Amrita Pritam: ਪ੍ਰਸਿੱਧ ਪੰਜਾਬੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਨੇ ਦੇਸ਼ ਵੰਡ ਵੇਲੇ ਹੋਏ ਖੂਨ-ਖਰਾਬੇ ਨੂੰ ਵੇਖ ਕੇ ਲਿਖੀ ਸੀ ਇਹ ਕਵਿਤਾ

Amrita Pritam

ਅੱਜ ਆਖਾਂ ਵਾਰਸ ਸ਼ਾਹ ਨੂੰ… | Amrita Pritam

ਅੱਜ ਆਖਾਂ ਵਾਰਸ ਸ਼ਾਹ ਨੂੰ, ਕਿਤੋਂ ਕਬਰਾਂ ਵਿੱਚੋਂ ਬੋਲ।
ਤੇ ਅੱਜ ਕਿਤਾਬੇ ਇਸ਼ਕ ਦਾ, ਕੋਈ ਅਗਲਾ ਵਰਕਾ ਫੋਲ।
ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ-ਲਿਖ ਮਾਰੇ ਵੈਣ।
ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਸ ਸ਼ਾਹ ਨੂੰ ਕਹਿਣ।
ਉੱਠ ਦਰਦਮੰਦਾਂ ਦਿਆ ਦਰਦੀਆਂ ਉੱਠ ਤੱਕ ਆਪਣਾ ਪੰਜਾਬ।
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ।
ਕਿਸੇ ਨੇ ਪੰਜਾਂ ਪਾਣੀਆਂ, ਵਿੱਚ ਦਿੱਤੀ ਜ਼ਹਿਰ ਰਲ਼ਾ
ਤੇ ਉਹਨਾਂ ਪਾਣੀਆਂ ਧਰਤ ਨੂੰ, ਦਿੱਤਾ ਪਾਣੀ ਲਾ (Amrita Pritam)

ਇਸ ਜਰਖੇਜ਼ ਜ਼ਮੀਨ ਦੇ, ਲੂੰ-ਲੂੰ ਫੁੱਟਿਆ ਜ਼ਹਿਰ
ਗਿੱਠ-ਗਿੱਠ ਚੜ੍ਹੀਆਂ ਲਾਲੀਆਂ, ਫੁੱਟ-ਫੁੱਟ ਚੜ੍ਹਿਆ ਕਹਿਰ
ਵਿਹੁ ਵਲਿੱਸੀ ਵਾ ਫਿਰ ਵਣ-ਵਣ ਵੱਗੀ ਜਾ
ਉਹਨੇ ਹਰ ਇੱਕ ਵਾਂਸ ਦੀ ਵੰਝਲੀ ਦਿੱਤੀ ਨਾਗ ਬਣਾ

Also Read : ਦਿੱਤੇ ਪੱਟ ਪਿਆਲੀ ਨੇ… ‘ਨਸ਼ੇ ਨਾਲ ਬਰਬਾਦ ਹੋਏ ਵਿਅਕਤੀ ਦੀ ਹੱਡਬੀਤੀ’

ਪਹਿਲਾ ਡੰਗ ਮਦਾਰੀਆਂ, ਮੰਤਰ ਗਏ ਗੁਆਚ
ਦੂਜੇ ਡੰਗ ਦੀ ਲੱਗ ਗਈ ਜਣੇ-ਖਣੇ ਨੂੰ ਲਾਗ
ਲਾਗਾਂ ਕੀਲੇ ਲੋਕ, ਮੂੰਹ ਬੱਸ ਫਿਰ ਡੰਗ ਹੀ ਡੰਗ
ਪਲੋ ਪਲੀ ਪੰਜਾਬ ਦੇ, ਨੀਲੇ ਪੈ ਗਏ ਅੰਗ

ਗਲਿਓਂ ਟੁੱਟੇ ਗੀਤ ਫਿਰ ਤ੍ਰਕਲਿਓਂ ਟੁੱਟੀ ਤੰਦ
ਤ੍ਰਿੰਜਣੋਂ ਟੁੱਟੀਆਂ ਸਹੇਲੀਆਂ, ਚਰੱਖੜੇ ਘੂਕਰ ਬੰਦ
ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ੍ਹ
ਸਣੇ ਡਾਲੀਆਂ ਪੀਂਘ ਅੱਜ ਪਿੱਪਲਾਂ ਦਿੱਤੀ ਤੋੜ

ਜਿੱਥੇ ਵਜਦੀ ਸੀ ਫੂਕ ਪਿਆਰ ਦੀ, ਵੇ ਉਹ ਵੰਝਲੀ ਗਈ ਗੁਆਚ।
ਰਾਂਝੇ ਦੇ ਸਭ ਵੀਰ ਅੱਜ, ਭੁੱਲ ਗਏ ਉਸ ਦੀ ਜਾਚ
ਧਰਤੀ ’ਤੇ ਲਹੂ ਵੱਸਿਆ, ਕਬਰਾਂ ਪਈਆਂ ਚੋਣ
ਪ੍ਰੀਤ ਦੀਆਂ ਸ਼ਾਹਜਾਦੀਆਂ, ਅੱਜ ਵਿੱਚ ਮਜ਼ਾਰਾਂ ਰੋਣ

ਅੱਜ ਸੱਭੇ ਕੈਦੋਂ ਬਣ ਗਏ, ਹੁਸਨ ਇਸ਼ਕ ਦੇ ਚੋਰ
ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਿਸ਼ ਸ਼ਾਹ ਇੱਕ ਹੋਰ
ਅੱਜ ਆਖਾਂ ਵਾਰਸ ਸ਼ਾਹ ਨੂੰ ਤੂੰਹੇਂ ਕਬਰਾਂ ਵਿੱਚੋਂ ਬੋਲ !
ਤੇ ਅੱਜ ਕਿਤਾਬੇ ਇਸ਼ਕ ਦਾ, ਕੋਈ ਅਗਲਾ ਵਰਕਾ ਫੋਲ!

Also Read : ਆਵੇ ਵਤਨ ਪਿਆਰਾ ਚੇਤੇ (ਬਾਬੂ ਰਜਬ ਅਲੀ)

LEAVE A REPLY

Please enter your comment!
Please enter your name here