Thief Gang Busted: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡੀਜੀਪੀ ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਖਿਲਾਫ ਜੀਰੋ ਟਾਲੇਂਰਸ ਨੀਤੀ ਤਹਿਤ ਕਾਰਵਾਈ ਕਰਦੇ ਹੋਏ ਫਰੀਦਕੋਟ ਪੁਲਿਸ ਵੱਲੋਂ ਸ਼੍ਰੀਮਤੀ ਨਿਲਾਬਰੀ ਜਗਦਲੇ ਆਈ.ਜੀ ਫਰੀਦੋਕਟ ਰੇਂਜ ਦੀ ਰਹਿਨੁਮਾਈ ਹੇਠ ਇੱਕ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਵੱਡੇ ਅੰਤਰ-ਜ਼ਿਲ੍ਹਾ ਸ਼ਾਤਿਰ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤੀ ਨਗਦੀ ਅਤੇ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਇਹ ਜਾਣਕਾਰੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋਂ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਮੰਗਲ ਸਿੰਘ ਉਰਫ ਅਕਾਸ਼ (ਵਾਸੀ ਫਿਰੋਜ਼ਪੁਰ), ਨਿਰਮਲਾ ਦੇਵੀ (ਵਾਸੀ ਫਿਰੋਜ਼ਪੁਰ), ਰੀਟਾ ਰਾਣੀ (ਵਾਸੀ ਫਾਜ਼ਿਲਕਾ), ਪੱਪੂ ਸਿੰਘ ਉਰਫ ਤੋਤੀ (ਵਾਸੀ ਫਾਜ਼ਿਲਕਾ), ਸੀਤਾ ਰਾਣੀ (ਜ਼ਿਲ੍ਹਾ ਫਿਰੋਜ਼ਪੁਰ) ਅਤੇ ਵੀਰ ਸਿੰਘ ਉਰਫ ਵੀਰੂ (ਵਾਸੀ ਫਿਰੋਜ਼ਪੁਰ) ਵਜੋ ਹੋਈ ਹੈ। ਪੁਲਿਸ ਪਾਰਟੀ ਵੱਲੋਂ ਵਿਅਕਤੀਆਂ ਕੋਲੋਂ ਚੋਰੀ ਕੀਤੇ 2 ਲੱਖ 20 ਹਜ਼ਾਰ ਰੁਪਏ ਅਤੇ ਚੋਰੀ ਕੀਤਾ .32 ਬੋਰ ਰਿਵਾਲਵਰ ਵੀ ਬਰਾਮਦ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਿਕ 7 ਫਰਵਰੀ ਨੂੰ ਜੈਤੋ ਵਿਖੇ ਮੌਜੂਦ ਤੇਲ ਦੀ ਫੈਕਟਰੀ ਵਿੱਚੋ 15 ਲੱਖ 50 ਹਜ਼ਾਰ ਰੁਪਏ ਨਗਦ ਅਤੇ ਇੱਕ ਰਿਵਾਲਵਰ .32 ਬੋਰ ਤੇ ਕੁੱਝ ਜ਼ਰੂਰੀ ਦਸਤਾਵੇਜ਼ ਚੋਰੀ ਹੋਣ ਘਟਨਾ ਬਾਰੇ ਜਾਣਕਾਰੀ ਹਾਸਿਲ ਹੋਈ ਸੀ। ਜਿਸ ਸਬੰਧੀ ਥਾਣਾ ਜੈਤੋ ਵਿਖੇ ਮੁਕੱਦਮਾ ਨੰਬਰ 29 ਅ/ਧ 331(4), 305 ਬੀ.ਐਨ.ਐਸ ਦਰਜ ਰਜਿਸਟਰ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ। ਜਿਸ ਦੌਰਾਨ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਇਕਬਾਲ ਸਿੰਘ ਡੀ.ਐਸ.ਪੀ ਜੈਤੋ ਅਤੇ ਅਵਤਾਰ ਸਿੰਘ ਡੀ.ਐਸ.ਪੀ(ਇੰਨਵਸੈਟੀਗੇਸ਼ਨ) ਫਰੀਦਕੋਟ ਦੀ ਨਿਗਰਾਨੀ ਹੇਠ ਥਾਣਾ ਜੈਤੋ ਅਤੇ ਸੀ.ਆਈ.ਏ ਸਟਾਫ ਦੀਆ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਵਿਅਕਤੀਆਂ ਦਾ ਭਾਲ ਸ਼ੁਰੂ ਕੀਤੀ ਗਈ। ਜਿਸ ਦੌਰਾਨ ਟੈਕਨੀਕਲ ਇੰਨਪੁੱਟ ਅਤੇ ਹਿਊਮਨ ਇੰਟੈਲੀਜੈਸ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਇਸ ਵਿੱਚ ਸ਼ਾਮਿਲ ਮੰਗਲ ਸਿੰਘ ਉਰਫ ਅਕਾਸ਼ (ਵਾਸੀ ਫਿਰੋਜਪੁਰ), ਨਿਰਮਲਾ ਦੇਵੀ (ਵਾਸੀ ਫਿਰੋਜਪੁਰ), ਰੀਟਾ ਰਾਣੀ (ਵਾਸੀ ਫਾਜ਼ਿਲਕਾ) ਨੂੰ 20 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ: Air Show Jaipur: ਸੂਰਿਆ ਕਿਰਨ ਅਤੇ ਸਾਰੰਗ ਨੇ ਆਪਣੇ ਸ਼ਾਨਦਾਰ ਸਟੰਟ ਨਾਲ ਜੈਪੁਰ ਦੇ ਲੋਕਾਂ ਨੂੰ ਕੀਤਾ ਰੋਮਾਂਚਿਤ
ਜਿਸ ਉਪਰੰਤ ਇਸ ਵਿੱਚ ਸ਼ਾਮਲ 3 ਹੋਰ ਵਿਅਕਤੀ ਪੱਪੂ ਸਿੰਘ ਉਰਫ ਤੋਤੀ (ਵਾਸੀ ਫਾਜ਼ਿਲਕਾ), ਸੀਤਾ ਰਾਣੀ (ਜ਼ਿਲ੍ਹਾ ਫਿਰੋਜ਼ਪੁਰ) ਅਤੇ ਵੀਰ ਸਿੰਘ ਉਰਫ ਵੀਰੂ (ਵਾਸੀ ਫਿਰੋਜ਼ਪੁਰ) ਨੂੰ ਵੀ ਮਿਤੀ 21 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਮੁਲਜ਼ਮਾਂ ਕੋਲੋਂ ਜੈਤੋ ਦੀ ਫੈਕਟਰੀ ਵਿੱਚੋਂ ਚੋਰੀ ਕੀਤੇ 2 ਲੱਖ 20 ਹਜਾਰ ਰੁਪਏ ਅਤੇ ਚੋਰੀ ਕੀਤਾ .32 ਬੋਰ ਰਿਵਾਲਵਰ ਵੀ ਬਰਾਮਦ ਕੀਤਾ ਗਿਆ।
ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਸੁਰੂਆਤੀ ਜਾਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਇੱਕ ਸ਼ਾਤਿਰ ਚੋਰ ਗਿਰੋਹ ਸੀ, ਜੋ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦਾ ਸੀ, ਇਹ ਵਿੱਚ ਸ਼ਾਮਲ ਮਹਿਲਾਵਾ ਵੱਲੋਂ ਦਿਨ ਸਮੇਂ ਫੈਕਟਰੀਆਂ, ਦੁਕਾਨਾਂ ਅਤੇ ਘਰਾਂ ਦੀ ਜਾਸੂਸੀ ਕੀਤੀ ਜਾਂਦੀ ਸੀ, ਜਿਸ ਉਪਰੰਤ ਰਾਤ ਸਮੇਂ ਮੁਲਜ਼ਮਾਂ ਵੱਲ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਾਦਾ ਸੀ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਰੋਚਿਕ ਗੱਲ ਇਹ ਸੀ ਕਿ ਇਸ ਗਿਰੋਹ ਇੰਨਾ ਸ਼ਾਤਿਰ ਸੀ ਕਿ ਇਨ੍ਹਾਂ ਵੱਲੋਂ ਤਫਤੀਸ਼ ਨੂੰ ਗੁੰਮਰਾਹ ਕਰਨ ਲਈ ਚੋਰੀ ਦੌਰਾਨ ਕੈਮਰਿਆਂ ਵਿੱਚ ਜਾਣ ਬੁੱਝ ਕੇ ਆਪਣੇ ਮੋਬਾਇਲ ਫੋਨਾਂ ਦੀ ਵਰਤੋਂ ਕਰਨ ਦਾ ਦਿਖਾਵਾ ਕੀਤਾ ਗਿਆ, ਜੋ ਕਿ ਅਸਲ ਵਿੱਚ ਏਅਰਪਲੇਨ ਮੋਡ ’ਤੇ ਰੱਖੇ ਹੋਏ ਸਨ। ਇਸ ਤੋਂ ਇਲਾਵਾ ਵਿਅਕਤੀਆਂ ਵੱਲੋ ਖੱਬੀ ਲੱਤ ਵਿੱਚ ਸਰੀਰਕ ਤੌਰ ’ਤੇ ਅਪਾਹਜ਼ ਬਣ ਕੇ ਜਾਂਚ ਨੂੰ ਭਟਕਾਉਣ ਦੀ ਦੀ ਕੋਸ਼ਿਸ਼ ਕੀਤੀ ਗਈ। Thief Gang Busted
ਗਿਰੋਹ ਵੱਲੋਂ ਪਹਿਲਾ ਵੀ ਫਿਰੋਜ਼ਪੁਰ ਤੇ ਮੋਗਾ ਜ਼ਿਲ੍ਹੇ ਅੰਦਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ
ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਵੱਲੋਂ ਪਹਿਲਾ ਵੀ ਫਿਰੋਜਪੁਰ ਅਤੇ ਮੋਗਾ ਜਿਲ੍ਹੇ ਅੰਦਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਜੈਤੋ ਵਿਖੇ ਚੋਰੀ ਦੀ ਵਾਰਦਾਤ ਦੌਰਾਨ ਵਰਤੀ ਗੱਡੀ ਵੀ ਇਹਨਾ ਵੱਲੋਂ ਫਿਰੋਜ਼ਪੁਰ ਵਿੱਚੋਂ ਚੋਰੀ ਕੀਤੀ ਗਈ ਸੀ। ਇਸ ਦੇ ਨਾਲ ਹੀ ਇਹਨਾਂ ਵੱਲੋ ਜੈਤੋ ਵਿਖੇ ਸ਼ਥਿਤ ਇੱਕ ਹੋਰ ਫੈਕਟਰੀ ਵਿੱਚ ਵੀ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾਈ ਜਾ ਰਹੀ ਸੀ। Thief Gang Busted
ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਇਸ ਗਿਰੋਹ ਵਿੱਚ ਸ਼ਾਮਿਲ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਕਾਰਵਾਈਆਂ ਜਾਰੀ ਹਨ ਅਤੇ ਉਹਨਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਗ੍ਰਿਫਤਾਰ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ। ਰਿਮਾਂਡ ਹਾਸਿਲ ਕਰਨ ਉਪਰੰਤ ਵਿਅਕਤੀਆਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜਿਸ ਦੌਰਾਨ ਇਹਨਾਂ ਤੋਂ ਹੋਰ ਵੀ ਵਾਰਦਾਤਾਂ ਟਰੇਸ ਹੋਣ ਦੀ ਉਮੀਦ ਹੈ।














