸਲੇ ਨਾਲ ਗ੍ਰਿਫ਼ਤਾਰ ਕਰਕੇ ਪਾਕਿਸਤਾਨ-ਅਧਾਰਤ ਤਸਕਰਾਂ ਵੱਲੋਂ ਚਲਾਏ ਜਾ ਰਹੇ ਅੰਤਰਰਾਸ਼ਟਰੀ ਡਰੱਗ ਕਾਰਟਲ ਦਾ ਪਰਦਾਫ਼ਾਸ਼ ਕੀਤਾ ਹੈ। ਇਹ ਜਾਣਕਾਰੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋਂ ਐਤਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ।
ਗ੍ਰਿਫਤਾਰ ਕੀਤੇ ਵਿਅਕਤੀ ਵਿੱਚ ਅਮਰਦੀਪ ਸਿੰਘ ਉਰਫ਼ ਬੋਕਸਰ ਅਤੇ ਡਿੰਪਲ ਰਾਣੀ ਜੋ ਕਿ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਿਤ ਹਨ, ਜਦੋਂਕਿ ਰਮਨਦੀਪ ਕੌਰ, ਸਰਬਜੀਤ ਸਿੰਘ ਉਰਫ਼ ਸੱਬਾ ਅਤੇ ਅੰਮ੍ਰਿਤਪਾਲ ਸਿੰਘ ਉਰਫ਼ ਅਭੀਜੋਤ ਜੋ ਕਿ ਮੋਗਾ ਜ਼ਿਲ੍ਹੇ ਦੇ ਰਿਹਾਇਸ਼ੀ ਹਨ। ਇਸ ਤੋਂ ਇਲਾਵਾ 1 ਹੋਰ ਵਿਅਕਤੀ ਜਰਨੈਲ ਸਿੰਘ ਉਰਫ਼ ਗੋਲਡੀ ਲੁਧਿਆਣਾ ਜ਼ਿਲ੍ਹਾ ਨਾਲ ਸਬੰਧਿਤ ਹੈ। ਪੁਲਿਸ ਪਾਰਟੀ ਵੱਲੋਂ ਮੁਲਜ਼ਮਾਂ ਕੋਲੋਂ 4 ਕਿਲੋ 804 ਗ੍ਰਾਮ ਹੈਰੋਇਨ, 1 ਪਿਸਟਲ .30 ਬੋਰ ਸਮੇਤ 03 ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਵੱਲੋਂ ਨਸ਼ੇ ਦੀ ਤਸਕਰੀ ਦੌਰਾਨ ਵਰਤੀ ਜਾ ਰਹੀ ਥਾਰ ਅਤੇ ਐਕਸ.ਯੂ.ਵੀ-500 ਵੀ ਕਬਜ਼ੇ ਵਿੱਚ ਲਿਆ ਗਿਆ ਹੈ।
ਇਹ ਵੀ ਪੜ੍ਹੋ: Punjab Budget 2026: ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ, ਮਹਿਲਾਵਾਂ ਲਈ ਖ਼ਾਸ ਹੋਵੇਗਾ ਇਹ ਬਜਟ
ਫਰੀਦਕੋਟ ਦੇ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਡਾ. ਪ੍ਰਗਿਆ ਜੈਨ ਨੇ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ 20-21 ਫਰਵਰੀ ਦੀ ਦਰਮਿਆਨੀ ਰਾਤ ਨੂੰ ਸੀ.ਆਈ.ਏ ਸਟਾਫ਼ ਫਰੀਦਕੋਟ ਦੀਆਂ ਟੀਮਾਂ ਨੇ ਗਰੀਨ ਐਵੀਨਿਊ ਨੂੰ ਜਾਣ ਵਾਲੀ ਸੜਕ ’ਤੇ ਖੜੀ ਇੱਕ ਥਾਰ ਗੱਡੀ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ। ਗੱਡੀ ਵਿੱਚ ਸਵਾਰ ਜਰਨੈਲ ਸਿੰਘ ਉਰਫ਼ ਗੋਲਡੀ, ਰਮਨਦੀਪ ਕੌਰ, ਸਰਬਜੀਤ ਸਿੰਘ ਉਰਫ਼ ਸੱਬਾ ਅਤੇ ਅੰਮ੍ਰਿਤਪਾਲ ਸਿੰਘ ਉਰਫ਼ ਅਭੀਜੋਤ ਦੀ ਡੀ.ਐਸ.ਪੀ (ਫਰੀਦਕੋਟ) ਤਰਲੋਚਨ ਸਿੰਘ ਦੀ ਨਿਗਰਾਨੀ ਹੇਠ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਗੱਡੀ ਦੀ ਅਗਲੀ ਕੰਡਕਟਰ ਸੀਟ ਦੇ ਪੈਰਾਂ ਵਾਲੇ ਹਿੱਸੇ ’ਚ ਪਏ ਇੱਕ ਕਿੱਟ ਬੈਗ ਵਿੱਚੋਂ 1 ਕਿਲੋ 8 ਗ੍ਰਾਮ ਹੈਰੋਇਨ ਅਤੇ 30,000 ਰੁਪਏ ਡਰੱਗ ਮਨੀ ਬਰਾਮਦ ਹੋਈ। ਇਸ ਉਪਰੰਤ ਚਾਰੋਂ ਵਿਅਕਤੀਆਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।
ਗ੍ਰਿਫਤਾਰ ਵਿਅਕਤੀਆਂ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਨਸ਼ੇ ਦੀ ਖੇਪ ਅਮਰਦੀਪ ਸਿੰਘ ਉਰਫ਼ ਬੌਕਸਰ ਵੱਲੋਂ ਆਪਣੀ ਐਕਸਯੂਵੀ-500 ਗੱਡੀ ਰਾਹੀਂ ਮੁਹੱਈਆ ਕਰਵਾਈ ਗਈ ਸੀ, ਜਿਸ ਦੇ ਬਦਲੇ 2 ਲੱਖ 60 ਹਜ਼ਾਰ ਰੁਪਏ ਅਦਾ ਕੀਤੇ ਗਏ ਸਨ। ਜਿਸ ਤੋਂ ਬਾਅਦ ਅਮਰਦੀਪ ਸਿੰਘ ਉਰਫ਼ ਬੌਕਸਰ ਨੂੰ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਉਸਦੀ ਭਾਲ ਸ਼ੁਰੂ ਕੀਤੀ ਗਈ। ਇਸ ਦੌਰਾਨ ਇੰਸਪੈਕਟਰ ਅਮਰਿੰਦਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਫਰੀਦਕੋਟ, ਨੇ ਪੁਲਿਸ ਪਾਰਟੀ ਸਮੇਤ ਇਨ੍ਹਾਂ ਵਿਅਕਤੀਆਂ ਦਾ ਪਿੱਛਾ ਕਰਦੇ ਹੋਏ ਪਿੰਡ ਗੋਲੇਆਣਾ ਸੇਮਨਾਲਾ ਨੇੜੇ ਉਸਨੂੰ ਉਸਦੀ ਕਾਰ ਅਤੇ ਇਕ ਮਹਿਲਾ ਡਿੰਪਲ ਰਾਣੀ ਸਮੇਤ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 5 ਪੁਲੰਦੇ ਬਰਾਮਦ ਹੋਏ, ਜਿਨ੍ਹਾਂ ਵਿੱਚੋਂ ਕੁੱਲ 3 ਕਿਲੋ 796 ਗ੍ਰਾਮ ਹੈਰੋਇਨ ਮਿਲੀ। ਇਸ ਦੇ ਨਾਲ ਹੀ .30 ਬੋਰ ਦਾ ਇੱਕ ਪਿਸਟਲ ਅਤੇ 3 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ। International Drug Racket
ਨਸ਼ਾ ਤਸਕਰੀ ਦਾ ਨੈਟਵਰਕ ਪਾਕਿਸਤਾਨ ਆਧਾਰਿਤ ਹੈਂਡਲਰਾਂ ਨਾਲ ਮਿਲ ਕੇ ਚਲਾਇਆ ਜਾ ਰਿਹਾ ਸੀ
ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਵਿਅਕਤੀਆਂ ਵੱਲੋਂ ਨਸ਼ਾ ਤਸਕਰੀ ਦਾ ਨੈਟਵਰਕ ਪਾਕਿਸਤਾਨ ਆਧਾਰਿਤ ਹੈਂਡਲਰਾਂ ਨਾਲ ਮਿਲ ਕੇ ਚਲਾਇਆ ਜਾ ਰਿਹਾ ਸੀ, ਜਿਨ੍ਹਾਂ ਵੱਲੋ ਡਰੋਨ ਰਾਹੀਂ ਵੱਡੇ ਪੱਧਰ ’ਤੇ ਹੈਰੋਇਨ ਦੀ ਖੇਪ ਭਾਰਤੀ ਇਲਾਕੇ ਵਿੱਚ ਭੇਜੀ ਗਈ ਸੀ, ਜਿਸ ਨੂੰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਅੱਗੇ ਹੋਰ ਤਸਕਰਾਂ ਨੂੰ ਸਪਲਾਈ ਕੀਤਾ ਜਾਣਾ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ-ਅਧਾਰਤ ਹੈਂਡਲਰਾਂ ਨਾਲ ਜੁੜੇ ਹੋਰ ਮੁਲਜ਼ਮਾਂ ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪਹਿਲਾਂ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਪਾਕਿਸਤਾਨ ਸਥਿਤ ਤਸਕਰਾਂ ਦੇ ਸੰਪਰਕ ਵਿੱਚ ਸਨ, ਜੋ ਕਿ ਇੱਕ ਵੱਡੇ ਅੰਤਰ-ਰਾਸ਼ਟਰੀ ਤਸਕਰੀ ਨੈੱਟਵਰਕ ਵੱਲ ਇਸ਼ਾਰਾ ਕਰਦੇ ਹਨ।
ਗ੍ਰਿਫ਼ਤਾਰ ਅਮਰਦੀਪ ਸਿੰਘ ਉਰਫ਼ ਬੋਕਸਰ, ਜੋ ਕਿ ਪੀ.ਏ.ਪੀ ਕਾਡਰ ਦਾ ਬਰਖ਼ਾਸਤ ਕਰਮਚਾਰੀ
ਜਦੋਂ ਇਨ੍ਹਾਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਅਮਰਦੀਪ ਸਿੰਘ ਉਰਫ ਬੋਕਸਰ ਖਿਲਾਫ ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਕੁੱਲ 9 ਮਾਮਲੇ ਪਹਿਲਾ ਵੀ ਦਰਜ ਹਨ, ਇਸ ਦੇ ਨਾਲ ਹੀ ਇਸ ਗਿਰੋਹ ਵਿੱਚ ਸ਼ਾਮਿਲ ਵਿਅਕਤੀਆਂ ਖਿਲਾਫ ਵੀ 3 ਮੁਕੱਦਮੇ ਦਰਜ ਰਜਿਸਟਰ ਹਨ। ਇਸ ਤੋਂ ਇਲਾਵਾ ਇੱਥੇ ਇਹ ਵੀ ਦੱਸਣਯੋਗ ਹੈ ਕਿ ਗ੍ਰਿਫ਼ਤਾਰ ਅਮਰਦੀਪ ਸਿੰਘ ਉਰਫ਼ ਬੋਕਸਰ, ਜੋ ਕਿ ਪੀ.ਏ.ਪੀ ਕਾਡਰ ਦਾ ਬਰਖ਼ਾਸਤ ਕਰਮਚਾਰੀ ਹੈ।
ਇਸ ਤੋਂ ਇਲਾਵਾ ਇਸ ਦਾ ਇਕ ਹੋਰ ਸਾਥੀ ਜਰਨੈਲ ਸਿੰਘ ਉਰਫ਼ ਗੋਲਡੀ ਹੈ, ਜੋ ਫੌਜ ਵਿੱਚ ਡਿਊਟੀ ਕਰ ਰਿਹਾ ਹੈ। ਇਸ ਤੋਂ ਇਲਾਵਾ ਗ੍ਰਿਫਤਾਰ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ ਹੈ ਤਾਂ ਜੋ ਮੁਲਜ਼ਮਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਪੁੱਛਗਿੱਛ ਕੀਤੀ ਜਾ ਸਕੇ। ਇਸ ਸਬੰਧੀ ਥਾਣਾ ਸਿਟੀ ਫ਼ਰੀਦਕੋਟ ਵਿਖੇ ਐਨ.ਡੀ.ਪੀ.ਐਸ ਐਕਟ ਦੀ ਧਾਰਾ 21 (ਸੀ) ਅਤੇ 27(ਏ) ਤਹਿਤ ਐਫ.ਆਈ.ਆਰ ਨੰਬਰ 95 ਕੇਸ ਦਰਜ ਕੀਤਾ ਗਿਆ ਹੈ। International Drug Racket














