ਗਿਰੋਹ ’ਚ ਸ਼ਾਮਲ 8 ਵਿਅਕਤੀਆਂ ਨੂੰ ਚੋਰੀ ਕੀਤਾ ਸਮਾਨ ਤੇ 2 ਕਾਰਾਂ ਸਮੇਤ ਕੀਤਾ ਕਾਬੂ
Thieves Gang Busted: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਨੂੰ ਇੱਕ ਸੁਰੱਖਿਅਤ ਜ਼ਿਲ੍ਹਾ ਬਣਾਈ ਰੱਖਣ ਦੇ ਯਤਨਾਂ ਸਦਕਾ ਮਾੜੇ ਅਨਸਰਾਂ ਖ਼ਿਲਾਫ਼ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਸ਼੍ਰੀ ਸੰਦੀਪ ਕੁਮਾਰ ਐਸ.ਪੀ (ਇੰਨਵੈਸਟੀਗੇਸ਼ਨ) ਫ਼ਰੀਦਕੋਟ ਦੀ ਰਹਿਨੁਮਾਈ ਹੇਠ ਇੱਕ ਹੋਰ ਸਫਲਤਾ ਹਾਸਿਲ ਕਰਦੇ ਹੋਏ ਫਰੀਦਕੋਟ ਪੁਲਿਸ ਵੱਲੋਂ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਇੱਕ ਵੱਡੇ ਚੋਰ ਗਿਰੋਹ ਵਿੱਚ ਸ਼ਾਮਲ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਮਨਵਿੰਦਰ ਬੀਰ ਸਿੰਘ ਐਸ.ਪੀ (ਸਥਾਨਿਕ) ਫਰੀਦਕੋਟ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ।
ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਪਹਿਚਾਣ ਵਿਲੀਅਮ, ਜੋਰਾ ਬਾਬਾ, ਯੁਵਰਾਜ, ਅਰਸ਼ਦੀਪ ਸਿੰਘ, ਸ਼ਿਵਮ ਉਰਫ ਸ਼ਿੱਬੂ ਅਤੇ ਅਕਾਸ਼ ਵਜੋਂ ਹੋਈ ਹੋਈ ਹੈ, ਜੋ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਰਿਹਾਇਸ਼ੀ ਹਨ 02 ਮੁਲਜ਼ਮ ਅਮਰੀਕ ਸਿੰਘ ਉਰਫ ਅਮਰੀਕਾ ਅਤੇ ਲਵਪ੍ਰੀਤ ਸਿੰਘ ਜੋ ਕਿ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ। ਪੁਲਿਸ ਪਾਰਟੀ ਵੱਲੋਂ ਮੁਲਜ਼ਮਾਂ ਕੋਲੋਂ 3 ਇੰਨਵਰਟਰ ਬੈਟਰੇ, 01 ਇੰਨਵਰਟਰ, 01 ਏ.ਸੀ ਸਮੇਤ ਸਟੈਪਲਾਈਜਰ, 02 ਐਲ.ਈ.ਡੀ, 01 ਸਕਾਰਪੀਓ ਕਾਰ ਅਤੇ 01 ਇਨੋਵਾ ਕਾਰ ਅਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਇਨੋਵਾ ਕਾਰ ਅਤੇ ਤੇਜ਼ਧਾਰ ਹਥਿਆਰ ਵੀ ਬਰਾਮਦ
ਜਾਣਕਾਰੀ ਮੁਤਾਬਿਕ, 19 ਅਤੇ 20 ਅਗਸਤ ਦੀ ਦਰਮਿਆਨੀ ਰਾਤ ਨੂੰ ਇੱਕ ਅਣਪਛਾਤੇ ਚੋਰ ਗਿਰੋਹ ਵੱਲੋਂ ਸੇਠੀਆ ਵਾਲਾ ਮੁਹੱਲਾ ਫ਼ਰੀਦਕੋਟ ਵਿੱਚ 02 ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰ ਪਿਆ ਸਮਾਨ ਅਤੇ ਨਗਦੀ ਚੋਰੀ ਕੀਤੀ ਗਈ ਸੀ। ਜਿਸ ਵਿੱਚ ਸੇਖ ਫਰੀਦ ਮੈਡੀਕਲ ਸਟੋਰ ਵਿੱਚੋ 01 ਇੰਨਵਰਟਰ ਸਮੇਤ ਬੈਟਰਾ, ਡੀ.ਵੀ.ਆਰ. 01 ਆਈ ਫੋਨ, 35 ਹਜ਼ਾਰ ਰੁਪਏ ਅਤੇ ਗਨਪਤੀ ਪ੍ਰੋਪਰਟੀ ਐਡਵਾਈਜਰ ਵਿੱਚੋਂ 01 ਐਲ.ਈ.ਡੀ ਅਤੇ 15 ਹਜਾਰ ਰੁਪਏ ਚੋਰੀ ਕੀਤੇ ਗਏ ਸਨ। ਜਿਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਮਕੱਦਮਾ ਨੰਬਰ 361 ਅ/ਧ 331/(4), 305 ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ। Thieves Gang Busted
ਜਿਸ ’ਤੇ ਫ਼ਰੀਦਕੋਟ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਐਸ.ਪੀ ( ਇੰਨਵੈਸਟੀਗੇਸ਼ਨ ) ਫ਼ਰੀਦਕੋਟ ਸ਼੍ਰੀ ਸੰਦੀਪ ਕੁਮਾਰ ਦੀ ਦੇਖ-ਰੇਖ ਹੇਠ ਸ਼੍ਰੀ ਤਰਲੋਚਨ ਸਿੰਘ ਡੀ.ਐਸ.ਪੀ ( ਸ.ਡ ) ਫਰੀਦਕੋਟ ਦੀ ਨਿਗਰਾਨੀ ਹੇਠ ਥਾਣਾ ਸਿਟੀ ਫਰੀਦਕੋਟ ਅਤੇ ਸੀ.ਆਈ.ਏ ਸਟਾਫ ਫਰੀਦਕੋਟ ਦੀਆਂ ਵਿਸ਼ੇਸ਼ ਪੁਲਿਸ ਟੀਮਾਂ ਬਣਾਈਆਂ ਗਈਆਂ। ਜਿਹਨਾਂ ਵੱਲੋ ਟੈਕਨੀਕਲ ਇੰਨਪੁੰਟ ਅਤੇ ਹਿਊਮਨ ਇੰਟੈਲੀਜੈਸ ਦੇ ਅਧਾਰ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਕਾਰਵਾਈ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ: CBI Raid: CBI ਨੇ ਅਨਿਲ ਅੰਬਾਨੀ ਦੀ ਆਰਕਾਮ ’ਤੇ 2000 ਕਰੋੜ ਦੀ ਬੈਂਕ ਧੋਖਾਧੜੀ ਦਾ ਮਾਮਲਾ ਕੀਤਾ ਦਰਜ਼
ਜਿਸ ਉਪਰੰਤ ਕੇਸ ਦੀ ਜਾਚ ਦੌਰਾਨ ਇਹ ਇੰਨਪੁੰਟ ਮਿਲੀ ਕਿ ਇੱਕ ਸਰਗਰਮ ਚੋਰ ਗਿਰੋਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹੈ। ਜਿਸ ਦੇ ਅਧਾਰ ’ਤੇ ਤੁਰੰਤ ਕਾਰਵਾਈ ਕਰਦੇ ਹੋਏ, ਫਰੀਦਕੋਟ ਪੁਲਿਸ ਦੀਆਂ ਖਾਸ ਟੀਮਾਂ ਨੇ ਛਾਪੇਮਾਰੀ ਸ਼ੁਰੂ ਕੀਤੀ ਅਤੇ ਇਸ ਗਿਰੋਹ ਦੇ 05 ਮੈਬਰਾਂ ਵਿਲੀਅਮ, ਜੋਰਾ ਬਾਬਾ, ਯੁਵਰਾਜ ਸਿੰਘ ਉਰਫ ਜੱਗੂ, ਅਰਸ਼ਦੀਪ ਸਿੰਘ ਅਤੇ ਸ਼ਿਵਮ ਉਰਫ ਸ਼ਿੱਬੂ ਨੂੰ ਇੱਕ ਸਕਾਰਪੀਓ ਗੱਡੀ ਸਮੇਤ ਮਿਤੀ 22 ਅਗਸਤ ਦੀ ਰਾਤ ਨੂੰ ਦਾਣਾ ਮੰਡੀ ਫਰੀਦਕੋਟ ਵਿੱਚੋ ਉਸ ਸਮੇ ਗ੍ਰਿਫਤਾਰ ਕੀਤਾ ਜਦ ਇਹ ਇੱਕ ਸਕਾਰਪੀਓ ਗੱਡੀ ਵਿੱਚ ਸਵਾਰ ਹੋ ਕੇ ਕਿਸੇ ਚੋਰੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਇਸ ਦੇ ਨਾਲ ਹੀ ਗ੍ਰਿਫਤਾਰ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੇ ਅਧਾਰ ’ਤੇ 3 ਹੋਰ ਸਾਥੀਆਂ ਅਕਾਸ਼ ਉਰਫ ਰਾਜੂ, ਅਮਰੀਕ ਸਿੰਘ ਉਰਫ ਅਮਰੀਕਾ ਅਤੇ ਲਵਪ੍ਰੀਤ ਸਿੰਘ ਨੂੰ ਫਰੀਦਕੋਟ ਤੋਂ ਫਿਰੋਜ਼ਪੁਰ ਰੋਡ ਪਰ ਅਬਨੂਰ ਕਾਲਜ ਨਜ਼ਦੀਕ ਪੁੱਲ ਸੂਆ ਪਾਸੋ 01 ਇਨੋਵਾ ਗੱਡੀ ਸਮੇਤ ਗ੍ਰਿਫਤਾਰ ਕੀਤਾ ਗਿਆ।
ਸ਼੍ਰੀ ਮਨਵਿੰਦਰ ਬੀਰ ਸਿੰਘ ਐਸ.ਪੀ (ਸਥਾਨਿਕ) ਫਰੀਦਕੋਟ ਨੇ ਦੱਸਿਆ ਕਿ ਇਹਨਾ ਵਿੱਚੋ ਗ੍ਰਿਫਤਾਰ ਵਿਅਕਤੀ ਅਮਰੀਕ ਸਿੰਘ ਉਰਫ ਅਮਰੀਕਾ ਜੋ ਕਿ ਕਬਾੜ ਹੋਈਆ ਗੱਡੀਆਂ ਨੂੰ ਨਸ਼ਟ ਕਰਨ ਦਾ ਕੰਮ ਕਰਦਾ ਹੈ। ਜਿਸ ਵੱਲੋਂ ਇਸ ਗਿਰੋਹ ਨੂੰ ਕਬਾੜ ਲਈ ਆਈਆਂ ਹੋਈਆਂ ਕਾਰਾਂ ਚੋਰੀ ਦੀਆਂ ਵਾਰਦਾਤਾਂ ਕਰਨ ਲਈ ਮੁਹੱਇਆ ਕਰਵਾਈਆ ਜਾਂਦੀਆਂ ਸਨ ਅਤੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਇਹ ਉਸ ਨੂੰ ਵਾਪਿਸ ਦੇ ਦਿੱਤੀਆਂ ਜਾਦੀਆਂ ਸਨ। ਮੁਲਜ਼ਮ ਅਮਰੀਕ ਸਿੰਘ ਉਰਫ ਅਮਰੀਕਾ ਦੇ ਖਿਲਾਫ ਪਹਿਲਾ ਵੀ ਚੋਰੀ ਦੀਆਂ ਵਾਰਦਾਤਾਂ ਸਬੰਧੀ ਕੁੱਲ 05 ਮੁਕੱਦਮੇ ਦਰਜ ਹਨ। Thieves Gang Busted
ਚੋਰਾਂ ਖਿਲਾਫ ਵੱਖ-ਵੱਖ ਜ਼ਿਲ੍ਹਿਆਂ ਅੰਦਰ ਚੋਰੀਆਂ, ਡਿਕੈਤੀ ਦੀ ਤਿਆਰੀ, ਅਸਲਾ ਐਕਟ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਕੁੱਲ 26 ਮੁਕੱਦਮੇ ਦਰਜ
ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਸ਼ਹਿਰ ਅੰਦਰ ਹੋਰ ਚੋਰੀ ਕਰਨ ਦੀ ਯੋਜਨਾ ਬਣਾ ਰਹੇ ਸੀ, ਜਿਸਨੂੰ ਕਿ ਫਰੀਦਕੋਟ ਪੁਲਿਸ ਨੇ ਨਾਕਾਮ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪੁਲਿਸ ਟੀਮਾਂ ਵੱਲੋਂ ਇਹਨਾਂ ਕੋਲੋਂ ਮਿਤੀ 19 ਅਤੇ 20 ਅਗਸਤ ਦੀ ਦਰਮਿਆਨੀ ਰਾਤ ਨੂੰ ਦੁਕਾਨਾਂ ਵਿੱਚੋੰ ਚੋਰੀ ਕੀਤਾ ਗਿਆ ਸਮਾਨ ਅਤੇ ਚੋਰੀ ਦੀ ਵਾਰਦਾਤ ਦੌਰਾਨ ਵਰਤੀ ਗਈ 01 ਇਨੋਵਾ ਕਾਰ ਅਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਸ ਤੋ ਇਲਾਵਾ ਹੋਰ ਜਾਚ ਜਾਰੀ ਜਾਰੀ ਹੈ ਅਤੇ ਹੋਰ ਵੀ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ।
ਐਸ.ਪੀ (ਸਥਾਨਿਕ) ਫਰੀਦਕੋਟ ਨੇ ਦੱਸਿਆ ਕਿ ਜਾਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਦੇ ਮੈਬਰ ਵੱਖ-ਵੱਖ ਜਿਲਿਆ ਅੰਦਰ ਚੋਰੀ ਦੀਆਂ ਵਾਰਦਾਤਾ ਨੂੰ ਅੰਜਾਮ ਦੇ ਚੁੱਕੇ ਹਨ ਅਤੇ ਇਹਨਾ ਦੇ ਖਿਲਾਫ ਵੱਖ-ਵੱਖ ਜ਼ਿਲ੍ਹਿਆਂ ਅੰਦਰ ਚੋਰੀਆਂ, ਡਿਕੈਤੀ ਦੀ ਤਿਆਰੀ, ਅਸਲਾ ਐਕਟ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਕੁੱਲ 26 ਮੁਕੱਦਮੇ ਦਰਜ ਰਜਿਸਟਰ ਹਨ। ਇਨ੍ਹਾਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।